ਜਦੋਂ ਅਕਾਲ ਨੇ ਸਾਡੇ ਪਿੰਡ ਚਰਨ ਪਾਏ....

ਜਦੋਂ ਅਕਾਲ ਨੇ ਸਾਡੇ ਪਿੰਡ ਚਰਨ ਪਾਏ....
ਨਗਰ ਕੀਰਤਨ ਦੀ ਇੱਕ ਝਲਕ

ਸੁਖਵਿੰਦਰ ਸਿੰਘ ਭਰਤਗੜ੍ਹ
ਮੇਰਾ ਪਿੰਡ ਭਰਤਗੜ੍ਹ ਹੈ ਜੋ ਰੋਪੜ-ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਪੈਂਦਾ ਹੈ ਤੇ ਰੋਪੜ ਅਤੇ ਅਨੰਦਪੁਰ ਸਾਹਿਬ ਦੇ ਸਫਰ ਦਾ ਅੱਧ ਹੈ। ਕੌਮੀ ਸ਼ਾਹ-ਮਾਰਗ ਦੇ ਦੋਵੇਂ ਪਾਸੇ ਫੈਲਿਆ ਇਹ ਇਤਿਹਾਸਕ ਪਿੰਡ ਪੁਰਾਤਨ ਸਮਿਆਂ ਤੋਂ ਹੀ ਆਲੇ ਦੁਆਲੇ ਦੇ ਪਿੰਡਾਂ ਲਈ ਇੱਕ ਵਪਾਰ ਦਾ ਕੇਂਦਰ ਰਿਹਾ ਹੈ, ਜਿਸ ਕਾਰਨ ਇੱਥੇ ਤੁਹਾਨੂੰ ਇੱਕ ਕਸਬੇ ਦੀ ਝਾਤ ਵੀ ਮਿਲ ਸਕਦੀ ਹੈ। ਅਨੰਦਪੁਰ ਸਾਹਿਬ ਦੇ ਪੁਰਾਤਨ ਮਾਰਗ 'ਤੇ ਹੋਣ ਕਾਰਨ ਸੰਭਵ ਹੈ ਕਿ ਕਈ ਗੁਰੂ ਸਾਹਿਬਾਨ ਦੀ ਚਰਨ ਛੋਹ ਇਸ ਪਿੰਡ ਦੀ ਧਰਤ ਨੂੰ ਹਾਸਿਲ ਹੋਈ ਹੋਵੇਗੀ ਪਰ ਮੂਲ ਤੌਰ 'ਤੇ ਇਸ ਪਿੰਡ ਦੀ ਧਰਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਇੱਕ ਰਾਤ ਦੇ ਪੜਾਅ ਨੂੰ ਆਪਣੇ ਤਾਜ ਦਾ ਹੀਰਾ ਬਣਾ ਕੇ ਸਾਂਭ ਰਹੀ ਹੈ। 
ਨਗਰ ਕੀਰਤਨ ਦੇ ਇੱਕ ਪੜਾਅ 'ਤੇ ਸਜਿਆ ਢਾਡੀ ਦੀਵਾਨ

ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਅਲੌਕਿਕ ਸ਼ਹਾਦਤ ਦੇਣ ਲਈ ਅਨੰਦਪੁਰ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋਏ ਤਾਂ ਉਹਨਾਂ ਇਸ ਪਿੰਡ ਵਿੱਚ ਇੱਕ ਰਾਤ ਦਾ ਪੜਾਅ ਕੀਤਾ। ਇੱਥੇ ਗੁਰੂ ਪਾਤਸ਼ਾਹ ਨੇ ਸੰਗਤ ਸਜਾਈ 'ਤੇ ਸਿੱਖੀ ਦਾ ਬੂਟਾ ਲਾਇਆ ਜੋ ਅੱਜ ਵੀ ਫਲ ਰਿਹਾ ਹੈ ਅਤੇ ਸਦੀਵੀ ਫਲਦਾ ਰਹੇਗਾ। ਇਸ ਪਿੰਡ ਦੀ ਸੰਗਤ ਨੇ ਗੁਰੂ ਪਾਤਸ਼ਾਹ ਦੀ ਇਤਿਹਾਸਕ ਯਾਦ ਨੂੰ ਸਾਂਭਣ ਲਈ ਗੁਰੂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਚੁਣਿਆ ਅਤੇ ਇਸ ਦਿਹਾੜੇ 'ਤੇ ਸਾਲਾਨਾ ਜੋੜ ਮੇਲਾ ਮਨਾਉਣਾ ਸ਼ੁਰੂ ਕੀਤਾ ਜੋ ਸੀਨਾ-ਬਸੀਨਾ ਕਈ ਪੀੜ੍ਹੀਆਂ ਤੋਂ ਚਲਦਾ ਹੋਇਆ ਅੱਜ ਤੱਕ ਜਾਰੀ ਹੈ। 

ਗੁਰਦੁਆਰਾ ਮੰਜੀ ਸਾਹਿਬ, ਭਰਤਗੜ੍ਹ

ਇਸ ਸ਼ਹੀਦੀ ਜੋੜ ਮੇਲੇ ਵਿੱਚ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਗੁਰਦੁਆਰਾ ਮੰਜੀ ਸਾਹਿਬ ਤੋਂ ਸ਼ੁਰੂ ਹੋ ਕੇ ਪਹਿਲੇ ਸਿੱਖ ਨਵਾਬ, ਨਵਾਬ ਕਪੂਰ ਸਿੰਘ ਦੇ ਇਤਿਹਾਸਕ ਕਿਲ੍ਹੇ 'ਤੇ ਆਖਰੀ ਪੜਾਅ ਕਰਦਾ ਹੈ। ਇਸ ਨਗਰ ਕੀਰਤਨ ਵਿੱਚ ਢਾਡੀ ਜਥੇ ਗੁਰ ਇਤਿਹਾਸ ਦੀਆਂ ਵਾਰ੍ਹਾਂ ਸੁਣਾਉਂਦੇ ਹਨ। ਪਿੰਡ ਦੇ ਨੌਜਵਾਨਾਂ ਵੱਲੋਂ ਚਲਾਇਆ ਜਾਂਦੇ ਗੁਰੂ ਤੇਗ ਬਹਾਦਰ ਸਾਹਿਬ ਗੱਤਕਾ ਅਖਾੜੇ ਦੇ ਭੁਝੰਗੀ ਗੱਤਕਾ ਖੇਡਦੇ ਹੋਏ ਨਗਰ ਕੀਰਤਨ ਦਾ ਸ਼ਿੰਗਾਰ ਬਣਦੇ ਹਨ।

ਕਿਲ੍ਹਾ ਭਰਤਗੜ੍ਹ

ਨਗਰ ਕੀਰਤਨ ਉਪਰੰਤ ਦੋ ਦਿਨ ਢਾਡੀ ਦਰਬਾਰ ਸਜਾਏ ਜਾਂਦੇ ਹਨ ਜਿੱਥੇ ਪੰਥ ਪ੍ਰਸਿੱਧ ਢਾਡੀ ਜਥੇ ਸਿੱਖ ਇਤਿਹਾਸ ਦੀਆਂ ਜੋਸ਼ੀਲੀਆਂ ਵਾਰਾਂ ਨਾਲ ਸੰਗਤਾਂ ਅੰਦਰ ਵੀਰ ਰਸ ਅਤੇ ਗੁਰੂ ਪ੍ਰੇਮ ਦੀ ਜੋਤ ਜਗਾਉਂਦੇ ਹਨ। ਇਸ ਸਟੇਜ 'ਤੇ ਪੰਥ ਦਾ ਹਰ ਨਾਮਵਰ ਢਾਡੀ ਜਥਾ ਹਾਜ਼ਰੀ ਲਵਾ ਚੁੱਕਿਆ ਹੈ। ਇਸ ਵਾਰ ਭਾਈ ਤਰਸੇਮ ਸਿੰਘ ਮੋਰਾਂਵਾਲੀ, ਭਾਈ ਪ੍ਰਿਤਪਾਲ ਸਿੰਘ ਬੈਂਸ ਅਤੇ ਭਾਈ ਜਸਪਾਲ ਸਿੰਘ ਤਾਨ ਦੇ ਢਾਡੀ ਜਥੇ ਦਿਨ ਅਤੇ ਰਾਤ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨਗੇ। 
ਗੁਰੂ ਤੇਗ ਬਹਾਦਰ ਸਾਹਿਬ ਗੱਤਕਾ ਅਖਾੜਾ, ਭਰਤਗੜ੍ਹ ਦੇ ਭੁਝੰਗੀ

ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਦਾ ਪ੍ਰਬੰਧ ਕਾਰ ਸੇਵਾ ਵਾਲੇ ਬਾਬਾ ਹਰਭਜਨ ਸਿੰਘ, ਬਾਬਾ ਅਜੀਤ ਸਿੰਘ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਬਣਾਈ ਗਈ ਗੁਰੂ ਤੇਗ ਬਹਾਦਰ ਸਾਹਿਬ ਸੇਵਾ ਸੁਸਾਇਟੀ ਪਿੰਡ ਅਤੇ ਇਲਾਕੇ ਅੰਦਰ ਸਿੱਖੀ ਲਹਿਰ ਨੂੰ ਮਜ਼ਬੂਤ ਕਰਨ ਲਈ ਗੁਰੂ ਕਿਰਪਾ ਸਦਕਾ ਬੜੇ ਸੁਚੱਜੇ ਢੰਗ ਨਾਲ ਕਾਰਜ ਕਰ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।