ਮਹਾਨ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ

ਮਹਾਨ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ

(ਜਨਮ 16 ਅਕਤੂਬਰ 1670, ਸ਼ਹੀਦੀ 10 ਜੂਨ 1716)

 

ਭਾਵੇਂ ਹੋਰ ਕਈ ਇਤਿਹਾਸਕ ਸਿੱਖ ਹਸਤੀਆਂ ਨਾਲ ਇਤਿਹਾਸ ਲਿਖਣ ਵਾਲਿਆਂ ਨੇ ਬੇ-ਇਨਸਾਫੀ ਕੀਤੀ, ਪਰ ਇਸ ਮਹਾਨ ਯੋਧੇ ਅਤੇ ਸਿੱਖ ਰਾਜ ਦੇ ਮੋਢੀ ਬੰਦਾ ਸਿੰਘ ਬਹਾਦਰ ਨਾਲ ਸਭ ਤੋਂ ਵੱਧ ਬੇ-ਇਨਸਾਫੀ ਹੋਈ । ਗੈਰ ਸਿੱਖਾਂ ਦਾ ਲਿਖਿਆ ਇਤਿਹਾਸ ਵੀ ਗਵਾਹੀ ਦੇ ਰਿਹਾ ਹੈ ਕਿ ਇਹ ਮਹਾਨ ਜਰਨੈਲ ਰਤੀ ਭਰ ਵੀ ਸਿੱਖੀ ਸਿਦਕ ਤੋਂ ਨਹੀਂ ਡੋਲਿਆ, ਅਤਿ ਤਸੀਹੇ ਝੱਲੇ ਅਤੇ ਭਾਣੇ ਨੂੰ ਮਿੱਠਾ ਮੰਨਦਾ ਸ਼ਹਾਦਤ ਦਾ ਜਾਮ ਪੀ ਗਿਆ । ਇਹ ਠੀਕ ਹੈ ਕਿ ਬੰਦਾ ਸਿੰਘ, ਪਹਿਲਾ ਮਾਧੋ ਦਾਸ ਸੀ ਉਪਰੰਤ ਬੈਰਾਗੀ ਸਾਧ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੋਕੇ ਸਿੰਘ ਸੱਜਿਆ, ਫਿਰ ਗੁਰੂ ਦਾ ਬੰਦਾ ਬਣ ਗਿਆ ਅਤੇ ਸਿੱਖੀ ਦੀ ਗੁੜ੍ਹਤੀ ਨਾਲ ਬਹਾਦਰ ਬਣਕੇ ਬਹਾਦਰੀ ਦੇ ਜੌਹਰ ਦਿਖਾਉਂਦਾ ਪੰਜਾਬ ਅੰਦਰ ਗਰੀਬ, ਨਿਮਾਣੇ ਤੇ ਨਿਤਾਣੇ ਅਥਵਾ ਕਿਰਸਾਨ ਵਰਗ ਦੇ ਹੱਕਾਂ ਦਾ ਰਖਵਾਲਾ ਬਣ ਜਾਂਦਾ ਹੈ । ਫਰਾਂਸ ਦੇ ਇਨਕਲਾਬ ਤੋਂ ਇਕ ਸਦੀ ਪਹਿਲਾਂ ਪੰਜਾਬ ਵਿਚ ਸਫਲ ਇਨਕਲਾਬ ਲਿਆਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ।

ਅੱਜ ਬੰਦਾ ਸਿੰਘ ਬਾਰੇ ਨਵੇਂ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ। ਉਸਨੂੰ ਕੋਈ ਬੈਰਾਗੀ ਦੱਸ ਰਿਹਾ ਹੈ, ਅਗਿਆਨਤਾਵਸ ਲੋਕ ਉਸ ਬਾਰੇ ਆਖਦੇ ਹਨ ਕਿ ਬਾਬਾ ਬੰਦਾ ਸਿੰਘ ਜੀ ਨੇ ਗੁਰੂ ਗੋਬਿੰਦ ਜੀ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ । ਸਿੱਖ ਵਿਰੋਧੀ ਇਤਿਹਾਸਕਾਰ ਲਿਖ ਰਹੇ ਹਨ ਕਿ ਬਾਬਾ ਬੰਦਾ ਸਿੰਘ ਜੀ ਨੇ ਅੰਮ੍ਰਿਤ ਨਹੀਂ ਛੱਕਿਆ । ਇੰਜ ਕਿਉਂ ਹੋ ਰਿਹਾ ਹੈ? ਇਹ ਕੋਈ ਨਵੀਂ ਗੱਲ ਨਹੀਂ, ਪਹਿਲਾਂ ਵੀ ਹੁੰਦਾ ਰਿਹਾ ਹੈ, ਹੁਣ ਵੀ ਹੋ ਰਿਹਾ ਹੈ ਅਤੇ ਭਵਿੱਖ ਵਿਚ ਹੋਵੇਗਾ। ਇਸ ਗੱਲ ਤੋਂ ਕਿਸੇ ਨੂੰ ਵੀ ਮੁਨਕਰ ਹੋਣਾ ਸੰਭਵ ਨਹੀਂ ਹੈ ਅਤੇ ਸਚਾਈ ਹੈ ਕਿ ਬੰਦਾ ਸਿੰਘ ਜੀ ਨੇ ਖੰਡੇ ਦੀ ਪਾਹੁਲ ਲਈ ਅਤੇ ਉਸ ਦੇ ਨਾਂਵ ਵਿਚ ਤਬਦੀਲੀ ਹੋਣੀ ਹੀ ਪਹੁਲ ਲੈਣ ਦਾ ਸਬੂਤ ਹੈ । ਜੇ ਇੰਜ ਨਾ ਹੁੰਦਾ ਤਾਂ ਉਸਦਾ ਪਹਿਲਾ ਨਾਂਵ ਮਾਧੋ ਦਾਸ ਜਾਂ ਲਛਮਣ ਦਾਸ ਹੀ ਰਹਿਣਾ ਸੀ।

ਜਿਵੇਂ ਕੁਝ ਸਾਲਾਂ ਤੋਂ ਵਿਦੇਸ਼ਾਂ ਅੰਦਰ ਨਵੀਂ ਹੀ ਪਿਰਤ ਚਲ ਪਈ ਹੈ ਕਿ ਪਿੰਡਾਂ ਦੇ ਲੋਕ ਰੱਲ ਕੇ ਸਾਧਾਂ -ਸੰਤਾਂ ਦੇ ਜਨਮ ਜਾਂ ਬਰਸੀਆਂ ਨੂੰ ਬਹੁਤ ਧੂਮ-ਧਾਮ ਨਾਲ ਮਨਾਉਂਦੀਆਂ ਹਨ, ਪਰ ਕੌਮ ਦੇ ਮਹਾਨ ਸ਼ਹੀਦਾਂ ਤੇ ਜਰਨੈਲਾਂ ਨੂੰ ਕੋਈ ਜਿਆਦਾ ਮਾਨਤਾ ਨਹੀਂ ਮਿਲ ਰਹੀ । ਦੂਜੇ ਪਾਸੇ ਸਾਜਸ਼ ਅਧੀਨ ਬੈਰਾਗੀ ਲੋਕਾਂ ਵਲੋਂ ਵਿਸ਼ੇਸ਼ ਜੱਥੇਬੰਦੀਆਂ ਬਣਾਕੇ ਬੰਦਾ ਸਿੰਘ ਨੂੰ ਬੈਰਾਗੀ ਬੰਦਾ ਸਿੰਘ ਆਖਕੇ, ਉਸਦੀ ਯਾਦ ‘ਚ ਸਮਾਗਮ ਕਰਨ ਲੱਗ ਪਏ ਹਨ। ਤਾਂਹੀਓ ਅਜੋਕੇ ਸਮੇਂ ਕੁਝ ਲੋਕਾਂ ਨੇ ਭਗਤ ਰਵਿਦਾਸ ਜੀ ਦੀ ਯਾਦ ‘ਚ ਸਮਾਗਮ ਕਰਦੇ ਹਨ ਤੇ ਨਾਮਦੇਵ ਨੂੰ ਵੀ ਇਕ ਫਿਰਕੇ ਦੇ ਲੋਕ ਹੀ ਅਪਨਾਈ ਬੈਠੇ ਹਨ। ਜਾਪਦਾ ਹੈ ਕਿ ਜੱਟਾਂ ਨੇ ਵੀ ਭਗਤ ਧੰਨੇ ਨੂੰ ਆਪਣੇ ਕਬਜੇ ਵਿਚ ਕਰ ਲੈਣਾ ਹੈ । ਇਹ ਕਿਉਂ ਹੋ ਰਿਹਾ ਹੈ? ਇਸਦੇ ਦੋ ਮੁੱਖ ਕਾਰਨ ਹਨ। ਪਹਿਲਾਂ ਅਗਿਆਨਤਾ, ਦੂਸਰਾ, ਸਿੱਖ ਵਿਰੋਧੀ ਏਜੰਸੀਆਂ ਵਲੋਂ ਬੰਦਾ ਸਿੰਘ ਸੱਚੀ ਮੁੱਚੀਂ ਇੱਕ ਬਹਾਦਰ ਸਿੱਖ ਯੋਧਾ ਸੀ, ਜਿਸਨੇ ਬਹੁਤ ਥੋੜੇ ਸਮੇਂ ਦੇ ਅੰਦਰ ਮੁਗਲ ਰਾਜ ਨੂੰ ਹਿਲਾਕੇ ਰੱਖ ਦਿੱਤਾ । ਮੁਗਲ ਸਰਕਾਰ ਨੇ ਸਿੱਖਾਂ ‘ਵਿਚ ਫੁੱਟ ਪਵਾਉਣ ਦਾ ਜਤਨ ਕੀਤਾ । ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੰਦਾ ਸਿੰਘ ਪਾਸ ਸੀਮਤ ਸਾਧਨ ਸਨ ਤੇ ਹਥਿਆਰ ਵੀ ਵਿਸ਼ੇਸ਼ ਨਹੀਂ ਸਨ। ਦੂਜੇ ਪਾਸੇ ਉਸਦੇ ਵਿਰੁੱਧ ਤਿੰਨ ਮੁਸਲਮਾਨ ਬਾਦਸ਼ਾਹ, ਪੰਜ ਸ਼ਹਿਜ਼ਾਦੇ, 30 ਹਿੰਦੂ ਰਾਜੇ ਤੇ ਜਰਨੈਲ, 120 ਸੀਨੀਅਰ ਮੁਸਲਮਾਨ ਜਰਨੈਲ, ਫੌਜ਼ਦਾਰ ਤੇ ਸੂਬੇਦਾਰ । ਇਹ ਵੀ ਇਤਿਹਾਸਕ ਸਚਾਈ ਹੈ ਕਿ ਬੰਦੇ ਦੀ ਫੌਜ਼ ਵਿਚ ਇਕ ਵੀ ਹਿੰਦੂ ਨਹੀਂ ਸੀ ਸ਼ਾਮਲ ਹੋਇਆ ।

ਜਿਵੇਂ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਕੇ, ਸਿੱਖਾਂ ਦੇ ਸਿਰ ਹੀ ਦੋਸ਼ ਮੜੇ ਗਏ, ਤੇ ਛੋਛੇ ਛੱਡੇ ਗਏ ਤੇ ਸਿੱਖ ਲੋਕ ਆਪਣਾ ਆਪ ਹੀ ਦੋਸ਼ੀ ਹੋਣ ਨੂੰ ਪ੍ਰਵਾਣ ਕਰਣ ਲੱਗੇ। ਉਸ ਤਰ੍ਹਾਂ ਹੀ ਮੁਗਲਾਂ ਵਲੋਂ ਬੰਦਾ ਸਿੰਘ ਵਿਰੁੱਧ ਭੰਡੀ ਪ੍ਰਚਾਰ ਕੀਤਾ ਗਿਆ। ਬੰਦਾ ਸਿੰਘ ਨੇ ਕੋਈ ਸਿੱਖੀ ਵਿਰੁੱਧ ਕਰਨ ਨਹੀਂ ਕੀਤਾ। ਉਸਨੇ ਕਦੀ ਗਦੀ ਨਹੀਂ ਲਾਈ। ਸਗੋਂ, ਉਸਨੇ ਜਿਤਾਂ ਕਰਕੇ ਵੱਖ ਵੱਖ ਜੱਥੇਦਾਰ ਥਾਪ ਦਿੱਤੇ। ਉਸਨੇ ਵਿਆਹ ਕਰਾਏ, ਪਰ ਵਿਆਹ ਕਰਾਉਣੇ ਸਿੱਖ ਵਿਰੋਧੀ ਕਰਮ ਨਹੀਂ ਸਨ। ਉਹ ਹਰ ਕਾਰਜ ਅਰੰਭ ਕਰਨ ਤੋਂ ਪਹਿਲਾਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੀ। ਉਸਨੇ ਆਪਣੀ ਹਰ ਜਿੱਤ ਤੇ ਤਾਕਤ ਨੂੰ ਗੁਰੂਆਂ ਦੀ ਬਖਸ਼ਿਸ਼ ਮੰਨਿਆ,

ਦੇਗ਼ੋ-ਤੇਗ਼ੋ-ਫ਼ਤਿਹ-ਓ-ਨੁਸਰ ਬੇਦਿਰੰਗ ।

ਯਾਫ਼ਤ ਅ૭ਜ਼ ਨਾਨਕ-ਗੁਰੂ ਗੋਬਿੰਦ ਸਿੰਘ ।

(ਦੇਗ,ਤੇਗ ਅਤੇ ਫ਼ਤਿਹ ਬਿਨ੍ਹਾਂ ਕਿਸੇ ਦੇਰੀ ਤੋਂ, ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਤੋਂ ਹਾਸਿਲ ਹੋਈ

ਬਾਬਾ ਬੰਦਾ ਸਿੰਘ ਵਲੋਂ ਥੋੜੇ ਸਮੇਂ ਅਤੇ ਸੀਮਤ ਸਾਧਨਾਂ ਨਾਲ ਜਿੱਤਾਂ ਪ੍ਰਾਪਤ ਕਰਨਾ, ਇੱਕ ਕਰਾਮਾਤ ਹੀ ਆਖੀ ਜਾ ਸਕਦੀ ਹੈ । ਉਸਨੇ 700 ਸਾਲ ਦੀ ਵਿਦੇਸ਼ੀ ਹਕੂਮਤ ਨੂੰ ਹਿਲਾਕੇ ਰੱਖ ਦਿੱਤਾ । ਇਸ ਜਦੋ ਜਹਿਤ ਵਿਚ 30 ਸਿੱਖ ਕੌਮ ਨੇ ਦਿਲ ਨਹੀਂ ਛੱਡਿਆ ਅਤੇ ਕੌਮੀ ਅਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ । ਕਿਸੇ ਹੋਰ ਧਰਮ ਦੇ ਅਸਥਾਨ ਦਾ ਨੁਕਸਾਨ ਨਹੀਂ ਕੀਤਾ। ਬੰਦਾ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ 700 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਇਹ ਸਭ ਕੁਝ ਬੰਦਾ ਸਿੰਘ ਦੀ ਹਾਜ਼ਰੀ ਵਿੱਚ ਕੀਤਾ । ਕਿਸੇ ਇਕ ਨੇ ਵੀ ਸਿੱਖ ਸਿਦਕ ਨਹੀਂ ਛੱਡਿਆ। ਆਖ਼ਰ ਇਹ ਮਹਾਨ ਜਰਨੈਲ 10 ਜੂਨ 1716 ਨੂੰ ਖਿੜੇ ਮੱਥੇ ਤਸੀਹੇ ਝੱਲਦਾ ਸ਼ਹੀਦ ਹੋ ਗਿਆ।

 

ਡਾ.ਪੂਰਨ ਸਿੰਘ