ਅੱਖੀ ਦੇਖਿਆ ਤੇ ਹੰਡਾਇਆ ਜੂਨ 1984 : (ਭਾਗ 1)

ਅੱਖੀ ਦੇਖਿਆ ਤੇ ਹੰਡਾਇਆ ਜੂਨ 1984 : (ਭਾਗ 1)

 1 ਜੂਨ 1984
ਜਿਸ ਨੂੰ ਦਾਸ ਨੇ ਬਹੁਤ ਹੀ ਨੇੜੇ ਤੋਂ ਅੱਖੀਂ ਦੇਖਿਆਂ ਅਤੇ ਆਪਣੇ ਸਰੀਰ ਤੇ ਪੰਜ ਸਾਲਾਂ ਦਾ ਵੱਖੋ ਵੱਖਰੀਆਂ ਜੇਲ੍ਹਾਂ ਵਿੱਚ ਹੰਡਾਇਆ(ਜ਼ੁਲਮ)!

ਅੱਜ 37 ਸਾਲਾਂ ਦਾ ਲੰਮਾ ਸਮਾਂ ਬੀਤਣ ਤੋਂ ਬਆਦ ਵੀ ਸਿੱਖ ਕੌਮ ਨੂੰ ਕਿਸੇ ਵੀ ਸਰਕਾਰ ਵੱਲੋਂ ਅਤੇ ਜਾਂ ਲੋਕ ਤੰਤਰ  ਇੰਨਸਾਫ ਦਾ ਹੋਕਾ ਦੇਣ ਵਾਲੀ ਕਿਸੇ ਵੀ ਪਾਰਟੀ ਵੱਲੋਂ ਕੋਈ ਇੰਨਸਾਫ ਨਹੀ ਮਿਲਿਆ, ਆਖਰ ਕਿਉ ???

ਪੁਲੀਸ- ਸੀ.ਆਰ.ਪੀ.ਅਤੇ ਬੀ.ਐਸ.ਐਫ ਨੇ ਸੱਚ-ਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸ੍ਰੀ ਅੰਮ੍ਰਿਤਸਰ ਨੂੰ ਪਹਿਲਾਂ ਹੀ ਇੰਨ੍ਹਾਂ ਫੋਰਸਾਂ ਨੇ ਵੱਡੀ ਗਿਣਤੀ ਵਿੱਚ ਘੇਰਾ ਪਾਇਆ ਹੋਇਆ ਸੀ। 

ਸ੍ਰੀ ਗੁਰੂ ਰਾਮਦਾਸ ਜੀ ਮਹਾਰਜ ਦੇ ਲੰਗਰ ਦੇ ਨੇੜੇ ਉਦਾਸੀ ਸਾਧੂਆਂ ਦਾ ਅਖਾੜਾ ਬ੍ਰਹਮ ਬੂਟਾ ਹੈ, ਉਸ ਸਮੇ ਬਾਲਾਨੰਦ ਅਖਾੜੇ ਤਕ, ਸੀ.ਆਰ.ਪੀ. ਅਤੇ ਬੀ.ਐਸ.ਐਫ. ਦੀਆਂ ਫੋਰਸਾਂ ਆਈਆਂ ਹੋਈਆਂ ਸਨ, ਜਿਨ੍ਹਾਂ ਨੇ ਮੋਚੀ ਬਜ਼ਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰੀਆਂ ਉਚੀਆਂ ਉਚੀਆਂ ਇਮਾਰਤਾਂ ਉੱਤੇ ਮੋਰਚਾ ਬੰਦੀ ਕੀਤੀ ਹੋਈ ਸੀ, ਇਨ੍ਹਾਂ ਫੋਰਸਾਂ ਨੇ ਪਹਿਲਾਂ ਵੀ 17 ਫ਼ਰਵਰੀ 1984 ਨੂੰ ਸ੍ਰੀ ਦਰਬਾਰ ਸਾਹਿਬ ਤੇ ਗੋਲੀ ਚਲਾਈ ਸੀ। 

1 ਜੂਨ ਵਾਲੇ ਦਿਨ ਵੀ ਰੋਜ਼ਾਨਾ ਦੀ ਤਰਾਂ ਸਿੱਖ ਸੰਗਤਾਂ ਦਰਬਾਰ ਸਾਹਿਬ ਵਿਖੇ ਦਰਸ਼ਨਾਂ  ਲਈ ਆ ਜਾ ਰਹੀਆਂ ਸਨ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਆਪਣੇ ਜਥੇ ਦੇ ਸਿੰਘਾਂ ਸਮੇਤ ਉਸ ਦਿਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਲੰਗਰ ਦੀ ਉੱਤਲੀ ਛੱਤ ਉੱਤੇ ਸਿੱਖ ਸੰਗਤਾਂ ਨਾਲ ਰੋਜ਼ਾਨਾ ਦੀ ਤਰਾਂ ਵਿਚਾਰ ਸਾਂਝੇ ਕਰ ਰਿਹੇ ਸਨ। 

1 ਜੂਨ 1984 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਆਪੁਣੇ ਮੁਲਾਜਮਾਂ ਦੇ ਕੁਆਟਰਾਂ ਦੀ ਦੇਖ ਰੇਖ ਕੀਤੀ ਜਾ ਰਹੀ ਸੀ ਅਤੇ ਜੋ ਉਦਾਸੀ ਸਾਧੂਆਂ ਦੇ ਬ੍ਰਹਮ ਬੂਟੇ ਅਖਾੜੇ ਦੇ ਨਾਲ ਲੱਗਦੇ ਸਨ ਜਿੱਥੇ ਇਕ ਮੋਟਾ ਭਾਰਾ ਸੰਗਲ ਵੀ ਲੱਗਾ ਹੁੰਦਾ ਸੀ, ਉਸ ਸੰਗਲ ਵਾਲੀ ਜਗਾ ਉਤੇ ਕਮੇਟੀ ਨੇ ਆਪਣੇ ਮੁਲਾਜ਼ਮਾਂ ਅਤੇ ਸਿੱਖ ਸੰਗਤਾਂ ਦੀ ਹਿਫ਼ਾਜ਼ਤ ਲਈ ਕੰਧ ਕਰਨ ਲੱਗੇ ਤਾਂ ਉਸ ਸਮੇ ਪੁਲੀਸ ਸੀ.ਆਰ.ਪੀ. ਵਾਲਿਆਂ ਨੇ ਕੰਧ ਕਰਨ ਤੋ ਰੋਕ ਦਿੱਤਾ ਅਤੇ ਕਿਹਾ ਕਿ ਤੁਹਾਨੂੰ ਇੱਥੇ ਕੰਧ ਨਹੀ ਕਰਨ ਦਿੱਤੀ ਜਾਵੇ ਗੀ ਅਤੇ ਸੀ. ਆਰ. ਪੀ. ਪੁਲੀਸ ਨੇ ਧੱਕੇ ਨਾਲ ਕੰਧ ਕਰਨ ਤੋ ਰੋਕਿਆ। 

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ੁੰਮੇਵਾਰ ਮੁਲਾਜ਼ਮਾਂ ਨੇ ਪੁਲੀਸ ਦੇ ਅਫਸਰਾਂ ਨੂੰ ਕਿਹਾ ਕਿ ਅਸੀ ਤਾਂ ਗੁਰੂ-ਘਰ ਦੇ ਕੰਪਲੈਕਸ ਵਾਲੀ ਜਗਾ ਉੱਤੇ ਹੀ ਇਹ ਕੰਧ ਕਰ ਰਹੇ ਹਾਂ। ਸਾਨੂੰ ਕਿਉਂ ਰੋਕਿਆ ਜਾ ਰਿਹਾ ਹੈ, ਪਰ ਉਸ ਸਮੇਂ ਸਰਕਾਰ ਦੇ ਉਨ੍ਹਾਂ ਪੁਲੀਸ ਅਫਸਰਾਂ ਨੇ ਇਸ ਗੱਲ-ਬਾਤ ਨੂੰ ਸਿਰਫ ਇੱਕ ਬਹਾਨਾ ਹੀ ਬਣਾਇਆਂ ਸੀ। ਜਦੋ ਕਿ ਸਰਕਾਰ ਦੇ ਮਨਸੂਬਿਆਂ ਤੋਂ ਇਹ ਸਾਫ਼ ਪਤਾ ਲੱਗਦਾ ਸੀ ਕਿ ਪੁਲੀਸ ਹਮਲਾ ਕਰਕੇ ਇਹ ਪਤਾ ਕਰਨਾ ਚਹੁੰਦੀ ਹੈ ਕਿ ਸਿੰਘਾਂ ਵੱਲੋ ਬਣਾਇ ਗਏ ਕੁੱਝ ਮੋਰਚਿਆਂ ਵਾਰੇ ਪਤਾ ਲੱਗ ਸਕੇ ਅਤੇ ਇਹ ਵੀ ਪਤਾ ਲੱਗ ਸਕੇ ਕਿ ਇਨ੍ਹਾਂ ਕੋਲੇ ਕਿਹੜੇ ਕਿਹੜੇ ਹਥਿਆਰ ਹਨ,ਇਹ ਸਭ ਕੁੱਝ ਪਤਾ ਕਰਨ ਲਈ ਸੀ.ਆਰ.ਪੀ. ਅਤੇ ਬੀ.ਐਸ.ਐਫ. ਦੇ ਅਫਸਰਾਂ ਨੇ ਇੱਕ ਕੰਧ ਦੇ ਬਹਾਨੇ ਨੂੰ ਲੈਕੇ ਹੀ ਗੋਲੀਆਂ ਚਲਾਉਣੀਆਂ ਸੁਰੂ ਕਰ ਦਿਤੀਆਂ ਸਨ। 

ਉਸ ਸਮੇੰ ਭਾਵੇਂ ਪਹਿਲਾ 19 ਜੁਲਾਈ 1982 ਨੂੰ ਇਹ ਮੋਰਚਾ ਗ੍ਰਿਫਤਾਰ ਕੀਤੇ ਗਏ ਆਲ ਇੰਡੀਆ ਸਿੱਖ ਸਟੂਡੈਂਟ ਫਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਅਤੇ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤੇ ਦੇ ਜਥੇਦਾਰ ਬਾਬਾ ਠਾਰਾ ਸਿੰਘ ਜੀ ਦੀ ਰਿਹਾਈ ਵਾਸਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਲਾਇਆ ਸੀ।  

ਪਰ 4 ਅਗਸਤ 1982 ਨੂੰ ਸਮੁੱਚੀ ਸਿੱਖ ਕੌਮ ਵੱਲੋਂ ਆਪੁਣੇ ਬਣਦੇ ਹੱਕਾਂ ਦੀ ਪ੍ਰਾਪਤੀ ਵਾਸਤੇ ਅਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਸਾਰੀਆਂ ਸਿੱਖ ਜਥੇਬੰਦੀਆਂ ਨੇ ਮਿਲਕੇ ਜੋ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਗੋਵਾਲ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਧਰਮ ਯੁੱਧ ਮੋਰਚੇ ਦੇ ਰੂਪ ਵਿੱਚ ਚਲ ਰਿਹਾ ਸੀ। ਜਿਸ ਵਿੱਚ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਦੇਣ ਲਈ ਸਿੱਖ ਸੰਗਤਾਂ ਵੱਡੇ ਵੱਡੇ ਜੱਥੇ ਲੈਕੇ ਆਉਂਦੀਆਂ ਸਨ ਸਮੇਂ ਦੀ ਸਰਕਾਰ ਨੇ ਸਿੱਖਾਂ ਦੀਆਂ ਬਣਦੀਆਂ ਹੱਕੀ ਮੰਗਾਂ ਤਾਂ ਕੀ ਦੇਣੀਆਂ ਸਨ, ਉਲਟਾ ਸਿੱਖ ਕੌਮ ਨੂੰ ਹੀ ਖਤਮ ਕਰਨ ਦੇ ਲਈ ਆਪਣੇ ਮਾੜੇ ਮਨ ਸੂਬਿਆਂ ਅਨੁਸਾਰ ਸੱਚ-ਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ। 

1 ਜੂਨ 1984 ਦਿਨ ਸ਼ੁੱਕਰਵਾਰ ਨੂੰ ਦੁਪਹਿਰੇ 12.30 ਵਜੇ ਗੋਲੀਆਂ ਚਲਾਕੇ ਸੱਚ-ਖੰਡ ਸ੍ਰੀ ਦਰਬਾਰ ਸਾਹਿਬ ਤੇ ਉਸ ਸਾਕੇ ਨੂੰ ਮੁੜ ਦੋਰਾਹ ਦਿੱਤਾ ਜੋ 222 ਸਾਲ, ਪਹਿਲਾਂ ਮੁਗਲੀਆ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕਰਕੇ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਵੀ ਅਤੇ ਸਿੱਖ ਕੌਮ ਦਾ ਕਤਲਿਆਮ ਕੀਤਾ ਸੀ।  ਅਹਿਮਦ ਸ਼ਾਹ ਅਬਦਾਲੀ ਤਾਂ ਭਾਵੇਂ ਇੱਕ ਵਿਦੇਸ਼ੀ ਹਮਲਾਵਰ ਸੀ, ਸਿੱਖ ਕੌਮ ਅਤੇ ਖਾਲਸਾ ਪੰਥ ਨੇ ਉਸ ਨੂੰ ਵੀ ਮੂੰਹ ਤੋੜ ਜੁਬਾਵ ਦਿੱਤਾ। ਪਰ ਦੁੱਖ ਅਤੇ ਅਫ਼ਸੋਸ ਤਾਂ ਇਸ ਗੱਲ ਦਾ ਕਿ ਜਿਸ ਸਿੱਖ ਕੌਮ ਨੇ ਆਪਣੇ ਦੇਸ਼ ਪੰਜਾਬ ਦਾ ਰਾਜ-ਭਾਗ ਛੱਡ ਕੇ ਭਾਰਤ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਿੱਖ ਕੌਮ ਨੇ 90% ਮਹਾਨ ਕੁਰਬਾਨੀਆਂ ਦਿੱਤੀਆਂ ਸਨ, ਅੱਜ ਉਸੇ ਦੇਸ਼ ਦੀ ਪੁਲੀਸ, ਸੀ ਆਰ ਪੀ ਅਤੇ ਬੀ.ਐਸ.ਐਫ, ਨੇ ਹਮਲਾ ਕਰ ਦਿੱਤਾ, ਜਿਹੜਾ ਅਸਥਾਨ ਸਰਬ-ਸਾਂਝੀ ਵਾਲਤਾ ਦਾ ਸਮੁੱਚੀ ਮਾਨਵਤਾਂ ਨੂੰ ਸੰਦੇਸ਼ ਅਤੇ ਉਪਦੇਸ਼ ਦਿੰਦਾ ਹੈ ਵਿਖੇ 1 ਜੂਨ 84 ਨੂੰ ਲਗਾਤਾਰ ਸ਼ਾਮ ਦੇ 8 ਵਜੇ ਤੱਕ ਮੀਂਹ ਵਾਂਗ ਸਿੱਧੀਆਂ ਸਿੱਖ ਸੰਗਤਾਂ ਉੱਤੇ ਗੋਲੀਆਂ ਚਲਾਈਆਂ ਗਈਆਂ। 

ਜਿਥੇ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਨ ਲਈ ਆਈਆਂ ਸਿੱਖ ਸੰਗਤਾਂ ਵਿੱਚ ਕਿਸੇ ਵੀ ਯਾਤਰੂ, ਬੀਬੀਆਂ, ਬੱਚਿਆਂ ਬਜੁਰਗਾਂ ਨੂੰ ਵੀ ਨਹੀ ਬਖਸ਼ਿਆ ਗਿਆ ਅਤੇ ਇਸ ਕੀਤੇ ਗਏ ਹਮਲੇ ਵਿੱਚ ਸੱਚ-ਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਵੀ ਗੋਲੀਆਂ ਦੇ ਬ੍ਰਸਟ ਮਾਰੇ ਗਏ ਅਤੇ ਸ੍ਰੀ ਅਕਾਲ ਤਖਤ ਸਾਹਿਬ, ਗੁਰੂ ਰਾਮਦਾਸ ਲੰਗਰ, ਬਾਬਾ ਅਟੱਲ, ਮੰਜੀ ਸਾਹਿਬ ਦੀਵਾਨ ਹਾਲ ਆਦਿਕ ਉਤੇ ਬਹੁਤ ਭਿਆਨਕ ਮੀਂਹ ਵਾਂਗ ਗੋਲੀਆਂ ਨਾਲ ਚਾਰ ਚੁਫੇਰੇ ਤੋ  ਹਮਲਾ ਕੀਤਾ ਗਿਆ, ਜਿਸ ਵਿੱਚ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਰਾਮ ਸਿੰਘ ਜੀ ਯੂ.ਪੀ. ਵਾਲੇ ਸ੍ਰੀ ਦਰਬਾਰ ਸਾਹਿਬ ਦੀਆ ਪ੍ਰਕਰਮਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਕੋਲ਼ੇ ਸ਼ਹੀਦ ਹੋਏ ਅਤੇ ਅਖੰਡ ਕੀਰਤਨੀ ਜਥੇ ਦੇ ਭਾਈ ਮਹਿੰਗਾ ਸਿੰਘ ਜੀ ਬੱਬਰ, ਬਾਬਾ ਅਟੱਲ ਰਾਇ ਜੀ ਦੇ ਅਸਥਾਨ ਤੇ ਸ਼ਹੀਦ ਹੋਏ ਅਤੇ ਇਸ ਹਮਲੇ ਦੌਰਾਨ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਆਈਆਂ ਯਾਤਰੂ ਸਿੱਖ ਸੰਗਤਾਂ ਨੂੰ ਵੀ ਸ਼ਹੀਦ ਕੀਤਾ ਗਿਆ, ਇਸ ਗੋਲੀ ਦੇ ਹਮਲੇ ਦੌਰਾਨ 11 ਸਿੰਘ ਸ਼ਹੀਦ ਕੀਤੇ ਗਏ ਅਤੇ 25 ਵੱਧ ਗੰਭੀਰ ਜਖਮੀ ਹੋਏ। 

ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਤੇ ਜਨਰਲ ਸਰਦਾਰ ਸੁਬੇਗ ਸਿੰਘ ਜੀ ਵੱਲੋਂ ਸਾਰੇ ਸਿੰਘਾਂ ਨੂੰ ਮੋਰਚਿਆਂ ਵਿੱਚ ਜਾਣ ਦਾ ਹੁਕਮ ਭਾਵੇਂ ਦਿੱਤਾ ਗਿਆ ਸੀ, ਪਰ ਨਾਲ ਹੀ ਸਾਰੇ ਸਿੰਘਾਂ ਨੂੰ ਬਹੁਤ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਜਿੰਨਾਂ ਚਿਰ ਪੁਲੀਸ ਵਾਲੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਆਉਂਦੇ ਉਨ੍ਹਾਂ ਚਿਰ ਤੁਸੀ ਕਿਸੇ ਵੀ ਸਿੰਘਾਂ ਨੇ ਕੋਈ ਜੁਵਾਬੀ ਕਾਰਵਾਈ ਨਹੀਂ ਕਰਨੀ ਹੈ। ਜਦੋ ਪੁਲੀਸ ਸ੍ਰੀ ਦਰਬਾਰ ਸਾਹਿਬ ਅੰਦਰ ਆ ਜਾਵੇ ਫੇਰ ਕਿਸੇ ਵੀ ਸਿੰਘ ਨੇ ਕੋਈ ਢਲਿਆਈ ਵੀ ਨਹੀਂ ਕਰਨੀ ਲੋਹੇ ਦੇ ਚਣੇ ਚਬਾਉਣੇ ਹਨ। ਉਸ ਸਮੇ ਬਾਹਰੋਂ ਹੀ ਮੋਰਚਿਆਂ ਵਿੱਚੋਂ ਪੁਲੀਸ, ਸੀ. ਆਰ. ਪੀ.ਅਤੇ ਬੀ. ਐਸ. ਐਫ. ਵੱਲੋਂ ਲਗਾਤਾਰ ਸਾਵਣ ਦੇ ਮੀਂਹ ਵਾਂਗ ਗੋਲ਼ੀਆਂ ਚਲਾਉਦੀ ਰਹੀ। 

ਇਹ ਸਭ ਕੁੱਝ ਮੈਂਨੂੰ ਸਿਰਫ ਜੂਨ ਦੇ ਮਹੀਨੇ ਵਿੱਚ ਹੀ ਯਾਦ ਨਹੀਂ ਆਉਂਦਾ ਇਹ ਜੁਲਮ ਦਾ ਵਰਤਿਆਂ ਵਰਤਾਰਾ ਘਲੂਘਾਰਾ ਦੇ ਰੂਪ ਵਿੱਚ ਹਮੇਸ਼ਾਂ ਹੀ ਯਾਦ ਰਹਿੰਦਾ ਹੈ -
1984 ਦਾ ਇਹ ਘਲੂਘਾਰਾ, 
ਸੁਨਹਿਰੀ ਗੁੰਬਦ ਉੱਤੇ ਕਾਲੇ ਧੂੰਏ ਦਾ ਪ੍ਰਛਾਵਾਂ !
ਅੰਮ੍ਰਿਤ ਸਰੋਵਰ ਵਿੱਚ ਲਹੂ ਦੀ ਲਾਲੀ ! 
ਦੁੱਧ ਚਿੱਟੇ ਸੰਗਮਰਮਰ ਤੇ ਸਰਕਾਰੀ ਬੂਟਾਂ ਦਾ ਖਰੂਦ !
ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਚਲ ਰਿਹਾ ਅਤੁੱਟ ਲੰਗਰ !
ਸਿਮਰਨ ਅਤੇ ਸ਼ਬਦ ਕੀਰਤਨ ਕਦੇ ਰੁਕਿਆ ਵੀ ਸੀ !
ਕਦੇ ਮੁੱਖ-ਵਾਕਿ ਤੋਂ ਬਿਨਾਂ ਵੀ ਜਾਗਿਆ ਸੀ ਸਹਿਮਿਆ ਨਗਰ !
ਕੁੱਝ ਗੋਲੀਆਂ ਕੰਧਾਂ ਜਾਂ ਸੀਨਿਆਂ 'ਚ ਨਹੀਂ ਵੱਜਦੀਆਂ
ਚੇਤਿਆਂ 'ਚ ਵੱਜਦੀਆਂ ਹਨ !
ਕੁੱਝ ਧਮਾਕੇ ਜ਼ਹਿਨ 'ਚ ਹੁੰਦੇ ਹਨ !
ਇਤਿਹਾਸ ਜ਼ਖਮੀ ਹੁੰਦਾ ਹੈ ! 
ਇਹ ਸਭ ਮੈਂਨੂੰ ਜੂਨ 'ਚ ਹੀ ਯਾਦ ਨਹੀਂ ਆਉਂਦਾ
ਹਮੇਸ਼ਾਂ ਯਾਦ ਰਹਿੰਦਾ ਹੈ !

 ਚੱਲਦਾ....

ਬਾਬਾ ਮੁਖਤਿਆਰ ਸਿੰਘ

ਮੁਖੀ USA (ਵਿਦਿਆਰਥੀ ਦਮਦਮੀ ਟਕਸਾਲ)