ਮਨੁਖੀ ਅਧਿਕਾਰਾਂ ਦਾ ਮਸੀਹਾ ਸਰਦਾਰ ਜਸਵੰਤ ਸਿੰਘ ਖਾਲੜਾ

ਮਨੁਖੀ ਅਧਿਕਾਰਾਂ ਦਾ ਮਸੀਹਾ ਸਰਦਾਰ ਜਸਵੰਤ ਸਿੰਘ ਖਾਲੜਾ

ਦਲਬੀਰ ਸਿੰਘ ਪਤਰਕਾਰ  
(ਕਰਤਾ ‘ਨੇੜਿਓਂ ਡਿਠੇ ਸੰਤ ਭਿੰਡਰਾਵਾਲੇ’) 

ਸਿਖੀ ਦੇ ਬਾਨੀ ਬਾਬਾ ਨਾਨਕ ਸਾਹਿਬ ਨੇ ਮੂਲਮੰਤਰ ਦਾ ਉਚਾਰਣ ਕਰਕੇ ਗਿਆਨ ਦੇ ਪਖੋਂ ਕੁਜੇ ਵਿਚ ਸਮੁੰਦਰ ਬੰਦ ਕਰ ਦਿਤਾ। ਹਰੇਕ ਸਿਖ ਨੂੰ ਉਪਦੇਸ਼ ਕੀਤਾ ਕਿ ਉਹ ਇਸ ਮੂਲਮੰਤਰ, ਜਪੁ ਜੀ ਸਾਹਿਬ, ਆਸਾ ਦੀ ਵਾਰ ਤੇ ਸਮੁਚੀ ਗੁਰਬਾਣੀ ਵਿਚ ਕੀਤੀ ਗਈ ਵਿਆਖਿਆ ਦਾ ਸਿਮਰਨ ਕਰਕੇ ਹਰ ਸਮੇਂ ਆਪਣੀ ਨਿਮਾਣੀ ਹੋਂਦ ਨੂੰ ਚੇਤੇ ਰਖੇ। ਉਹ ਚੇਤੇ ਰਖੇ ਕਿ ਉਹ ਜੰਮਿਆ ਸੀ, ਉਸ ਨੇ ਮਰਨਾ ਵੀ ਹੈ। ਇਸ ਸਫਰ ਵਿਚ ਉਸਨੇ ਕਿਰਤ ਵੀ ਕਰਨੀ ਹੈ ਅਤੇ ਕਿਰਤ ਕਰਕੇ ਜੋ ਕੁਝ ਪ੍ਰਾਪਤ ਹੁੰਦਾ ਹੈ, ਉਸ ਨੂੰ ਵੰਡ ਛਕਣਾ ਹੈ। ਸਮਾਜ ਦਾ ਕੇਵਲ ਅੰਗ ਬਣ ਕੇ ਹੀ ਨਹੀਂ ਰਹਿਣਾ ਸਗੋਂ ਉਸ ਨੂੰ ਬਣਾਉਣ, ਸੰਵਾਰਨ ਲਈ ਸਦਾ ਤਤਪਰ ਰਹਿਣਾ ਹੈ। ਸਰਬਤ ਦਾ ਭਲਾ ਜਾਂ ‘ਸਭੇ ਸਾਝੀਵਾਲ ਸਦਾਇਨਿ ਤੂੰ ਕੋਈ ਨਾ ਦਿਸਹਿ ਬਾਹਰਾ ਜੀਉ’ ਦੇ ਮਾਰਗ ਉਤੇ ਚਲਦਾ ਹੋਇਆ ਵਿਅਕਤੀ ਸਿਰਦਾਰ ਕਪੂਰ ਸਿੰਘ ਦੇ ਕਥਨ ਅਨੁਸਾਰ ਆਪਣੇ ਨਿਜ ਨੂੰ ਛਡ ਕੇ ਕੇਵਲ ਤੇ ਕੇਵਲ ਸਚ ਨੂੰ ਸਮਰਪਿਤ ਹੋ ਜਾਵੇ ਤਾਂ ਉਹ ਖਾਲਸਾ ਹੋ ਨਿਬੜਦਾ ਹੈ।

ਉਹ ਭਾਗਾਂ ਵਾਲੇ ਮਨੁਖ ਕਹੇ ਜਾ ਸਕਦੇ ਹਨ, ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਰਾਹੀਂ ਆਪਣੀ ਚੇਤੰਨ ਸੋਝੀ ਅਧੀਨ ਸਿਖੀ ਦਾ ਮਾਰਗ ਚੁਣਨ ਦਾ ਅਵਸਰ ਮਿਲਿਆ। ਭਾਈ ਜਸਵੰਤ ਸਿੰਘ ਖਾਲੜਾ ਨੂੰ ਬਚਪਨ ਵਿਚ ਹੀ ਅਜਿਹਾ ਲੋਕ ਸੇਵਾ ਦਾ ਮਾਰਗ ਚੁਣਨ ਲਈ ‘ਗੁਰਪ੍ਰਸਾਦਿ’ ਸੁਭਾਗ ਪ੍ਰਾਪਤ ਹੋਇਆ। ਚੜ੍ਹਦੀ ਜਵਾਨੀ ਦੀ ਉਮਰੇ ਉਸ ਨੂੰ ‘ਮਾਰਕਸਵਾਦ’ ਨੇ ਖਿਚਿਆ। ਸਰਦਾਰ ਖਾਲੜਾ ਨਕਸਲਬਾੜੀ ਲਹਿਰ ਦਾ ਸਮਰਥਕ ਬਣਿਆ। ਹਥ ਵਿਚ ਝੋਲਾ ਫੜ ਧੂੜ ਭਰੇ ਰਾਹਾਂ ਉਤੇ ਪਿੰਡਾਂ ਦੇ ਚਕਰ ਕਢੇ। ਗਰੀਬਾਂ ਦੇ ਹੌਕਿਆਂ ਵਿਚ ਸਾਹ ਮਿਲਾਇਆ। ਕਿਧਰੇ-ਕਿਧਰੇ ਉਨ੍ਹਾਂ ਨਾਲ ਦੁਖ ਤਕਲੀਫਾਂ ਸਾਂਝੀਆਂ ਕੀਤੀਆਂ। ਪਰ ਮਾਰਕਸਵਾਦ ਦੇ ਠੇਕੇਦਾਰਾਂ ਨੇ ਉਸ ਦੇ ਕਾਰਜ ਨੂੰ ਕਿਸੇ ਉਸਾਰੂ ਰੂਪ ਵਿਚ ਵਿਚਰਨ ਨਾ ਦਿਤਾ। ਕੌਮਾਂਤਰੀ ਪਧਰ ਉਤੇ 1917 ਵਿਚ ਹੋਏ ਰੂਸੀ ਇਨਕਲਾਬ ਪਿਛੋਂ ਬਣੇ ਰਾਜਪ੍ਰਬੰਧ ਨੂੰ ਖੋਰਾ ਲਗਾ। ਕਚੇ ਵਿਸ਼ਵਾਸ ਤਿੜਕੇ ਅਤੇ ਅਗੇ ਚਲ ਕੇ ਨਕਸਲਬਾੜੀ ਲਹਿਰ ਦੇ ਕਈ ਟੋਟੇ ਹੋਏ। 

1978 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵਰਤਾਰਾ ਇਕ ਤੇਜ਼ ਝਖੜ ਵਾਂਗ ਪੰਜਾਬ ਤੇ ਸਿਖ ਭਾਈਚਾਰੇ ਉਪਰ ਛਾ ਗਿਆ। ਸ. ਖਾਲੜਾ ਨੇ ਵੀ ਆਪਣੇ ਇਕ ਸਾਥੀ ਨਾਲ ਪੰਜਾਬ ਦੇ ਪਿੰਡਾਂ ਦੇ ਚਕਰ ਕਢਣੇ ਆਰੰਭ ਕੀਤੇ। ਵਿਚਾਰਾਂ ਦੀ ਭਟਕਣ ਤੇ ਜੀਵਨ ਨੂੰ ਸਥਿਰ ਰਖਣ ਲਈ ਉਹ ਖਾਲੜੇ ਤੋਂ ਅੰਮ੍ਰਿਤਸਰ, ਚੰਡੀਗ਼ੜ੍ਹ, ਦਿਲੀ ਅਤੇ ਹੋਰ ਅਨੇਕ ਥਾਈਂ ਜਾਂਦੇ, ਮਿਤਰਾਂ ਨਾਲ ਵਿਚਾਰ ਸਾਂਝੇ ਕਰਦੇ। ਪੁਰਾਣਿਆਂ ਨਾਲੋਂ ਸੰਬੰਧ ਤੋੜੇ ਤੇ ਨਵੇਂ ਸੰਬੰਧ ਜੋੜੇ। 

ਇਹ ਸਭ ਕੁਝ ਕਿਉਂ ਵਾਪਰਿਆ? ‘ਗੁਰਪ੍ਰਸਾਦਿ’ ਸਦਕਾ ਇਕ ਟਿਟਿਮਾਉਂਦੀ ਰੋਸ਼ਨੀ ਉਨ੍ਹਾਂ ਨੂੰ ਖਿਚ ਪਾਉਂਦੀ ਸੀ ਅਤੇ ਉਸ ਰੌਸ਼ਨੀ ਦੀ ਭਾਲ ਉਨ੍ਹਾਂ ਕਰ ਲਈ। ਉਹ ਗੁਰਬਾਣੀ ਦੇ ਲੜ ਲਗ ਕੇ ਅੰਮ੍ਰਿਤਧਾਰੀ ਬਣ ਗਏ। ਹੁਣ ਮਜ਼ਦੂਰਾਂ, ਕਿਸਾਨਾਂ ਤੇ ਦੁਖੀ ਲੋਕਾਂ ਦੀਆਂ ਸਮਸਿਆਵਾਂ ਦਾ ਹਲ ਗੁਰਬਾਣੀ ਵਿਚੋਂ ਦਿਸਣ ਲਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਉਨ੍ਹਾਂ ਦੀ ਰੂਹ ਨੂੰ ਤ੍ਰਿਪਤ ਕਰਨ ਵਾਲੇ ਬਣ ਗਏ। ਗੁਰਬਾਣੀ ਵਿਚ ਅਟੁਟ ਸ਼ਰਧਾ ਪੂਰਨ ਦਲੀਲ ਦੇ ਆਧਾਰ ਉਤੇ ਉਨ੍ਹਾਂ ਨੂੰ ਰੌਸ਼ਨੀ ਦੇਣ ਲਗ ਪਈ। ਇਹ ਉਹ ਸਮਾਂ ਸੀ ਜਦ ਇਕ ਦੁਸ਼ਟ ਨੇ ਪੰਜਾਬ ਦੀ ਧਰਤੀ ਉਤੇ ਪੈਰ ਰਖਿਆ। ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ ਦੇ ਨਾਲ ਅਨੇਕ ਹੋਰ ਗੁਰਧਾਮਾਂ ਨੂੰ ਪਲੀਤ ਕਰ ਮਾਰਿਆ। ਵਡੀ ਪਧਰ ਉਤੇ ਸਿਖਾਂ ਦੀ ਨਸਲਕੁਸ਼ੀ ਆਰੰਭ ਹੋ ਗਈ। ਤਸੀਹਾ ਕੇਂਦਰ ਥਾਂ-ਥਾਂ ਹੋਂਦ ਵਿਚ ਆ ਗਏ। ਸਿਖਾਂ ਦੀ ਅਣਖ ਰੋਲਣ ਲਈ ਅਤੇ ਉਨ੍ਹਾਂ ਨੂੰ ਹੀਣਭਾਵਨਾ ਵਿਚ ਪ੍ਰਵੇਸ਼ ਕਰਵਾਉਣ ਲਈ ਕੇ ਪੀ ਐਸ ਗਿਲ ਨੇ ਡਿਊਟੀ ਸੰਭਾਲ ਲਈ। ਸ਼ਰਾਬੀ ਕਬਾਬੀ ਤੇ ਅਯਾਸ਼ ਲੋਕ ਅਜਿਹੇ ਸਮਿਆਂ ਵਿਚ ਸਰਕਾਰਾਂ ਦੇ ਬਹੁਤ ਕੰਮ ਆਉਂਦੇ ਹਨ। ਮਸਾ ਰੰਘੜ ਹੋਵੇ ਜਾਂ ਫਿਰ ਕੋਈ ਹੋਰ। ਇਹ ਇਕ ਅਜਿਹੀ ਪ੍ਰੰਪਰਾ ਹੈ, ਜਿਥੇ ਮਨੁਖੀ ਜਾਮੇ ਵਿਚ ਵਿਅਕਤੀ ਵਹਿਸ਼ੀ ਹੋ ਨਿਬੜਦਾ ਹੈ। ਇਜ਼ਹਾਰ ਆਲਮ, ਗੋਬਿੰਦ ਰਾਮ, ਜਸਮਿੰਦਰ ਸਿੰਘ, ਹਰਿੰਦਰ ਸਿੰਘ ਚਾਹਲ, ਨਰਿੰਦਰ ਸਿੰਘ, ਸਮੁੇਧ ਸੈਣੀ, ਸ਼ਿਵ ਕੁਮਾਰ ਜਾਂ ਰਾਜਨੀਤਕ ਖੇਤਰ ਵਿਚਲੇ ਐਚ ਕੇ ਐਲ ਭਗਤ, ਸੁਰਿੰਦਰਨਾਥ, ਜਗਦੀਸ਼ ਟਾਈਟਲਰ, ਸਜਣ ਕੁਮਾਰ ਜਾਂ ਰਾਜੀਵ ਗਾਂਧੀ ਇਹ ਸਾਰੇ ਇਸੇ ਹੀ ਤਾਂਡਵ ਨਾਚ ਦੇ ਖਲਨਾਇਕ ਹਨ। ਸ. ਖਾਲੜਾ ਇਨ੍ਹਾਂ ਦੇ ਤਾਂਡਵ ਨਾਚ ਨੂੰ ਦੇਖਦਾ ਵੀ ਸੀ, ਪਛਾਣਦਾ ਵੀ ਸੀ ਅਤੇ ਅੰਤ ਵਿਚ ਆਪ ਵੀ ਉਸ ਨੇ ਇਹ ਹੰਢਾਇਆ।

ਕੁਝ ਇਸ ਕਿਸਮ ਦੀ ਪਿਠ ਭੂਮੀ ਵਿਚ ਜਦ ਖਾਲੜਾ ਜੀ ਦੇ ਇਕ ਮਿਤਰ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ, ਗੁੰਮ ਹੋ ਗਏ ਤਾਂ ਸਾਧਾਰਨ ਢੰਗ ਨਾਲ ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪੁਲਿਸ ਮੁਕਾਬਲੇ ਦੀ ਗੱਲ ਕੰਨੀਂ ਪਈ। ਅੰਮ੍ਰਿਤਸਰ ਸ਼ਮਸ਼ਾਨਘਾਟ ਤੋਂ ਪਤਾ ਕਰਨ ਉਤੇ ਇਹ ਦੁੱਖਦਾਈ ਕਹਾਣੀ ਸਚੀ ਸਾਬਤ ਹੋਈ। ਅਗੇ ਜਾ ਕੇ ਉਸ ਮ੍ਰਿਤਕ ਮਨੁਖ ਦੇ ਇਕ ਹੋਰ ਸਾਥੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ। ਇਸੇ ਲੜੀ ਵਿਚ ਅਨੇਕ ਹੋਰ ‘ਅਣਪਛਾਤੀਆਂ ਲਾਸ਼ਾਂ’ ਦੇ ਸਸਕਾਰ ਦੀ ਗੱਲ ਧਿਆਨ ਵਿਚ ਆਈ। ਮਿਉਂਸਪਲ ਕਮੇਟੀ ਵਿਚੋਂ ਕਿੰਨੀਆਂ ਲਕੜਾਂ ਆਈਆਂ, ਕਲਰਕਾਂ ਨੇ ਉਨ੍ਹਾਂ ਵਿਚੋਂ ਕਿੰਨੀ ਰਿਸ਼ਵਤ ਖਾਧੀ ਤੇ ਫਿਰ ਤਰਨਤਾਰਨ ਤੇ ਪਟੀ ਦੇ ਸ਼ਮਸ਼ਾਨਘਾਟਾਂ ਵਿਚ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਹੋਏ, ਕਿੰਨੇ ਅਧ-ਸੜੇ ਮਨੁਖੀ ਅੰਗ ਕੁਤੇ ਵੀ ਖਾਂਦੇ ਰਹੇ। ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਖਾਲੜਾ ਜੀ ਆਪਣੀ ਡਾਇਰੀ ਵਿਚ ਕਲਮਬੰਦ ਕਰਦੇ ਗਏ। ਸ਼ਮਸ਼ਾਨਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਅਤੇ ਟਾਵੇਂ-ਟਾਵੇਂ ਮ੍ਰਿਤਕਾਂ ਦੇ ਨਾਂ ਪਤੇ ਵੀ ਉਨ੍ਹਾਂ ਦੇ ਹਥ ਆ ਗਏ। ਸਮਾਂ ਬਹੁਤ ਕਲਯੁਗੀ ਸੀ। ਕੇ ਪੀ ਐਸ ਗਿਲ ਦੇ ਜ਼ੁਲਮ ਵੀ ਕਿਸੇ ਮੀਰ ਮਨੂੰ ਨਾਲੋਂ ਘਟ ਨਹੀਂ ਸਨ। ਬੇਅੰਤ ਸਿੰਘ ਦੇ ਜ਼ੁਲਮੀ ਰਾਜ ਵਿਚ ਉਸ ਨੇ ਪੁਲਸੀ ਦਰਿੰਦਿਆਂ ਦੀ ਅਗਵਾਈ ਕੀਤੀ। ਜਿਹੜੇ ਗ੍ਰੋਹ ਇਸ ਲਈ ਸਿਰਜੇ ਹੋਏ ਸਨ, ਉਨ੍ਹਾਂ ਵਿਚੋਂ ਇਕ ਦੀ ਅਗਵਾਈ ਅਜੀਤ ਸਿੰਘ ਸੰਧੂ ਦੇ ਹਥ ਸੀ। 6 ਸਤੰਬਰ 1995 ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਅਤੇ ਪਲੋ ਪਲੀ ਦਿਨ ਵੇਲੇ ਸ. ਖਾਲੜਾ ਦੇ ਕਬੀਰ ਪਾਰਕ ਵਾਲੇ ਘਰ ਵਿਚੋਂ ਉਨ੍ਹਾਂ ਨੂੰ ਜ਼ਬਰਦਸਤੀ ਚੁਕ ਕੇ ਲੈ ਗਈ। 

ਕਾਰਣ? ਖਾਲ਼ੜਾ ਜੀ ਨੇ ‘ਅਣਪਛਾਤੀਆਂ ਲਾਸ਼ਾਂ’ ਦੀ ਕਹਾਣੀ ਜਗ ਜ਼ਾਹਰ ਕਰਦਿਆਂ ਅਮਰੀਕਾ, ਕਨੇਡਾ ਅਤੇ ਬਰਤਾਨੀਆ ਦੀਆਂ ਪਾਰਲੀਮੈਂਟਾਂ ਅਤੇ ਕੌਮਾਂਤਰੀ ਪਧਰ ਦੀਆਂ ਮਨੁਖੀ ਅਧਿਕਾਰ ਸੰਸਥਾਵਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਸਿਖ ਮ੍ਰਿਤਕਾਂ ਦੀਆਂ ਲਿਸਟਾਂ ਉਨ੍ਹਾਂ ਨੂੰ ਦੇ ਦਿਤੀਆਂ ਸਨ। ਥੋੜ੍ਹੀ ਜਹੀ ਰਾਜਨੀਤੀ ਵਰਤਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਨੁਖੀ ਅਧਿਕਾਰ ਸੰਸਥਾ ਦਾ ਜਨਰਲ ਸਕਤਰ ਬਣਾਈ ਰਖਿਆ।

ਸਮਾਜੀ ਜੀਵਨ ਵਿਚ ਕਈ ਅਵਸਰ ਅਜਿਹੇ ਆਉਂਦੇ ਹਨ ਜਦੋਂ ਦੁਸ਼ਟ ਤੋਂ ਦੁਸ਼ਟ ਵਿਅਕਤੀ ਵੀ ਆਪਣੇ ਆਪ ਨੂੰ ਖਤਰੇ ਵਿਚ ਘਿਰਿਆ ਹੋਇਆ ਦੇਖ ਕੇ ਲੋਕ ਲਾਜ ਨੂੰ ਮੁਖ ਰਖ ਕੇ ਆਪਣੀ ਰਾਖੀ ਦਾ ਉਪਰਾਲਾ ਕਰਦੇ ਹਨ। ਗਿਲ ਤੇ ਸੰਧੂ ਸਰਦਾਰ ਖਾਲੜੇ ਪਾਸੋਂ ਅਜਿਹੀ ਗਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ ‘ਅਣਪਛਾਤੀਆਂ ਲਾਸ਼ਾਂ’ ਦੀ ਕਹਾਣੀ ਉਤੇ ਪਰਦਾ ਪਾਇਆ ਜਾ ਸਕੇ। ਸਰਦਾਰ ਖਾਲੜੇ ਦੀ ਇਸ ਪੈਂਤੜੇ ਉਤੇ ਆ ਕੇ ਪਰਖ ਦੀ ਘੜੀ ਆ ਗਈ ਸੀ। ਕਾਮਰੇਡੀ ਜੀਵਨ ਆਰੰਭ ਕਰਕੇ ਸਿਖੀ ਦਾ ਰਸਤਾ ਫੜਦਿਆਂ ਹੀ ਉਹ ਖਾਲਸਾ ਤੋਂ ਸ਼ਹੀਦ ਹੋ ਨਿਬੜਿਆ। ਇਹ ਪਰਖ ਦੀ ਘੜੀ ਉਦੋਂ ਆਈ ਜਦੋਂ ਥਾਣਾ ਝਬਾਲ ਦੇ ਇਕ ਸੈਲ ਵਿਚ ਉਸ ਨੂੰ ਤਸੀਹੇ ਦਿਤੇ ਗਏ। ਗੱਲ ਸਿਰਫ ਏਨੀ ਸੀ ਕਿ ਸ. ਖਾਲੜੇ ਨੇ ‘ਅਣਪਛਾਤੀਆਂ ਲਾਸ਼ਾਂ’ ਅਤੇ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਜੋ ਕਿਹਾ ਹੈ, ਉਹ ਉਸ ਨੂੰ ਵਾਪਸ ਲੈ ਲਵੇ। ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਅਜੀਤ ਸਿੰਘ ਸੰਧੂ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਕੇ ਪੀ ਐਸ ਗਿਲ ਦੇ ਪੇਸ਼ ਕੀਤਾ ਤਾਂ ਸ. ਖਾਲੜਾ ਸਿਖੀ ਦੇ ਰਾਹ ਉਤੇ ਚਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁਕਾ ਸੀ। ਵਕਤ ਅਗੇ ਕੇਵਲ ਤੇ ਕੇਵਲ ਸ਼ਹਾਦਤ ਦਾ ਸੀ। ਇਹ ਉਹ ਮਾਰਗ ਸੀ ਜੋ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਛੋਟੇ ਸਾਹਿਬਜ਼ਾਦਿਆਂ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਅਤੇ ਅਨੇਕ ਹੋਰ ਸਿਖ ਸ਼ਹੀਦਾਂ ਨੇ ਪਹਿਲਾਂ ਹੀ ਸਿਖ ਇਤਿਹਾਸ ਵਿਚ ਸਿਰਜਿਆ ਹੈ।

ਸ. ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈਲ ਵਿਚ ਲਿਆਂਦਾ ਗਿਆ। ਇਕ ਗੋਲੀ ਦੀ ਆਵਾਜ਼ ਸੁਣਾਈ ਦਿਤੀ, ਲਾਸ਼ ਲਹੂ ਨਾਲ ਭਿਜ ਗਈ। ਦਰਿੰਦਿਆਂ ਨੇ ਲਾਸ਼ ਜਿਪਸੀ ਵਿਚ ਸੁਟੀ ਤੇ ਹਰੀ ਕੇ ਪਤਣ ਰਾਜਸਥਾਨ ਨਹਿਰ ਵਿਚ ਰੋੜ੍ਹ ਦਿਤੀ। ਆਪਣੀ ਆਤਮਾ ਦਾ ਕਸ਼ਟ ਦੂਰ ਕਰਨ ਲਈ ਹਰੀ ਕੇ ਪਤਣ ਦੇ ਰੈਸਟ ਹਾਊਸ ਵਿਚ ਰਜ ਕੇ ਸ਼ਰਾਬ ਪੀਤੀ ਅਤੇ ਸਮਝਿਆ ਇਹ ਗਿਆ ਕਿ ਕਹਾਣੀ ਮੁਕ ਗਈ ਹੈ। ਮੂਰਖਾਂ ਨੂੰ ਇਹ ਪਤਾ ਨਹੀਂ ਸੀ ਕਿ ਅਸਲੀ ਕਹਾਣੀ ਸ਼ਹੀਦ ਦੀ ਸ਼ਹੀਦੀ ਪਿਛੋਂ ਆਰੰਭ ਹੁੰਦੀ ਹੈ, ਜੋ ਮੁਕਦੀ ਨਹੀਂ ਸਗੋਂ ਲੰਮੇ ਸਮੇਂ ਤਕ ਲੋਕਾਈ ਵਿਚ ਕੂਕਦੀ ਰਹਿੰਦੀ ਹੈ। ਇਸੇ ਕੂਕ ਵਸ ਅਜੀਤ ਸਿੰਘ ਸੰਧੂ ਨੇ ਰੇਲ ਗੱਡੀ ਹੇਠ ਸਿਰ ਦਿਤਾ ਅਤੇ ਉਸ ਦੇ ਦੋ ਟੋਟੇ ਹੋ ਗਏ। ਇਸ ਨੇ ਕਦੀ ਇਕ ਸੰਤ ਬਾਬੇ ਨੂੰ ਦੋ ਜੀਪਾਂ ਨਾਲ ਇਕ-ਇਕ ਲਤ ਬੰਨ੍ਹ ਕੇ ਇਕ ਦੂਜੀ ਦੇ ਉਲਟ ਚਲਾ ਕੇ ਦੋਫਾੜ ਕੀਤਾ ਸੀ... ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ॥ (ਇਸੇ ਹੀ ਕੂਕ ਵਸ ਅੱਜ ਸੁਮੇਧ ਸੈਣੀ ਆਪਣੀ ਹੀ ਪੁਲਿਸ ਕੋਲੋ ਭਗੌੜਾ ਹੋਇਆ ਫਿਰਦਾ ਹੈ।)