'ਸ਼ਹੀਦ ਦੀ ਅਰਦਾਸ' ਦੀ ਰੋਸ਼ਨੀ ਵਿੱਚ ਵੀਹਵੀਂ ਸਦੀ ਦੌਰਾਨ ਪੈਗੰਬਰੀ ਸ਼ਹਾਦਤ ਦੇ ਅਮਲ ਦਾ ਜ਼ਹੂਰ

'ਸ਼ਹੀਦ ਦੀ ਅਰਦਾਸ' ਦੀ ਰੋਸ਼ਨੀ ਵਿੱਚ ਵੀਹਵੀਂ ਸਦੀ ਦੌਰਾਨ ਪੈਗੰਬਰੀ ਸ਼ਹਾਦਤ ਦੇ ਅਮਲ ਦਾ ਜ਼ਹੂਰ
ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

ਸਿੱਖ ਧਰਮ ਅਤੇ ਗੁਰਬਾਣੀ ਇਲਹਾਮ ਦੇ ਅਮਲ ਵਿੱਚ ਸ਼ਹਾਦਤ ਦਾ ਰੁਤਬਾ ਸਰਬ ਧਰਮਾਂ, ਸਰਬ ਕਾਲਾਂ, ਸਰਬ ਬ੍ਰਹਿਮੰਡੀ  ਆਵੇਸ਼ਾਂ ਦੀਆਂ ਵਲਗਣਾਂ ਤੋਂ ਪਾਰਗਾਮੀ ਹੈ। ਸਿੱਖ ਇਲਹਾਮ ਦਾ ਜ਼ਹੂਰ ਇੱਕ ਸੱਚੇ ਸਿੱਖ ਦੇ ਅਮਲਾਂ ਤੋਂ ਪ੍ਰਗਟ ਹੁੰਦਾ ਏ। ਜਿੱਥੇ ਸਰਬ ਦੁਨਿਆਵੀ ਧਰਮ ਮੁਕਤੀ ਜਾਂ ਮੋਕਸ਼ ਨੂੰ ਅੰਤਿਮ ਪ੍ਰਾਪਤੀ ਵਜੋਂ ਮਾਨਤਾ ਦਿੰਦੇ ਨੇ ਉਥੇ ਗੁਰਬਾਣੀ ਇਲਹਾਮ ਅਤੇ ਸਿੱਖ ਗੁਰੂ ਸਹਿਬਾਨ ਵਲੋਂ ਬਖਸ਼ੀ ਜੀਵਨ ਜਾਚ ਵਿੱਚ ਸ਼ਹਾਦਤ ਨੂੰ ਮੋਕਸ਼ ਤੋਂ ਵੀ ਅਗਾਂਹ ਦਾ ਦਰਜ਼ਾ ਪ੍ਰਾਪਤ ਹੈ। ਗੁਰੂ ਅਰਜਨ ਦੇਵ ਜੀ ਵਲੋਂ ਸ਼ਹਾਦਤ ਦੇ ਸੰਕਲਪ ਨੂੰ ਆਪਣੇ ਜੀਵਨ ਅਮਲ ਦੇ ਜ਼ਹੂਰ ਵਿੱਚੋਂ ਪ੍ਰਗਟ ਕਰਨ ਉਪਰੰਤ ਜਿੱਥੇ ਸਿੱਖ ਜਗਤ ਵਿੱਚ ਸ਼ਹਾਦਤ ਦੀ ਸ਼ਮਾ ਦੇ ਪਰਵਾਨਿਆਂ ਨੇ ਆਪਣੇ ਗੁਰੂ ਸਹਿਬਾਨ ਦੇ ਪੂਰਨਿਆਂ 'ਤੇ ਚਲਦਿਆਂ ਸ਼ਹੀਦੀਆਂ ਦੇ ਮਹਿਲ ਉਸਾਰੇ ਉੱਥੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਿੱਖ, ਮਰਦ-ਏ-ਮੁਜਾਹਿਦ, ਬਾਬਾ-ਏ-ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹੀਦੀ, ਕੌਮਾਂ ਦੇ ਇਤਿਹਾਸ ਅਤੇ ਅਮਲ ਦੀ ਗਤੀ ਵਿੱਚ ਇੱਕ ਵਿਲੱਖਣ, ਨਿਵੇਕਲਾ, ਅਲਬੇਲਾ ਅਤੇ ਮੋਹਰੀ ਸਥਾਨ ਰੱਖਦੀ ਹੈ। ਗੁਰਬਾਣੀ ਇਤਿਹਾਸ, ਸਿੱਖ ਅਮਲ ਅਤੇ ਗੁਰ ਇਲਹਾਮ ਦੇ ਰੂਬਰੂ ਵੇਖਦਿਆਂ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਕਿਵੇਂ ਅਤੇ ਕਿਓਂ ਵਿਲੱਖਣ ਹੈ, ਇਹ ਕਿਵੇਂ ਸਰਬ ਧਰਮਾਂ, ਸਰਬ ਸਮਿਆਂ, ਸਰਬ ਕਾਲਾਂ ਅਤੇ ਸਰਬ ਅਕੀਦਿਆਂ ਨੂੰ ਸਰ ਕਰਦੀ ਹੋਈ ਪਾਰ ਬ੍ਰਹਿਮੰਡੀ ਹੋਂਦ ਦਾ ਦਰਜ਼ਾ ਰੱਖਦੀ ਹੈ? ਇਸ ਬਾਬਤ ਦਰਵੇਸ਼ ਚਿੰਤਕ ਤੇ ਅਲਬੇਲੇ ਮਹਾਂਕਵੀ ਪ੍ਰੋਫੈਸਰ ਹਰਿੰਦਰ ਸਿੰਘ ਜੀ ਮਹਿਬੂਬ ਵਲੋਂ ਆਪਣੀ ਵੱਡ ਅਕਾਰੀ ਪੁਸਤਕ ਝਨਾਂ ਦੀ ਰਾਤ ਦੀ ਸੱਤਵੀਂ ਕਿਤਾਬ 'ਸ਼ਹੀਦ ਦੀ ਅਰਦਾਸ' ਨੂੰ ਉਨ੍ਹਾਂ ਵਲੋਂ ਲਿਖੀ ਇੱਕ ਸਫੇ ਦੀ ਭੂਮਿਕਾ ਸਮੇਤ ਵਾਚਣਾ ਬੇਹੱਦ ਜਰੂਰੀ ਹੈ। ਸ਼ਹੀਦ ਦੀ ਮਹਾਨਤਾ ਬਾਰੇ ਪ੍ਰੋ. ਮਹਿਬੂਬ ਲਿਖਦੇ ਨੇ:

"ਮਹਾਨ ਸ਼ਹੀਦਾਂ ਦਾ ਚਿੰਤਨ, ਧਰਤੀ ਦੀ ਖੂਬਸੂਰਤੀ ਤੋਂ ਸ਼ੁਰੂ ਹੋ ਕੇ ਮੌਤ ਨੂੰ ਸਰ ਕਰਦਾ ਹੋਇਆ ਉੱਪਰ-ਪ੍ਰਾਕ੍ਰਿਤਿਕ ਮੰਡਲਾਂ ਤੱਕ ਪਹੁੰਚਦਾ ਹੈ। ਇੱਕੋ ਸਮੇਂ ਇਹ ਰੂਹਾਨੀ, ਕੌਮੀ, ਸਮਾਜਿਕ ਅਤੇ ਵਿਸ਼ਵ-ਵਿਆਪੀ ਬਰਕਤਾਂ ਦਾ ਸੁਆਮੀ ਹੁੰਦਾ ਹੈ। ਜਦੋਂ ਸ਼ਹੀਦ ਦੇ ਅਮਲ ਨੂੰ ਰੂਹ ਦੀ ਨਿਰੰਕੁਸ਼ ਸੁੰਦਰਤਾ ਸਿਦਕੀ ਜਲਾਲ ਨਾਲ ਅੰਦਰੋਂ ਬਾਹਰੋਂ ਰੰਗ ਦੇਵੇ ਅਤੇ ਜਦੋਂ ਉਹ ਸੰਤ ਵਾਂਗ ਹਰ ਕਿਸਮ ਦੀ ਜਾਤੀ ਗਰਜ਼ ਤੋਂ ਪਾਕ ਹੋ ਜਾਵੇ ਤਾਂ ਉਹ ਸ਼ਹੀਦਾਂ ਦਾ ਸਿਰਤਾਜ ਹੋ ਜਾਂਦਾ ਹੈ, ਜਿਵੇਂ ਮਨਸੂਰ ਅਤੇ ਸ਼ਾਮ ਸਿੰਘ ਅਟਾਰੀ ਵਾਲਾ।"


ਸਿੱਖਾਂ ਨਾਲ ਖੁਸ਼ਨੁਮਾ ਮਾਹੌਲ ਵਿੱਚ ਵਿਚਾਰਾਂ ਕਰਦੇ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

ਇੱਥੇ ਮਹਿਬੂਬ ਸਾਹਿਬ ਵਲੋਂ ਪ੍ਰਭਾਸ਼ਿਤ ਸ਼ਹੀਦ ਦੇ ਅਮਲ ਦੇ ਸਨਮੁੱਖ ਵੇਖਦਿਆਂ ਸੰਤ ਜੀ ਦੀ ਸ਼ਹੀਦੀ ਹਰ ਸ਼ਹਾਦਤੀ ਅਮਲ ਨੂੰ ਸਰ ਕਰਦਿਆਂ ਸਿਰਮੌਰ ਸ਼ਹਾਦਤ ਦਾ ਰੁਤਬਾ ਰੱਖਦੀ ਏ। ਹੁਣ ਇਹ ਜਾਨਣਾ ਜਰੂਰੀ ਹੈ, ਕਿ ਕਿਵੇਂ ਸੰਤ ਜੀ ਦੀ ਸ਼ਹੀਦੀ ਸਰਬ ਕਾਲਾਂ ਅਤੇ ਮਜ਼੍ਹਬਾਂ ਦੀਆਂ ਵਲਗਣਾਂ ਤੋਂ ਪਾਰ ਦਾ ਰੁਤਬਾ ਰੱਖਦੀ ਏ ਅਤੇ ਕਿਵੇਂ ਰੂਹਾਨੀ ਮੰਡਲਾਂ ਵਿੱਚ ਸਦੀਆਂ ਤੋਂ ਸੰਤ ਜੀ ਦੀ ਸ਼ਹੀਦੀ ਦੀ ਉਡੀਕ ਹੋ ਰਹੀ ਸੀ। ਇਸ ਲਈ ਪਾਠਕ ਨੂੰ ਜਿੱਥੇ ਸਮਕਾਲੀ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਵਰਤਾਰਿਆਂ ਨੂੰ ਵਾਚਣ ਦੀ ਲੋੜ ਹੈ ਉੱਥੇ ਧਾਰਮਿਕ ਇਲਮ ਦੇ ਰੂਹਾਨੀ ਸਫਰ ਅਤੇ ਇਲਹਾਮ ਦੇ ਅਮਲ ਦੇ ਜ਼ਹੂਰ ਨੂੰ ਵੀ ਸਮਝਣ ਦੀ ਲੋੜ ਏ। ਇੱਕ ਸਿੱਖ ਦੇ ਜੀਵਨ ਵਿੱਚ ਆਲੇ ਦੁਆਲੇ ਦੇ ਸਮਾਜਿਕ, ਧਾਰਮਿਕ ਅਤੇ ਸਿਆਸੀ ਜੀਵਨ ਦੇ ਹਾਲਾਤ ਅਤੇ ਉਨ੍ਹਾਂ ਤੇ ਪੈਣ ਵਾਲੇ ਉਸਦੇ ਪ੍ਰਭਾਵ ਹੀ ਉਸਦੇ ਜੀਵਨ ਨਿਰਬਾਹ ਅਤੇ ਜੀਵਨ ਸ਼ੈਲੀ ਵਿੱਚ ਉਸ ਦੇ ਅੰਦਰੋਂ ਉਮੜਦੇ ਗੁਰਬਾਣੀ ਅਮਲ ਨੂੰ ਪ੍ਰਗਟ ਕਰਨ ਦਾ ਜ਼ਰੀਆ ਬਣਦੇ ਨੇ। ਕਿਓਂਕਿ ਹਰ ਸਿੱਖ ਇੱਕੋ ਜਿਹੀ ਸ਼ਿੱਦਤ, ਸਿਦਕ, ਜਲਾਲ ਅਤੇ ਪਹਿਲ ਤਾਜ਼ਗੀ ਨਾਲ ਗੁਰੂ ਲਿਵ ਨਾਲ ਨਹੀਂ ਜੁੜਿਆ ਹੁੰਦਾ ਇਸ ਲਈ ਹਰ ਸਿੱਖ ਦੇ ਜੀਵਨ ਅਮਲ ਵਿੱਚ ਗੁਰੂ ਲਿਵ ਅਤੇ ਗੁਰਬਾਣੀ ਇਲਹਾਮ ਦਾ ਜ਼ਹੂਰ ਵੀ ਇੱਕੋ ਜਿਹਾ ਨਹੀਂ ਹੁੰਦਾ। ਗੁਰੂ ਵਰੋਸਾਈਆਂ ਹੋਈਆਂ ਆਤਮਾਵਾਂ ਜੋ ਸਦੀਆਂ ਤੋਂ ਗੁਰੂ ਲਿਵ ਨਾਲ ਲਿਵਲੀਨ ਨੇ ਉਨ੍ਹਾਂ ਦੇ ਜੀਵਨ ਪ੍ਰਵਾਹ ਵਿੱਚੋਂ ਹੀ ਗੁਰੂ ਇਲਹਾਮ ਦੀ ਪਹਿਲ ਤਾਜ਼ਗੀ ਦੇ ਅਮਲ ਦਾ ਜ਼ਹੂਰ ਹੁੰਦਾ ਏ। 

ਸਮਕਾਲੀ ਸਿਆਸਤ ਜਿਸ ਵਿੱਚ ਪੂਰਾ ਭਾਰਤੀ ਤੰਤਰ ਆਮ ਕਰਕੇ ਅਤੇ ਸਮਕਾਲੀ ਅਕਾਲੀ ਸਿਆਸਤ ਖਾਸ ਕਰਕੇ ਜਿੱਥੇ ਬੇਵਫਾਈ, ਅਕ੍ਰਿਤਘਣਤਾ, ਬੇਹਯਾਈ ਅਤੇ ਖੋਟ ਭਰਪੂਰ ਕਿਰਦਾਰ ਦਾ ਨਿਸ਼ੰਗ ਪ੍ਰਗਟਾਵਾ ਬਣ ਚੁੱਕੀਆਂ ਸਨ, ਉਸ ਸਮੇਂ ਸਿੱਖਾਂ ਦੀ ਰਾਜਨੀਤਿਕ ਨੁਮਾਇੰਦਾ ਜਮਾਤ ਅਕਾਲੀ ਦਲ ਨੂੰ ਆਪਣੀ ਬੌਧਿਕ, ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਅਮਲ ਦੀ ਕੰਗਾਲੀ ਦੇ ਸਦਕੇ, ਕੌਮ ਨੂੰ ਆਪਣੀ ਖੂਨੀ ਜਕੜ ਵਿੱਚ ਲੈ ਰਿਹਾ ਬਿਪਰ ਰੂਪੀ ਤੰਦੂਆ ਜਾਲ ਨਹੀਂ ਵਿਖਾਈ ਦੇ ਰਿਹਾ ਸੀ, ਪ੍ਰੰਤੂ ਸੰਤ ਜੀ ਇਸ ਨੂੰ ਆਪਣੀ ਅਨੁਭਵੀ ਦ੍ਰਿਸਟੀ ਨਾਲ ਬਾਖੂਬੀ ਵੇਖ ਪਾ ਰਹੇ ਸਨ।  ਜਿਸ ਬਾਰੇ ਪ੍ਰੋ ਮਹਿਬੂਬ ਨੇ 'ਸ਼ਹੀਦ ਦੀ ਅਰਦਾਸ' ਵਿੱਚ ਇੰਞ ਬਿਆਨ ਕੀਤਾ ਹੈ:

ਤੱਕਾਂ: ਤੰਦੂਆ ਰਿਹਾ ਸੀ
ਤੰਦ ਅਸੰਖ ਘੁਮਾ,
ਮੌਤ ਦੇ ਪਾਣੀ ਰਿੜਕਦਾ
ਝੁੰਡ ਕੌਮਾਂ ਦੇ ਫਾਹ;  (੭੪੭)

ਇੱਥੇ ਸੰਤ ਜੀ ਦੀ ਆਤਮਿਕ, ਗੁਰੂ ਸਿਧਾਂਤ ਤੇ ਅਮਲ ਦੀ ਸੋਝੀ, ਗੁਰੂ ਲਿਵ ਦੀ ਪਹਿਲ ਤਾਜ਼ਗੀ ਦੀ ਲਿਵਲੀਨਤਾ, ਗੁਰੂ ਇਲਹਾਮ ਦੀ ਰੋਸ਼ਨੀ ਵਿੱਚ, ਵਕਤੀ ਸਮਾਜਿਕ, ਸਿਆਸਤ, ਸਿਆਸਤਦਾਨਾਂ ਦੀ ਵਿਅਕਤੀਗਤ ਅਤੇ ਕੌਮੀ ਫਿਤਰਤ ਤੋਂ, ਪਾਰਗਾਮੀ ਨਿਗਾਹ ਨਾਲ ਇਸ ਤੰਦੂਏ ਦੇ ਜਾਲ ਨੂੰ ਅੰਦਰੋਂ ਅਤੇ ਬਾਹਰੋਂ  ਸਜੀਵ ਰੂਪ ਵਿੱਚ ਬੇਨਕਾਬ ਹੁੰਦਿਆਂ ਵੇਖ ਰਹੀ ਸੀ ਅਤੇ ਵਕਤੀ ਤੌਰ ਤੇ ਕੌਮ ਦੀ ਸਮੂਹਿਕ ਹਾਰ ਨੂੰ ਮਹਿਸੂਸ ਕਰ ਰਹੀ ਸੀ। ਇਸ ਸਮੂਹਿਕ ਹਾਰ ਨੂੰ ਗੁਰ ਬਚਨ 'ਜਬ ਲਗਿ ਖਾਲਸਾ ਰਹੈ ਨਿਆਰਾ, ਤਬ ਲਗਿ ਤੇਜ ਦੀਓ ਮੈ ਸਾਰਾ' ਅਨੁਸਾਰ ਗੁਰੂ ਲਿਵ ਦੀ ਪਹਿਲ ਤਾਜ਼ਗੀ ਨਾਲ ਮੁੜ ਜੁੜਿਆਂ ਹੀ ਮੋੜਾ ਦਿੱਤਾ ਜਾ ਸਕਦਾ ਸੀ। 

ਕਹਿੰਦਾ: 'ਗੁਰੂ ਦੇ ਬੋਲ ਨੂੰ,
ਕੌਮ ਜੇ ਰੱਖਦੀ ਪਾਕ।
ਜਲ ਜਲ ਪੈਂਦੀ ਕਦੇ ਨਾਂਹ,
ਅਮਲ ਦੀ ਸਮੇਂ ਤੇ ਰਾਖ।  (੭੫੨)

ਸੰਤ ਜੀ ਦੀ ਸ਼ਹਾਦਤ ਕਿਵੇਂ ਸਰਬ ਕਾਲਾਂ, ਸਰਬ ਧਰਮਾਂ, ਸਰਬ ਬ੍ਰਹਿਮੰਡੀ ਵਰਤਾਰਿਆਂ ਤੋਂ ਪਾਰਗਾਮੀ ਏ, ਇਹ ਵੀ ਸਮਝਣਾ ਜਰੂਰੀ ਹੈ। ਸ਼ਹਾਦਤ ਦੀ ਮਾਨਤਾ ਸਿਰਫ ਪੈਗੰਬਰੀ ਧਰਮਾਂ ਵਿੱਚ ਹੀ ਮਿਲਦੀ ਏ ਅਤੇ ਗੁਰੂ ਲਿਵ ਨਾਲ ਜੁੜੀਆਂ ਰੂਹਾਂ ਨੂੰ ਕਈ ਵਾਰ ਲੱਖਾਂ ਵਰ੍ਹੇ ਦੀ ਉਡੀਕ ਵੀ ਕਰਨੀ ਪੈ ਜਾਂਦੀ ਏ। ਭਾਵੇਂ ਕਿ ਸਿੱਖ ਧਰਮ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਕੌਮ ਨੇ ਅਣਗਿਣਤ ਸ਼ਹੀਦ ਦਿੱਤੇ ਨੇ, ਪ੍ਰੰਤੂ ਗੁਰੂ ਇਲਹਾਮ ਦੀ ਪਰਵਾਜ਼ ਨਾਲ ਕੌਮ ਦੀ ਹੋਣੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਦੇ ਸਮਰੱਥ ਸ਼ਹੀਦ, ਲੱਖਾਂ ਵਰ੍ਹਿਆਂ ਤੀਕਰ ਅਛੋਪਲੇ ਹੀ ਰਹਿੰਦੇ ਹਨ ਅਤੇ ਉਹ ਗੁਰੂ ਵਰੋਸਾਈਆਂ ਹੋਈਆਂ ਰੂਹਾਂ, ਕਾਲਾਂ, ਧਰਮਾਂ ਅਤੇ ਬ੍ਰਹਿਮੰਡੀ ਆਵੇਸ਼ਾਂ ਦੀਆਂ ਵਲਗਣਾਂ ਤੋਂ ਪਾਰਗਾਮੀ ਹੋਂਦ ਰੱਖਦੇ ਹਨ।

ਰਹਿਣ ਸ਼ਹੀਦ ਇਕੱਲੜੇ,
ਸੁੰਨੇ ਲੱਖ ਵਰ੍ਹੇ;
ਗੁਰੂ ਦੇ ਪੈਂਡੇ ਕੌਮ ਨਾ,
ਜਦ ਤੱਕ ਸਫਰ ਕਰੇ।  (੭੫੧)

ਸਦੀਆਂ ਦੀ ਚਿਰੋਕਣੀ ਉਡੀਕ ਉਪਰੰਤ ਗੁਰੂ ਦੇ ਬਾਜ਼ ਰੂਪੀ, ਸ਼ਹੀਦੀ ਦੇ ਪ੍ਰਤੀਕ ਨੂੰ ਸੰਤ ਜੀ ਵਿੱਚ ਗੁਰੂ ਅਮਲ ਦਾ ਜ਼ਹੂਰ ਅਤੇ ਸ਼ਹਾਦਤ ਸੰਦਾ ਮਜੀਠੀ ਰੰਗ ਨਜ਼ਰੀਂ ਪਿਆ ਜੋ ਆਪਣੇ ਰੂਹਾਨੀ ਜਲਾਲ ਨਾਲ ਸੁੱਤੀ ਪਈ ਕੌਮ ਅੰਦਰ ਨਵੀਂ ਚੇਤਨਾ ਪੈਦਾ ਕਰਦਿਆਂ ਰੂਹਾਨੀ ਨਵ-ਸੁਰਜੀਤੀ ਦੀ ਲੋਅ ਜਗਾ ਸਕਣ ਦੇ ਕਾਬਿਲ ਸੀ।

ਵਿਛੜੇ ਘਾਇਲ ਬਾਜ਼ ਨੇ ਤਕ ਕੇ,
ਪਹਿਰੇਦਾਰ ਪੁਰਾਣਾ।
ਪੁੱਛਿਆ 'ਕਿਓਂ ਉਲਝਿਆ ਚਿਰ ਤੋਂ 
ਕੌਮ ਮੇਰੀ ਦਾ ਤਾਣਾ?' (੭੬੫)

ਇੱਥੇ ਪੁਰਾਣੇ ਪਹਿਰੇਦਾਰ ਵਜੋਂ, ਸੰਤ ਜੀ ਨੇ ਗੁਰੂ ਨਦਰਿ ਨਾਲ ਮਿਲਿਆ ਆਪਣਾ ਚਿਰ ਸਦੀਵੀ, ਗੁਰ ਇਲਹਾਮ ਦੇ ਜ਼ਹੂਰ ਨੂੰ ਕੌਮ ਦੇ ਜੀਵਨ ਅਮਲ ਵਿੱਚੋਂ ਪ੍ਰਗਟ ਕਰਨ ਦਾ ਫਰਜ਼, ਗੁਰੂ ਮਿਹਰ ਦੇ ਸਦਕੇ ਬਾਖੂਬੀ ਨਿਭਾਇਆ ਅਤੇ ਨੀਮ ਬੇਹੋਸ਼ੀ ਦੇ ਦੌਰ ਵਿੱਚ ਵਿਚਰ ਰਹੀ ਕੌਮੀ ਚੇਤਨਾ ਨੂੰ ਹਲੂਣਾ ਦੇ ਕੇ ਜਗਾਉਣ ਦੀ ਭਰਪੂਰ ਕੋਸ਼ਿਸ਼ ਕੀਤੀ, ਭਾਵੇਂ ਕਿ ਗੁਰੂ ਸਿਦਕ ਅਤੇ ਗੁਰੂ ਇਲਹਾਮ ਦੀ ਚਿਣਗ ਤੋਂ ਸੱਖਣੇ ਸਮੇਂ ਦੇ ਅਕਾਲੀ ਸਿਆਸਤਦਾਨ ਇਸ ਕੌਮੀ ਚੇਤਨਾ ਤੋਂ ਅਣਭਿੱਜ ਰਹਿੰਦਿਆਂ ਆਪਣੀਆਂ ਕਪਟੀ ਚਾਲਾਂ ਨਿਸ਼ੰਗ ਚਲਦੇ ਰਹੇ ਅਤੇ ਸੰਤ ਜੀ ਨੂੰ ਬਹੁ-ਮੁਕਾਮੀ ਮੋਰਚਿਆਂ ਨਾਲ ਦੋ ਚਾਰ ਹੋਣਾ ਪਿਆ। ਪੰਥ ਦੀ ਇਸ ਨੀਮ ਬੇਹੋਸ਼ੀ ਨੂੰ ਪ੍ਰੋਫੈਸਰ ਮਹਿਬੂਬ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ;

ਸੁੱਚੀਆਂ ਦਹਿਲੀਜ਼ਾਂ ਤੇ ਰੱਤਾਂ,
ਘਾਇਲ ਬਾਜ਼ ਤੱਕ ਰੋਇਆ।
ਤਕ ਮੈਂ ਪੰਥ ਦੀ ਨੀਮ ਬੇਹੋਸ਼ੀ, 
ਇੱਕ ਪਲ ਅਜਨਬੀ ਹੋਇਆ।  (੭੬੯)

ਕੌਮ ਦੀ ਇਸ ਨੀਮ ਬੇਹੋਸ਼ੀ ਅਤੇ ਗੁਰੂ ਲਿਵ ਤੋਂ ਟੁੱਟੇ ਹੋਣ ਦੀ ਹਾਲਤ ਦੇ ਚਲਦਿਆਂ ਪੁਰਾਤਨ ਕਾਲਾਂ ਤੋਂ ਮੁੱਢ ਕਦੀਮੀ ਸ਼ਹਾਦਤ ਦੇ ਪ੍ਰਤੀਕ ਕਲਗੀਧਰ ਮਾਹੀ ਦੇ ਬਾਜ਼ ਨੂੰ ਯਾਦ ਕਰਦਿਆਂ ਹੀ ਸ਼ਾਇਦ ਸੰਤ ਜੀ ਆਪਣੇ ਅੰਤਿਮ ਸਮਿਆਂ ਵਿੱਚ ਅਕਸਰ ਗਾਇਆ ਕਰਦੇ ਸਨ 'ਇਹ ਪੰਛੀ ਇਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤੇ'। ਸ਼ਹਾਦਤ ਦੇ ਪ੍ਰਤੀਕ ਰੂਪੀ ਬਾਜ਼ ਦੀ ਆਮਦ ਨੂੰ ਮਹਿਸੂਸ ਕਰਦਿਆਂ ਸੰਤ ਜੀ ਦਾ ਕੌਮ ਦੇ ਨਾਮ ਸੁਨੇਹਾ ਮਹਿਬੂਬ ਸਾਹਿਬ ਨੇ ਇੰਞ ਕਲਮਬੱਧ ਕੀਤਾ ਏ;

ਬੇਸਿਦਕਾਂ ਦੇ ਸ਼ਹਿਰ 'ਚ ਦੇਵਾਂ,
ਪਿਛਲੇ ਪਹਿਰ ਦਾ ਹੋਕਾ;
'ਕਿਲ•ੇ ਦੀ ਸਿਖਰ ਤੇ ਬਾਜ ਕੋਈ ਆ,
ਬੈਠੇ ਫਜ਼ਰ ਨੂੰ ਲੋਕਾ।
ਹੂੰਗਰ ਮਾਰ ਦਰਦ ਦੀ ਪਹਿਲਾਂ,
ਸਮੇਂ ਦਾ ਦਿਲ ਕੰਬਾਵੇ;
ਫੇਰ ਕਹੇਗਾ; ਦੀਦ ਮਾਹੀ ਦੀ,
ਵੇਖ! ਜ਼ਰਾ ਨਹੀਂ ਧੋਖਾ।'   (੭੯੯)

ਕੌਮੀ ਦਰਦ ਰੱਖਣ ਵਾਲੇ ਅਤੇ ਗੁਰ ਇਲਹਾਮ ਦੀ ਪਹਿਲ ਤਾਜ਼ਗੀ ਨੂੰ ਦਿਲ ਦੀਆਂ ਡੂੰਘਾਣਾਂ ਤੋਂ ਮਹਿਸੂਸ ਕਰਨ ਵਾਲੇ ਕਿਸੇ ਵੀ ਪਾਠਕ ਨੂੰ ਇਹ ਸਮਝਣ ਵਿੱਚ ਝਿਜਕ ਨਹੀਂ ਹੋਵੇਗੀ, ਕਿ ਸੰਤ ਜੀ ਦੀ ਸ਼ਹੀਦੀ ਜਿੱਥੇ ਸਿਰਮੌਰ ਸ਼ਹਾਦਤਾਂ ਵਿੱਚ ਸ਼ੁਮਾਰ ਏ ਉੱਥੇ ਕੌਮੀ ਚੇਤਨਾ  ਨੂੰ ਨੀਮ ਬੇਹੋਸ਼ੀ ਅਤੇ ਅਧੋਗਤੀ ਦੀ ਨੀਂਦ ਤੋਂ ਜਗਾਉਣ ਅਤੇ ਕੌਮੀ ਜ਼ਜ਼ਬਿਆਂ ਨੂੰ ਹਲੂਣਾ ਦੇਣ ਦੇ ਚਲਦਿਆਂ ਕੌਮੀ ਚੇਤਨਾ ਦੇ ਸਮਾਜਿਕ, ਸੱਭਿਆਚਾਰਕ, ਧਾਰਮਿਕ, ਆਤਮਿਕ ਅਤੇ ਰੂਹਾਨੀ ਅਯਾਮਾਂ ਨੂੰ ਗੁਰੂ ਲਿਵ ਨਾਲ ਜੋੜਨ ਦੇ ਸਮਰੱਥ ਹੋਣ ਕਾਰਨ ਪੈਗੰਬਰੀ ਸ਼ਹਾਦਤ ਦਾ ਮੁਕਾਮ ਰੱਖਦੀ ਏ, ਜਿਸ ਲਈ ਸਰਬ ਧਰਮ, ਸਰਬ ਕਾਲ, ਅਤੇ ਸਰਬ ਬ੍ਰਹਿਮੰਡੀ ਵਰਤਾਰੇ ਅਨੰਤ ਕਾਲੀਨ ਤੋਂ ਉਡੀਕਵਾਨ ਸਨ। ਇਸ ਸਿੰਘ ਵਣਜਾਰੇ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਕੌਮੀ ਹੋਕੇ ਨੂੰ ਦਰਵੇਸ਼ ਕਵੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ;

ਮੈਂ ਕੋਈ ਬੁੱਤ ਸ਼ਿਕਨ ਵਣਜਾਰਾ,
ਕੂਕ ਸੁਣੇ ਵਿੱਚ ਮੱਕੇ।
ਤੇਗ ਮਿਰੀ ਬਲਵਾਨ ਗਗਨ ਦੇ,
ਕੋਟ ਸਿਰਾਂ ਨੂੰ ਕੱਪੇ।
ਦੇਣ ਅਵਾਜ਼ਾਂ ਦੇਸ ਦੇਸ ਦੇ,
ਚਹੁੰ ਕੂੰਟੀਂ ਘਰ ਮੈਨੂੰ;
ਬੇ¸ਸਿਦਕੇ ਬੁੱਤ ਪੂਜ ਕੀ ਜਾਣਨ,
ਕੌਲ ਸਮੇਂ ਦੇ ਪੱਕੇ।  (੭੯੮) 

ਅੰਤ ਵਿੱਚ ਗੁਰੂ ਲਿਵ ਨਾਲੋਂ ਟੁੱਟੀ ਹੋਈ ਨੀਮ ਬੇਹੋਸ਼ੀ ਦੇ ਆਲਮ ਵਿੱਚ ਵਿਚਰ ਰਹੀ ਕੌਮ ਲਈ, ਇਸ ਮੁੱਢ ਕਦੀਮੀ ਸ਼ਹੀਦ ਵਲੋਂ ਲਿਖੀ ਮਹਿਬੂਬ ਸਾਹਿਬ ਦੀ ਕਵਿਤਾ;

ਬੇਅਣਖਾਂ ਦੇ ਸੁਸਤ ਹਜੂਮ 'ਚ,
ਮੈਂ ਅਜਨਬੀ ਬੰਦਾ।
ਏਸ ਸ਼ਹਿਰ ਵਿੱਚ ਕੌਣ ਪਛਾਣੇ,
ਬੋਲ ਸ਼ਹੀਦਾਂ ਸੰਦਾ।
ਕਦੇ ਕਦੇ ਆ ਬਾਜ ਮਾਹੀ ਦਾ,
ਲੁਕ ਕੇ ਦਰਦ ਵੰਡਾਵੇ;
ਸਮੇਂ ਦੀ ਨਦੀ ਕੀ ਜਾਣੇ? ਮੈਂ ਤਾਂ,
ਬਹੁਤ ਪੁਰਾਣਾ ਕੰਢਾ। (੮੦੦)

ਨੂੰ ਪੜ੍ਹਨਾ, ਸੁਣਨਾ, ਸਮਝਣਾ, ਵਿਚਾਰਨਾ ਅਤੇ ਪਲ ਪਲ ਯਾਦ ਰੱਖਣਾ, ਬੇਹੱਦ ਅਹਿਮ ਹੈ, ਤਾਂ ਕਿ ਕੌਮ ਨੂੰ ਆਪਣੀ ਨੀਮ ਬੇਹੋਸ਼ੀ ਦੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼  ਕਰਨ ਦੀ ਜਾਚ ਆ ਜਾਵੇ। ਅੰਤ ਵਿੱਚ ਕੌਮ ਦੇ ਨਾਮ, ਮਹਿਬੂਬ ਸਾਹਿਬ ਦੇ ਲਘੂ ਮਹਾਂਕਾਵਿ ਸ਼ਹੀਦ ਦੀ ਅਰਦਾਸ ਵਿੱਚੋਂ ਇੱਕ ਕਾਵਿ ਟੋਟਾ ਸੰਤ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਮਨ ਵਿੱਚ ਵਸਾਉਣਾ ਅਤੇ ਹਰਦਮ ਯਾਦ ਰੱਖਣਾ ਲੋੜੀਂਦਾ ਏ

ਦੁੱਖ ਅਜਰ ਨੂੰ ਜਰਣ ਵਾਲਿਓ,
ਕਿੱਥੇ ਦੇਸ ਤੁਹਾਡੇ?
ਯੱਖ ਹੋਏ ਕੌਮ ਦੇ ਜੇਰੇ,
ਵਸ ਹਿਰਸਾਂ ਦੇ ਜਾਡੇ।
ਹਰ ਪਾਸੇ ਜਾਲਿਮ ਦੇ ਪਹਿਰੇ,
ਪਰ ਦਰਿਆ ਨੇ ਵਗਣਾਂ;
ਲਿਵ ਸਤਿਗੁਰ ਦੀ ਛੋੜ ਨ ਸਕਦੇ,
ਘੋੜ ਸਵਾਰ ਇਹ ਡਾਢੇ।  (੮੦੦) 

ਅਜੀਤ ਸਿੰਘ ਰੂਪਤਾਰਾ​​​​​​​
(9463993344)

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ