ਗੋਸ਼ਟਿ ਅਤੇ 'ਸਬਦੁ' ਬੋਧ : ਇਕ ਅਲੌਕਿਕ ਅਨੁਭਵ

ਗੋਸ਼ਟਿ ਅਤੇ 'ਸਬਦੁ' ਬੋਧ : ਇਕ ਅਲੌਕਿਕ ਅਨੁਭਵ

ਧਰਮ ਚਿੰਤਨ

ਸੁਮੇਰ ਪਰਬਤ 'ਤੇ ਹੋਈ ਸਿੱਧ ਗੋਸ਼ਟੀ ਵਿਚ ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਦਾ ਮੂਲ ਸਵਾਲ ਇਹ ਸੀ;

ਕਵਣ ਮੂਲੁ ਕਵਣ ਮਤਿ ਵੇਲਾ

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ

ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ;

ਪਵਨ ਅਰੰਭੁ ਸਤਿਗੁਰ ਮਤਿ ਵੇਲਾ

ਸਬਦੁ ਗੁਰੂ ਸੁਰਤਿ ਧੁਨਿ ਚੇਲਾ

(ਭਾਵ : ਸੁਆਸ ਮਨੁੱਖ ਦੇ ਜੀਵਨ ਦੀ ਹਸਤੀ ਦਾ ਮੁੱਢ ਹੈ ਤੇ ਇਹ ਸੁੱਚਾ ਸਮਾਂ, ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ ਮੇਰਾ ਗੁਰੂ (ਪ੍ਰਭੂ) ਹੈ ਤੇ ਮੇਰੀ ਸੁਰਤੀ ਸ਼ਬਦ ਦੀ ਮੁਰੀਦ ਹੈ)ਇਸਲਾਮ ਵਿਚ ਵੀ ਮਨੁੱਖਾ ਜਨਮ ਨੂੰ ਅਸ਼ਰਫ਼-ਉਲ-ਮਖ਼ਲੂਕਾਤ ਆਖ ਕੇ ਤਸ਼ਬੀਅਤ ਕੀਤਾ ਹੈ। ਅਸ਼ਰਫ਼-ਉਲ-ਮਖ਼ਲੂਕਾਤ ਦਾ ਭਾਵ ਹੈ; ਸੰਸਾਰ ਦੀ ਸਰਬਉੱਚ ਰਚਨਾ।

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ, ਦੁਨੀਆ ਦੇ ਕਿਸੇ ਵੀ ਧਰਮ ਗੁਰੂ ਜਾਂ ਪੈਗੰਬਰ ਨੇ 'ਅੱਖਰ' ਦੀ ਕੁਵੱਤ ਅਤੇ ਸਲਾਹੀਅਤ ਦਾ ਤਜ਼ਕਰਾ ਨਹੀਂ ਕੀਤਾ। ਗੁਰੂ ਨਾਨਕ ਦੇਵ ਜੀ ਕਿਸੇ ਵੀ ਅਨੂਭੂਤੀ ਦੇ ਅਨੁਭਵ ਦਾ ਸੰਚਾਰ ਕਰਨ ਵਿਚ 'ਅੱਖਰ' ਦੀ ਸੰਚਾਰਨ ਯੋਗਤਾ, ਸਰਲ-ਪੁੱਜਤ ਤੇ ਬਰਕਤ ਦਾ ਤਫ਼ਸੀਲੀ ਵਿਵਰਨ, ਜਪੁਜੀ ਸਾਹਿਬ ਵਿਚ ਕਰਦੇ ਹਨ ਅਤੇ ਅੱਖਰ ਦੇ ਗੁਣਾਂ ਦੀ ਸਲਾਹੀਅਤ ਬਿਆਨ ਕਰਦੇ ਹਨ ;

ਅਖਰੀ ਨਾਮੁ ਅਖਰੀ ਸਾਲਾਹ

ਅਖਰੀ ਗਿਆਨੁ ਗੀਤ ਗੁਣ ਗਾਹ

ਅਖਰੀ ਲਿਖਣੁ ਬੋਲਣੁ ਬਾਣਿ

ਅਖਰਾ ਸਿਰਿ ਸੰਜੋਗੁ ਵਖਾਣਿ

(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-4)

ਭਾਵ ਅੱਖਰ ਦੀ ਹੋਂਦ ਅਤੇ ਸਮਝ ਤੋਂ ਬਿਨਾਂ ਪਰਮਾਤਮਾ ਦੇ ਨਾਮ ਦੀ ਉਪਾਸਨਾ ਸੰਭਵ ਨਹੀਂ, ਅੱਖਰ ਤੋਂ ਬਿਨਾਂ ਵਾਹਿਗੁਰੂ ਦੀ ਉਸਤਤੀ ਤੇ ਸਿਫ਼ਤ ਸੰਭਵ ਨਹੀਂ, ਕੀਰਤੀ ਤੇ ਮਹਿਮਾ ਦਾ ਗੁਣਗਾਣ ਅੱਖਰ ਤੋਂ ਬਿਨਾਂ ਨਹੀਂ ਹੋ ਸਕਦਾ। ਅੱਖਰ ਰਾਹੀਂ ਹੀ ਮਨੁੱਖ ਦੀ ਸੋਝੀ ਵਿਚ ਰੂਹਾਨੀ ਗਿਆਨ ਅਤੇ ਦਾਨਾਈ ਦਾ ਪ੍ਰਵੇਸ਼ ਤੇ ਪਸਾਰ ਹੁੰਦਾ ਹੈ ਅਤੇ ਅੱਖਰ ਰਾਹੀਂ ਹੀ ਅਸੀਂ ਸ਼ੋਭਾ ਤੇ ਵਡਿਆਈ ਦੇ ਗੀਤ ਗਾਂਵਦੇ ਹਾਂ। ਅੱਖਰ ਹੀ ਲਿਖਤ ਤੇ ਇਬਾਰਤ ਨੂੰ ਜਨਮ ਦਿੰਦਾ ਹੈ ਅਤੇ ਅੱਖਰ ਹੀ ਸਾਡੀ ਬੋਲਬਾਣੀ ਦਾ ਸਿਰਜਕ ਹੈ। ਅੱਖਰ ਦੀ ਯੋਗ ਵਰਤੋਂ ਵਿਹਾਰ ਰਾਹੀਂ, ਅੱਖਰ ਸਾਡੀ ਹਯਾਤੀ ਦੇ ਦਸਤੂਰਾਂ, ਰੀਤਾਂ, ਰਿਵਾਜਾਂ, ਪਰਿਪਾਟੀਆਂ, ਇਨਸਾਨੀ ਰਿਸ਼ਤਿਆਂ ਤੇ ਸੰਜੋਗਾਂ ਦਾ ਤਰਜਮਾਨ ਬਣਦਾ ਹੈ। ਅੱਖਰ ਸਾਡਾ ਉਦੋਂ ਤੱਕ ਹੀ ਹੈ, ਜਦੋਂ ਤੱਕ ਬੋਲਿਆ ਨਹੀਂ ਗਿਆ, ਅੱਖਰ ਜ਼ਬਾਨ ਤੋਂ ਬਾਹਰ ਹੋਣ ਸਾਰ ਪਰਾਇਆ ਹੋ ਜਾਂਦਾ ਹੈ ਅਤੇ ਉਸ ਦੇ ਅਰਥ ਵੀ ਕਈ ਵਾਰ ਉਹ ਨਹੀਂ ਰਹਿੰਦੇ, ਜਿਸ ਮੁਰਾਦ ਅਤੇ ਭਾਵਨਾ ਨਾਲ ਅੱਖਰ ਉਚਾਰਿਆ ਗਿਆ ਹੁੰਦਾ ਹੈ। ਅੱਖਰ ਦੀ ਇਸ ਚੰਚਲਤਾ ਤੇ ਨਾਜ਼ਕ ਮਿਜ਼ਾਜੀ ਕਾਰਨ ਹੀ ਇਹ ਕਹਾਵਤ ਬਣੀ ਹੈ 'ਪਹਿਲਾਂ ਤੋਲੋ, ਫਿਰ ਬੋਲੋ'।

ਅੱਖਰ ਦਾ ਵਜੂਦ ਨਿਸਚਿਤ ਨਹੀਂ, ਇਹ ਕਈ ਰੰਗ-ਰੂਪਾਂ ਵਿਚ ਦ੍ਰਿਸ਼ਟਮਾਨ ਹੁੰਦਾ ਹੈ, ਅੱਖਰ ਕਦੇ ਕਵਿਤਾ ਤੇ ਕਦੇ ਵਾਰਤਕ ਬਣਦਾ ਹੈ। ਅੱਖਰ ਕਦੇ ਸੋਹਲਿਆਂ ਤੇ ਘੋੜੀਆਂ ਦਾ ਸ਼ਿਗਾਰ ਬਣ ਕੇ ਮਨੁੱਖੀ ਮਨ ਦੀਆਂ ਤਰੰਗਾਂ ਨੂੰ ਨੱਚਣ ਲਾ ਦਿੰਦਾ ਹੈ, ਤੇ ਕਦੇ ਮਰਸੀਏ ਦੀ ਹੂਕ ਬਣ ਕੇ ਦਿਲ ਦੀ ਵੇਦਨਾ ਤੱਕ ਅੱਪੜ ਜਾਂਦਾ ਹੈ। ਇਹ ਅੱਖਰ ਹੀ ਤਾਂ ਹੈ ਜਿਸ ਰਾਹੀਂ ਅਸੀਂ ਵੇਦਾਂ, ਪੁਰਾਣਾਂ ਅਤੇ ਸਿਮਰਤੀਆਂ ਦੀਆਂ ਪੁਰਾਤਨ ਗਿਆਨ ਪ੍ਰਣਾਲੀਆਂ ਤੀਕਰ ਅੱਪੜ ਸਕੇ ਹਾਂ। ਇਹ ਅੱਖਰ ਹੀ ਤਾਂ ਹੈ ਜਿਸਨੇ ਸੰਗਤਕਾਰ ਬਣ ਕੇ ਦੁਨੀਆ ਭਰ ਦੇ ਗਿਆਨ ਭੰਡਾਰਾਂ ਤੱਕ ਅੱਪੜਨ ਦੀ ਸਮਰੱਥਾ, ਮਨੁੱਖ ਨੂੰ ਦਿੱਤੀ ਹੈ। ਅੱਖਰ ਮਨੁੱਖ ਦੀ ਮਨੋਬਿਰਤੀ, ਹਾਵਭਾਵ ਅਤੇ ਅਭਾਵ ਦੇ ਪਰਗਟਾਅ ਦਾ ਸੂਖਮ ਜ਼ਰੀਆ ਹੈ। ਮਨੁੱਖ ਦੇ ਮਨ ਅੰਦਰ ਪਸਰੀ ਪਸ਼ੂ ਬਿਰਤੀ ਨੂੰ ਸੋਧ ਕੇ ਸੂਖਮਤਾਈ ਤੱਕ ਪਹੁੰਚਾਉਣ ਦੀ ਕਿਰਿਆ ਦਾ ਅਨੁਭਵ ਅਤੇ ਫੇਰ ਉਸ ਅਨੁਭਵ ਦੀ ਸੂਖਮਤਾ ਨੂੰ ਭਾਵ-ਵਿਰੇਚਨ ਅਤੇ ਮਨੋ-ਵਿਰੇਚਨ ਰਾਹੀਂ ਦੂਸਰਿਆਂ ਤੱਕ ਅੱਪੜਨ ਦਾ ਸਫ਼ਰ ਵੀ ਅੱਖਰ ਦੀ ਸੂਖਮ ਭਾਵ-ਵਿਅੰਜਨਾ ਰਾਹੀਂ ਹੀ ਪੂਰਾ ਹੁੰਦਾ ਹੈ। ਉਦਾਰ ਮਨ ਦੀ ਸੂਖਮਤਾ ਨੂੰ ਉਦਾਤ ਤੇ ਪ੍ਰਭਾਵਸ਼ਾਲੀ ਬਣਾਉਣ ਲਈ, ਸਹੀ ਅੱਖਰਾਂ ਦੀ ਚੋਣ ਅਤੇ ਉਨ੍ਹਾਂ ਦਾ ਭਾਵਪੂਰਤ ਉਚਾਰਨ, ਤੁਹਾਡੀ ਮਨੋ-ਵਿਗਿਆਨਕ ਦਸ਼ਾ ਦੀ ਤਰਜਮਾਨੀ ਕਰਦੇ ਹਨ। ਇਹ ਅੱਖਰਾਂ ਦੀ ਵਿਅੰਜਨਾ ਅਤੇ ਉਚਾਰਨ ਦੀ ਕਲਾ ਹੀ ਹੈ, ਜੋ ਕਦੇ ਨ੍ਰਿਤ, ਕਦੇ ਗੀਤ, ਕਦੇ ਹਉਕੇ ਦੀ ਆਵਾਜ਼ ਬਣ ਕੇ ਸਾਡੇ ਬੁੱਲ੍ਹਾਂ 'ਤੇ ਫਰਕਦਾ ਹੈ। ਅੱਖਰਾਂ ਦੀ ਸਹੀ ਚੋਣ ਤੇ ਤਰਤੀਬ, ਕਿਸੇ ਵੀ ਫਲਸਫ਼ੇ ਦੇ ਤੱਤ ਗਿਆਨ ਨੂੰ ਸਹੀ ਰੂਪ ਵਿਚ ਪ੍ਰਸਤੁਤ ਕਰਨ ਦੇ ਯੋਗ ਬਣਾਉਂਦੀ ਹੈ।

ਮੇਰਾ ਮੰਨਣਾ ਹੈ ਕਿ ਅੱਖਰ ਨਾ ਹੁੰਦਾ ਤਾਂ ਸਾਰਾ ਸੰਸਾਰ ਗੁੰਗਾ ਹੁੰਦਾ। ਸ੍ਰਿਸ਼ਟੀ ਦੇ ਸਿਰਜਣਹਾਰ ਨੇ ਅੱਖਰਾਂ ਨੂੰ ਆਵਾਜ਼ ਦੇ ਕੇ ਸਾਡੇ ਕੰਨਾਂ ਤੱਕ ਪਹੁੰਚਾਉਣ ਦਾ ਮੁਢਲਾ ਜ਼ਰੀਆ , ਸਾਡੀ ਮਾਂ ਨੂੰ ਬਣਾਇਆ ਹੈ। ਮਾਂ ਹੀ ਆਪਣੇ ਪਲੇਠੇ ਸੰਬੋਧਨਾਂ ਰਾਹੀਂ, ਸਾਡੀ ਹਯਾਤੀ ਨੂੰ ਸਿਲਸਿਲੇਵਾਰ ਤਰਬੀਅਤ ਅਤੇ ਜੀਵਨ-ਜਾਚ ਨੂੰ ਤਰਤੀਬਾਂ ਅਤੇ ਤਰਜੀਹਾਂ ਦੀ ਸੋਝੀ ਦਿੰਦੀ ਹੈ। ਮਾਂ ਆਪਣੇ ਸ਼ੀਰੀ ਬੋਲਾਂ ਅਤੇ ਸੈਨਤਾਂ ਰਾਹੀਂ, ਸਾਡੇ ਆਲੇ-ਦੁਆਲੇ ਘੁੰਮਦੇ ਇਨਸਾਨੀ ਰਿਸ਼ਤਿਆਂ ਦਾ ਤੁਅੱਰਫ਼ ਕਰਵਾਉਂਦੀ ਹੈ, ਇਸੇ ਲਈ ਹੀ ਤਾਂ ਸਾਡੀ ਬੋਲੀ, ਮਾਂ-ਬੋਲੀ ਬਣ ਕੇ, ਮਾਂ ਦੀ ਹੋਂਦ-ਹਸਤੀ ਵਿਚ ਅਭੇਦ ਕਰ ਲੈਂਦੀ ਹੈ। ਇਸੇ ਲਈ ਹੀ ਤਾਂ ਹਰ ਮਨੁੱਖ ਲਈ, ਮਾਂ ਅਤੇ ਮਾਂ-ਬੋਲੀ (ਮਾਦਰੀ-ਜ਼ਬਾਨ) ਦੇ ਵਿਛੋੜਾ, ਦਾਸਤਾਂ ਬਣ ਕੇ, ਸਾਰੀ ਉਮਰ ਦੇ ਵਿਗੋਚਿਆਂ ਦੀ ਕਸਕ ਵਾਂਗ ਸਦਾ ਸੱਜਰਾ ਰਹਿੰਦਾ ਹੈ। ਮਾਂ ਭਾਵੇਂ ਰਵ੍ਹੇ ਭਾਵੇਂ ਨਾ ਰਵ੍ਹੇ, ਪਰ ਮਾਂ-ਬੋਲੀ, ਸਾਡੀ ਮਾਂ ਦੀ ਯਾਦ ਬਣ ਕੇ, ਸਾਡੇ ਜੀਵਨ ਦੀ ਆਖਰੀ ਧੜਕਣ ਤੱਕ, ਸਡੇ ਸਵਾਸਾਂ ਵਿਚ ਰਵਾਂ ਰਹਿੰਦੀ ਹੈ।

  ਬੀਰ ਦਵਿੰਦਰ ਸਿੰਘ

-ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ