ਗਲੋਬਲ ਵਾਰਮਿੰਗ ਨੂੰ ਰੋਕਣ ਲਈ ਕਾਰਬਨ ਡਾਇਆਕਸਾਈਡ ਘਟਾਉਣੀ ਪਵੇਗੀ

ਗਲੋਬਲ ਵਾਰਮਿੰਗ ਨੂੰ ਰੋਕਣ ਲਈ ਕਾਰਬਨ ਡਾਇਆਕਸਾਈਡ ਘਟਾਉਣੀ ਪਵੇਗੀ

ਗਰੀਨ ਹਾਊਸ ਗੈਸਾਂ

ਅੱਜ ਕੱਲ ਹਵਾ ਵਿਚਲੇ ਪ੍ਰਦੂਸ਼ਣ 'ਤੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ। ਭਾਵੇਂ ਸਾਡੇ ਦੇਸ਼ ਅਤੇ ਸੂਬੇ ਵਿਚ ਪਾਣੀ ਦਾ ਪ੍ਰਦੂਸ਼ਣ ਵੀ ਘੱਟ ਨਹੀਂ। ਪਰ ਚਰਚਾ ਜ਼ਿਆਦਾ ਹਵਾ ਦੇ ਪ੍ਰਦੂਸ਼ਣ ਦੀ ਹੈ। ਇਸ ਦਾ ਅਸਲ ਕਾਰਨ ਇਹ ਹੈ ਕਿ ਦੁਨੀਆ ਦੇ ਵਿਕਸਤ ਦੇਸ਼ ਹਵਾ ਵਿਚ ਵਧਦੀ ਕਾਰਬਨ ਅਤੇ ਉਸ ਨਾਲ ਵਧਦੇ ਧਰਤੀ ਦੇ ਤਾਪਮਾਨ ਤੋਂ ਚਿੰਤਤ ਹਨ। ਤਾਪਮਾਨ ਵਧਣ ਨਾਲ ਗਲੇਸ਼ੀਅਰ (ਬਰਫ਼ ਦੇ ਪਹਾੜ) ਪਿਘਲਣੇ ਸ਼ੁਰੂ ਹੋ ਗਏ ਹਨ। ਸੰਨ 1750 ਦੇ ਮੁਕਾਬਲੇ ਹੁਣ ਵਾਯੂਮੰਡਲ ਦਾ ਤਾਪਮਾਨ 1.10 ਸੈਂਟੀਗਰੇਡ ਵਧ ਗਿਆ ਹੈ ਜਿਹੜਾ 2050 ਤੱਕ 2.00 ਸੈਂਟੀਗਰੇਡ ਤੱਕ ਹੋ ਸਕਦਾ ਹੈ, ਜਿਸ ਨਾਲ ਗਲੇਸ਼ੀਅਰ ਪਿਘਲਣ ਕਰਕੇ ਦੁਨੀਆ ਦੇ ਕਈ ਸ਼ਹਿਰ ਸਮੁੰਦਰ ਵਿਚ ਡੁੱਬ ਜਾਣਗੇ। ਕੁਦਰਤੀ ਆਫ਼ਤਾਂ, ਤੇਜ਼ ਝੱਖੜ, ਤੂਫ਼ਾਨ, ਬੱਦਲ ਫਟਣੇ, ਹੜ੍ਹ ਆਉਣੇ ਅਤੇ ਸੋਕਾ ਪੈਣਾ, ਵਧਦੇ ਤਾਪਮਾਨ ਨਾਲ ਹੀ ਜੋੜ ਕੇ ਵੇਖਿਆ ਜਾਂਦਾ ਹੈ। ਇਸ ਦਾ ਕਾਰਨ ਹੈ ਵਾਯੂਮੰਡਲ ਵਿਚ ਵਧਦੀਆਂ ਗਰੀਨ ਹਾਊਸ ਗੈਸਾਂ।

ਗਰੀਨ ਹਾਊਸ ਗੈਸਾਂ:- ਹਵਾ ਵਿਚ 78 ਫ਼ੀਸਦੀ ਨਾਈਟ੍ਰੋਜਨ, 21 ਫ਼ੀਸਦੀ ਆਕਸੀਜਨ, 0.9 ਫ਼ੀਸਦੀ ਆਰਗੋਨ ਅਤੇ 0.1 ਫ਼ੀਸਦੀ ਹੋਰ ਗੈਸਾਂ ਹਨ। ਅੱਗੋਂ 0.1 ਫ਼ੀਸਦੀ ਵਿਚ ਪਾਣੀ (ਸਿਲ/ਨਮੀ) (ਵੱਧ ਤੋਂ ਵੱਧ 4 ਫ਼ੀਸਦੀ), ਕਾਰਬਨ ਡਾਇਆਕਸਾਈਡ (0.036 ਫ਼ੀਸਦੀ), ਮੀਥੇਨ ਅਤੇ ਨਾਈਟਰਸ ਆਕਸਾਈਡ ਵਰਗੀਆਂ ਗੈਸਾਂ ਹੁੰਦੀਆਂ ਹਨ। ਕਾਰਬਨ ਡਾਈਆਕਸਾਈਡ, ਨਮੀ, ਮੀਥੇਨ ਅਤੇ ਨਾਈਟਰਸ ਆਕਸਾਈਡ ਗੈਸਾਂ ਨੂੰ ਗਰੀਨ ਹਾਊਸ ਗੈਸਾਂ ਕਿਹਾ ਜਾਂਦਾ ਹੈ। ਇਹ ਸੂਰਜ ਦੀਆਂ ਕਿਰਨਾਂ ਨੂੰ ਰੇਡੀਏਟ ਕਰ ਕੇ ਧਰਤੀ ਨੂੰ ਗਰਮ ਕਰਦੀਆਂ ਹਨ ਜੇ ਇਹ ਗੈਸਾਂ ਨਾ ਹੋਣ ਤਾਂ ਧਰਤੀ ਦਾ ਤਾਪਮਾਨ ਜੀਰੋ ਤੋਂ ਹੇਠਾਂ (-18 ਡਿਗਰੀ ਸੈਂਟੀਗਰੇਡ 'ਤੇ) ਆ ਜਾਵੇ ਜਿਹੜਾ ਹੁਣ ਔਸਤ 15 ਡਿਗਰੀ ਸੈਂਟੀਗਰੇਡ ਹੈ। ਇਸੇ ਕਰਕੇ ਹੀ ਧਰਤੀ 'ਤੇ ਬਨਸਪਤੀ ਅਤੇ ਹਰਿਆਵਲ ਹੈ। ਇਨ੍ਹਾਂ ਗੈਸਾਂ ਨੂੰ ਗਰੀਨ ਹਾਊਸ ਮਤਲਬ ਹਰਿਆਵਲ ਵਾਲੀਆਂ ਗੈਸਾਂ ਕਿਹਾ ਜਾਂਦਾ ਹੈ। ਕੁਦਰਤ ਨੇ ਇਨ੍ਹਾਂ ਗੈਸਾਂ ਦਾ ਸੰਤੁਲਨ ਬਣਾਇਆ ਹੋਇਆ ਸੀ। ਇਨ੍ਹਾਂ ਦੇ ਸਦਕਾ ਗਰਮੀ, ਸਰਦੀ, ਬਾਰਿਸ਼, ਬਰਫ਼ ਅਤੇ ਬਨਸਪਤੀ ਆਦਿ ਦਾ ਸੰਤੁਲਨ ਬਣਿਆ ਹੋਇਆ ਸੀ, ਜਿਵੇਂ-ਜਿਵੇਂ ਮਨੁੱਖ ਦੀ ਅਬਾਦੀ ਵਧਦੀ ਗਈ ਅਤੇ ਕੁਦਰਤੀ ਸਰੋਤਾਂ ਦੇ ਨਾਲ ਲੋੜ ਮੁਤਾਬਿਕ ਛੇੜ-ਛਾੜ ਹੁੰਦੀ ਗਈ ਤਾਂ ਹਵਾ ਵਿਚ ਇਹ ਗੈਸਾਂ ਵਧਣ ਲੱਗੀਆਂ। ਇਨ੍ਹਾਂ ਗੈਸਾਂ ਦੇ ਵਧਣ ਨਾਲ ਤਾਪਮਾਨ ਵਧੇਗਾ। ਬਨਸਪਤੀ ਵਿਚ ਤਾਂ ਵਾਧਾ ਹੋ ਸਕਦਾ ਹੈ ਪਰ ਬਰਫ਼ ਪਿਘਲਣ ਨਾਲ ਧਰਤੀ ਦਾ ਤਾਪਮਾਨ ਵਧ ਜਾਵੇਗਾ, ਜਿਸ ਕਰਕੇ ਸਮੁੰਦਰ ਵਿਚ ਵੀ ਪਾਣੀ ਵਧ ਜਾਵੇਗਾ, ਜਿਸ ਨਾਲ ਸਮੁੰਦਰ ਦੇ ਕਿਨਾਰਿਆਂ ਤੋਂ ਧਰਤੀ ਹੋਰ ਪਾਣੀ ਵਿਚ ਡੁੱਬ ਜਵੇਗੀ। ਮੌਸਮ ਵਿਚ ਤਬਦੀਲੀ ਪਾਣੀ ਦੇ ਚੱਕਰ ਵਿਚ ਵੀ ਤਬਦੀਲੀ ਲਿਆਵੇਗੀ।

ਕਾਰਬਨ ਸਾਈਕਲ-ਵਾਯੂਮੰਡਲ ਤੋਂ ਇਲਾਵਾ ਬਹੁਤੀ ਕਾਰਬਨ ਜ਼ਮੀਨ, ਸਮੁੰਦਰ ਅਤੇ ਬਨਸਪਤੀ ਵਿਚ ਹੁੰਦੀ ਹੈ। ਕਾਰਬਨ ਹਰ ਜੀਵ ਵਿਚ ਹੁੰਦੀ ਹੈ। ਬੂਟੇ ਆਪਣੀ ਖ਼ੁਰਾਕ ਬਣਾਉਣ ਲਈ ਕਾਰਬਨ ਵਰਤਦੇ ਹਨ। ਇਹੋ ਖ਼ੁਰਾਕ ਜਦੋਂ ਜੀਵ ਜੰਤੂ ਖਾਂਦੇ ਹਨ ਅਤੇ ਉਨ੍ਹਾਂ ਦੇ ਮਲ ਮੂਤਰ ਅਤੇ ਮਰਨ ਤੋਂ ਬਾਅਦ ਗਲ ਸੜ ਕੇ ਕਾਰਬਨ ਫਿਰ ਵਾਯੂ ਮੰਡਲ ਵਿਚ ਆ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਕਾਰਬਨ ਜ਼ਮੀਨ ਵਿਚ ਖਣਿਜ ਪਦਾਰਥਾਂ ਦੇ ਰੂਪ 'ਚ ਸਮੁੰਦਰ ਵਿਚ ਜਮ੍ਹਾ ਹੈ, ਉਹ ਵੀ ਵਾਯੂਮੰਡਲ ਨਾਲ ਕੁਝ ਹੱਦ ਤੱਕ ਘੁੰਮਦੀ ਰਹਿੰਦੀ ਹੈ। ਜਦੋਂ ਤੱਕ ਸਨਅਤ ਬਹੁਤੀ ਵਧੀ ਨਹੀਂ ਸੀ ਅਤੇ ਆਬਾਦੀ ਘੱਟ ਸੀ ਕਾਰਬਨ ਦਾ ਵਾਯੂਮੰਡਲ ਵਿਚ ਸੰਤੁਲਨ ਬਣਿਆ ਹੋਇਆ ਸੀ। ਪਰ ਪਿਛਲੀਆਂ ਤਕਰੀਬਨ ਦੋ ਸਦੀਆਂ ਵਿਚ ਵਧਦੀ ਆਬਾਦੀ ਅਤੇ ਸਨਅਤ ਨੇ ਵਾਯੂਮੰਡਲ ਵਿਚ ਕਾਰਬਨ ਦੀ ਮਾਤਰਾ ਡੇਢ ਗੁਣਾ ਕਰ ਦਿੱਤੀ।

ਕਾਰਬਨ ਦੇ ਸਰੋਤ:- ਕਾਰਬਨ ਧਰਤੀ 'ਤੇ 4 ਸਰੋਤਾਂ ਵਿਚ ਮੌਜੂਦ ਹੈ (1) ਵਾਯੂਮੰਡਲ ਵਿਚ ਕਾਰਬਨ ਡਾਇਆਕਸਾਈਡ ਅਤੇ ਮੀਥੇਨ ਗੈਸ ਦੇ ਰੂਪ ਵਿਚ (2) ਜੀਵਕ ਮਾਦਾ ਸਾਰੀ ਧਰਤੀ 'ਤੇ ਜੀਵ ਜੰਤੂ ਅਤੇ ਬਨਸਪਤੀ (ਜਿਉਂਦੇ ਤੇ ਮਰੇ ਹੋਏ) ਦੇ ਰੂਪ ਵਿਚ। ਜ਼ਮੀਨ ਵਿਚ ਜੀਵਕ ਮਾਦੇ ਦੇ ਤੌਰ 'ਤੇ। (3) ਧਰਤੀ ਵਿਚ ਫੌਸਿਲ ਫਿਊਲ (ਜੈਵਿਕ ਈਂਧਣ), ਖਣਿਜਾਂ ਦੇ ਰੂਪ ਵਿਚ ਜਿਵੇਂ ਚੂਨਾ ਅਤੇ ਡੋਲੋਮਾਈਟ ਆਦਿ। (4) ਸਮੁੰਦਰ ਵਿਚ ਜੀਵ ਜੰਤੂ, ਹਰਾ ਜਾਲਾ (ਐਲਗੀ) ਅਤੇ ਕੋਰਲ ਸਮੁੰਦਰ ਦੇ ਹੇਠਾਂ।

ਵਾਯੂ ਮੰਡਲ ਵਿਚ 1750 ਵਿਚ 280 ਪੀ.ਪੀ. ਐਮ. (280 ਹਿੱਸੇ 10 ਲੱਖ ਪਿੱਛੇ) ਕਾਰਬਨ ਡਾਇਆਕਸਾਈਡ ਸੀ, ਜੋ ਹੁਣ ਵਧ ਕੇ 421 ਪੀ. ਪੀ.ਐਮ.ਤੱਕ ਪਹੁੰਚ ਗਈ ਹੈ। 1950 ਵਿਚ ਪ੍ਰਤੀ ਸਾਲ ਵਾਯੂਮੰਡਲ ਵਿਚ 600 ਕਰੋੜ ਟਨ ਕਾਰਬਨ ਡਾਇਆਕਸਾਈਡ ਗੈਸ ਵੱਖ-ਵੱਖ ਸਰੋਤਾਂ ਤੋਂ ਜਾਂਦੀ ਸੀ। ਇਹ 1990 ਵਿਚ ਵਧ ਕੇ 2220 ਕਰੋੜ ਟਨ ਅਤੇ 2022 ਵਿਚ 3900 ਕਰੋੜ ਟਨ ਹੋ ਗਈ। ਇਸ ਵਿਚੋਂ ਤਕਰੀਬਨ ਅੱਧੀ ਕਾਰਬਨ ਡਾਇਆਕਸਾਈਡ ਫਿਰ ਬਨਸਪਤੀ, ਬਾਰਿਸ਼ ਅਤੇ ਜੀਵ ਜੰਤੂਆਂ ਦੇ ਆਸਰੇ ਦੋਬਾਰਾ ਆਪਣੇ ਮੁੱਢਲੇ ਸਰੋਤਾਂ ਧਰਤੀ, ਖਣਿਜ ਪਦਾਰਥਾਂ ਅਤੇ ਸਮੁੰਦਰ ਵਿਚ ਜਾ ਸਮਾਉਂਦੀ ਹੈ, ਜਿਹੜੀ ਕਾਰਬਨ-ਗਰੀਨ ਹਾਊਸ ਗੈਸਾਂ ਦੇ ਰੂਪ ਵਿਚ ਵਾਯੂ ਮੰਡਲ ਵਿਚ ਰਹਿ ਜਾਂਦੀ ਹੈ, ਉਹੋ ਹੀ ਧਰਤੀ ਦਾ ਤਾਪਮਾਨ ਵਧਾਉਣ ਵਿਚ ਸਹਾਈ ਹੁੰਦੀ ਹੈ। ਸਭ ਤੋਂ ਜ਼ਿਆਦਾ ਕਾਰਬਨ ਡਾਇਆਕਸਾਈਡ ਕੋਲੇ ਨੂੰ ਬਾਲਣ ਦੇ ਰੂਪ ਵਿਚ ਵਰਤਣ ਨਾਲ ਨਿਕਲਦੀ ਹੈ। ਇਕ ਕਿੱਲੋ ਕੋਲਾ ਬਾਲਣ ਨਾਲ 2.42 ਕਿੱਲੋ ਕਾਰਬਨ ਡਾਇਅਕਸਾਈਡ ਨਿਕਲਦੀ ਹੈ, ਭਾਰਤ ਵਿਚ ਇਕ ਯੂਨਿਟ (ਕੇ.ਡਬਲਿਊ.ਐਚ) ਬਿਜਲੀ ਪੈਦਾ ਕਰਨ ਵੇਲੇ ਤਕਰੀਬਨ ਇਕ ਕਿੱਲੋ ਕਾਰਬਨ ਡਾਇਆਕਸਾਈਡ ਪੈਦਾ ਹੁੰਦੀ ਹੈ। ਇਕ ਲੀਟਰ ਪੈਟਰੋਲ, 2.3 ਕਿੱਲੋ ਕਾਰਬਨ ਅਤੇ ਇਕ ਲੀਟਰ ਰਸੋਈ ਗੈਸ (ਐਲ.ਪੀ.ਜੀ.) 1.6 ਕਿੱਲੋ ਕਾਰਬਨ ਡਾਇਆਕਸਾਈਡ ਪੈਦਾ ਕਰਦੀ ਹੈ।

ਇਕ ਸੋਲਰ ਪੈਨਲ ਬਣਾਉਣ ਵੇਲੇ 50 ਗ੍ਰਾਮ ਕਾਰਬਨ ਡਾਇਆਕਸਾਈਡ ਪੈਦਾ ਹੁੰਦੀ ਹੈ, ਜਦ ਕਿ ਵਰਤਣ ਵੇਲੇ ਕੋਈ ਕਾਰਬਨ ਡਾਇਆਕਸਾਈਡ ਪੈਦਾ ਨਹੀਂ ਹੁੰਦੀ ਹੈ।

1970 ਤੋਂ ਲੈ ਕੇ 2011 ਤੱਕ ਕਾਰਬਨ ਡਾਇਆਕਸਾਈਡ ਦੇ ਨਿਕਾਸ ਵਿਚ 90 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਵਿਚ 78 ਫ਼ੀਸਦੀ ਹਿੱਸਾ ਜੈਵਿਕ ਈਂਧਣ (ਕੋਲਾ, ਪੈਟਰੋਲ, ਕੁਦਰਤੀ ਗੈਸ ਅਤੇ ਸਨਅਤ ਦਾ ਹੈ। ਦੁਨੀਆ ਭਰ ਵਿਚ ਜੈਵਿਕ ਈਂਧਣ (ਬਾਲਣ), ਸੀਮੈਂਟ ਬਣਾਉਣ ਅਤੇ ਗੈਸ ਭੜਕਨਾ (ਤੇਲ ਵਾਲੇ ਖੂਹਾਂ ਵਿਚੋਂ ਅੱਗ ਨਿਕਲਣਾ) ਨਾਲ ਜੋ ਕਾਰਬਨ ਡਾਇਆਕਸਾਈਡ ਗੈਸ ਨਿਕਲਦੀ ਹੈ, ਉਸ ਦਾ 30 ਫ਼ੀਸਦੀ ਚੀਨ, 15 ਫ਼ੀਸਦੀ ਅਮਰੀਕਾ, ਯੂਰਪ 9 ਫ਼ੀਸਦੀ, ਭਾਰਤ 9 ਫ਼ੀਸਦੀ, ਰੂਸ 5 ਫ਼ੀਸਦੀ, ਜਾਪਾਨ 4 ਫ਼ੀਸਦੀ ਅਤੇ ਬਾਕੀ ਦੇਸ਼ 30 ਫ਼ੀਸਦੀ ਬਣਾਉਂਦੇ ਹਨ। ਬਾਕੀ 22 ਫ਼ੀਸਦੀ ਗੈਸਾਂ ਜ਼ਮੀਨ ਦੀ ਵਰਤੋਂ ਨਾਲ ਜੁੜੀਆਂ ਹਨ। ਇਹ ਜੰਗਲ ਕੱਟਣ ਅਤੇ ਲਾਉਣ ਨਾਲ ਜਾਂ ਖੇਤੀ ਕਰਨ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਦਾ ਨਿਕਾਸ ਅਤੇ ਖ਼ਪਤ 800 ਕਰੋੜ ਟਨ ਬਣਦਾ ਹੈ। ਅਮਰੀਕਾ ਇਹ ਦਾਅਵਾ ਕਰਦਾ ਹੈ ਕਿ ਉਸ ਦਾ ਕੁੱਲ ਨਿਕਾਸ ਮਨਫ਼ੀ ਵਿਚ ਜਾਂਦਾ ਹੈ, ਭਾਵ ਕਾਰਬਨ ਜਮ੍ਹਾਂ ਜ਼ਿਆਦਾ ਹੁੰਦੀ ਹੈ ਅਤੇ ਨਿਕਾਸ ਘੱਟ ਹੁੰਦਾ ਹੈ ਇਸ ਨਾਲ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਮਦਦ ਮਿਲਦੀ ਹੈ।

ਕਾਰਬਨ ਦਾ ਵਪਾਰ:- ਅੱਜ ਦੁਨੀਆ ਦੇ ਵਿਕਸਤ ਦੇਸ਼ਾਂ ਵਿਚ ਕਾਰਬਨ ਦਾ ਵਪਾਰ ਸ਼ੁਰੂ ਹੋ ਗਿਆ ਹੈ, ਕਾਰਬਨ ਦੇ ਕਰੇਡਿਟ ਵਿਕਦੇ ਹਨ। ਇਕ ਟਨ ਕਾਰਬਨ ਡਾਇਆਕਸਾਈਡ ਗੈਸ ਨੂੰ ਇਕ ਕਰੇਡਿਟ ਗਿਣਿਆ ਜਾਂਦਾ ਹੈ। 2022 ਵਿਚ ਕਾਰਬਨ ਕਰੇਡਿਟ ਦੀ ਕੀਮਤ 20-40 ਡਾਲਰ ਤੱਕ ਰਹੀ ਹੈ। ਕਾਰਬਨ ਕੌਣ ਵੇਚਦਾ ਅਤੇ ਖ਼ਰੀਦਦਾ ਹੈ? ਅੰਤਰਰਸ਼ਟਰੀ ਪੱਧਰ 'ਤੇ ਸਾਰੇ ਦੇਸ਼ਾਂ ਲਈ ਹਵਾ ਵਿਚੋਂ ਗਰੀਨ ਹਾਊਸ ਗੈਸਾਂ ਘਟਾਉਣ ਦੇ ਟੀਚੇ ਮਿੱਥੇ ਹੋਏ ਹਨ। ਦੇਸ਼ ਆਪੋ-ਆਪਣੇ ਖੇਤਰਾਂ ਵਿਚ ਸਨਅਤੀ/ਕੰਪਨੀਆਂ ਨੂੰ ਇਨ੍ਹਾਂ ਗੈਸਾਂ ਦੇ ਨਿਕਾਸ ਘਟਾਉਣ ਦਾ ਟੀਚਾ ਦਿੰਦੇ ਹਨ। ਮੰਨ ਲਓ ਕੋਲੇ ਤੋਂ ਬਿਜਲੀ ਬਣਾਉਣ ਵਾਲੀ ਕੰਪਨੀ ਨੂੰ 10 ਫ਼ੀਸਦੀ ਕਾਰਬਨ ਨਿਕਾਸ ਘਟਾਉਣ ਦਾ ਟੀਚਾ ਦਿੱਤਾ ਗਿਆ ਹੈ। ਉਸ ਨੇੇ ਆਪਣੀ 20 ਫ਼ੀਸਦੀ ਬਿਜਲੀ ਕੋਲੇ ਦੀ ਬਜਾਏ ਸੂਰਜੀ ਊਰਜਾ ਤੋਂ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਕਾਰਨ 10 ਫ਼ੀਸਦੀ ਟੀਚੇ ਤੋਂ ਵੱਧ ਗੈਸ ਘਟਾਈ ਉਹ ਕੰਪਨੀ ਦੂਜੀ ਕੰਪਨੀ ਜਿਸ ਤੋਂ ਦਿੱਤੇ ਟੀਚੇ ਮੁਤਾਬਿਕ ਨਹੀਂ ਘਟੀ ਉਸ ਨੂੰ ਵੇਚ ਦੇਵੇਗੀ ਅਤੇ ਖ਼ਰੀਦਣ ਵਾਲੀ ਕੰਪਨੀ ਸਰਕਾਰੀ ਜੁਰਮਾਨੇ ਤੋਂ ਬਚ ਜਾਵੇਗੀ। ਇਹ ਵਪਾਰ ਯੂਰਪ, ਯੂ.ਕੇ., ਯੂ.ਐਸ.ਏ. ਦੇ ਕੁਝ ਸੂਬਿਆਂ, ਚੀਨ ਅਤੇ ਨਿਊਜ਼ੀਲੈਂਡ ਵਿਚ ਚੱਲਦਾ ਹੈ। ਇਸ ਤੋਂ ਅੱਗੇ ਯੂਰਪ ਜਿਹੜੀ ਗੈਸ, ਤੇਲ ਜਾਂ ਸੀਮੈਂਟ ਆਦਿ ਖ਼ਰੀਦਦਾ ਹੈ, ਉਸ ਵਿਚ ਕਾਰਬਨ ਦੇ ਹਿਸਾਬ ਨਾਲ ਟੈਕਸ ਲਾਉਣ ਦੀ ਵਿਉਂਤਬੰਦੀ ਵੀ ਹੋ ਰਹੀ ਹੈ।

ਵਾਯੂ ਮੰਡਲ ਵਿਚੋਂ ਇਹ ਗੈਸਾਂ ਕਿਵੇਂ ਘਟਾਈਆਂ ਜਾਣ:- ਗਰੀਨ ਹਾਊਸ ਗੈਸਾਂ ਸਭ ਤੋਂ ਵੱਧ ਕੋਲਾ, ਡੀਜ਼ਲ, ਪੈਟਰੋਲ ਜਾਂ ਕੁਦਰਤੀ ਗੈਸ ਜਾਂ ਬਾਲਣ ਨਾਲ ਪੈਦਾ ਹੁੰਦੀਆਂ ਹਨ। ਜਿਥੋਂ ਤੱਕ ਹੋ ਸਕੇ ਇਨ੍ਹਾਂ ਖਣਿਜ ਪਦਾਰਥਾਂ ਦੀ ਵਰਤੋਂ ਘਟਾ ਕੇ ਊਰਜਾ ਬਾਕੀ ਸਰੋਤਾਂ ਜਿਵੇਂ ਕਿ ਸੂਰਜ ਦੀ ਤਪਸ਼, ਹਵਾ ਅਤੇ ਪਾਣੀ ਦੀ ਊਰਜਾ ਦੀ ਵਰਤੋਂ ਨਾਲ ਬਿਜਲੀ ਬਣਾ ਕੇ ਜਾਂ ਸਿੱਧੀ ਵਰਤੋਂ ਕਰ ਕੇ ਕੀਤੀ ਜਾਵੇ, ਜਿਵੇਂ ਪਹਿਲਾਂ ਪਾਣੀ ਨਾਲ ਘਰਾਟ ਚੱਲਦੇ ਸਨ।

ਬਨਸਪਤੀ ਵਿਚ ਜਮ੍ਹਾਂ ਕਰਨਾ:- ਬੂਟੇ ਫੋਟੋਸਿਨਥਿਸਸ ਲਈ ਕਾਰਬਨ ਡਾਇਆਕਸਾਈਡ ਵਰਤਦੇ ਹਨ। ਸੋ ਜਿੰਨਾ ਰਕਬਾ ਜੰਗਲਾਂ ਹੇਠ ਲਿਆਂਦਾ ਜਾ ਸਕਦਾ ਹੈ, ਓਨਾਂ ਹੀ ਕਾਰਬਨ ਘਟਾਉਣ ਵਿਚ ਸਫਲ ਹੋਵਾਂਗੇ। ਫ਼ਸਲਾਂ ਵੀ ਕਾਰਬਨ ਜਮ੍ਹਾ ਕਰਨ ਵਿਚ ਸਹਾਈ ਹੁੰਦੀਆਂ ਹਨ। ਪਰ ਇਨ੍ਹਾਂ ਦਾ ਸੰਤੁਲਨ ਪਾਣੀ ਦੀ ਉਪਲਭਤਾ ਨਾਲ ਵੀ ਜੋੜਨਾ ਪੈਣਾ ਹੈ। ਜਿੰਨੀ ਬਨਸਪਤੀ ਜ਼ਿਆਦਾ ਹੋਵੇਗੀ ਓਨੀ ਹੀ ਪਾਣੀ ਦੀ ਮੰਗ ਜ਼ਿਆਦਾ ਹੋਵੇਗੀ।

ਸਮੁੰਦਰ ਵਿਚ ਜਮ੍ਹਾਂ ਕਰਨਾ:-ਕਈ ਵਿਕਸਤ ਦੇਸ਼ ਆਸਟ੍ਰੇਲੀਆ ਅਤੇ ਨਾਰਵੇ ਵਗੈਰਾ ਇਸ 'ਤੇ ਵੀ ਖੋਜ ਕਰ ਰਹੇ ਹਨ ਕਿ ਵਾਯੂਮੰਡਲ ਵਿਚੋਂ ਕਾਰਬਨ ਡਾਇਅਕਸਾਈਡ ਜਮ੍ਹਾਂ ਕਰ ਕੇ ਡੂੰਘੇ ਸਮੁੰਦਰ ਹੇਠਾਂ ਇਕ ਟੀਕੇ ਵਾਂਗੂ ਜਮ੍ਹਾਂ ਕਰ ਦਿੱਤਾ ਜਾਵੇ। ਆਸਟ੍ਰੇਲੀਆ ਦਾ ਇਹ 2027 ਦਾ ਟੀਚਾ ਹੈ।

ਕੁੱਲ ਮਿਲਾ ਕੇ ਵਾਤਾਵਰਨ ਦਾ ਸੰਤੁਲਨ ਰੱਖਣ ਲਈ ਹਵਾ ਵਿਚ ਕਾਰਬਨ ਡਾਇਆਕਸਾਈਡ ਦੀ ਆਮਦ ਘਟਾਉਣੀ ਪੈਣੀ ਹੈ। ਉਸ ਦਾ ਸੰਤੁਲਨ ਕਿਵੇਂ ਬਣਾਇਆ ਜਾਵੇ ਕਿ ਸਾਡੇ ਦੇਸ਼ ਦੀ ਆਰਥਿਕਤਾ 'ਤੇ ਵੀ ਅਸਰ ਨਾ ਪਵੇ। ਇਸ ਦੀ ਪਾਏਦਾਰ ਨੀਤੀ ਬਣਾਉਣ ਦੀ ਲੋੜ ਹੈ। ਪੁਰਾਣੇ ਵਾਹਨ ਸਕਰੈਪ ਕਰਨਾ ਅਤੇ ਬਿਜਲੀ ਦੇ ਵਾਹਨ ਚਲਾਉਣਾ ਦੇਸ਼ ਦੀ ਬਹੁਤੀ ਆਬਾਦੀ ਲਈ ਆਰਥਿਕ ਪਖੋਂ ਲਾਭਕਾਰੀ ਨਹੀਂ ਹੈ, ਪਰ ਫਿਰ ਵੀ ਧਰਤੀ ਦੀ ਵਧ ਰਹੀ ਤਪਸ਼ ਨੂੰ ਰੋਕਣ ਲਈ ਕਦਮ ਤਾਂ ਚੁੱਕਣੇ ਹੀ ਪੈਣਗੇ।

 

ਡਾਕਟਰ ਅਮਨਪ੍ਰੀਤ ਸਿੰਘ