ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਦਮਕੱਦ ਬੁੱਤ ਸਥਾਪਿਤ

ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਦਮਕੱਦ ਬੁੱਤ ਸਥਾਪਿਤ

*ਸ਼ਾਹੀ ਕਿਲ੍ਹੇ 'ਚ ਕੱਟੜਪੰਥੀਆਂ ਵਲੋਂ ਬੁਤ ਦੀ ਤਿੰਨ ਵਾਰ ਕੀਤੀ ਗਈ ਸੀ ਭੰਨ੍ਹਤੋੜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮਿ੍ਤਸਰ-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਦਮਕੱਦ ਬੁੱਤ ਸਥਾਪਿਤ ਕਰ ਦਿੱਤਾ ਗਿਆ ਹੈ | ਇਹ ਬੁੱਤ ਸ਼ੇਰ-ਏ-ਪੰਜਾਬ ਦੀ 180ਵੀਂ ਬਰਸੀ ਮੌਕੇ ਪਹਿਲਾਂ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ 'ਚ ਤਬਦੀਲ ਕੀਤੀ ਜਾ ਚੁਕੀ ਮਾਈ ਜਿੰਦਾ ਦੀ ਹਵੇਲੀ ਦੇ ਬਾਹਰ ਸਥਾਪਿਤ ਕੀਤਾ ਗਿਆ ਸੀ, ਜਿਥੇ ਕੱਟੜਪੰਥੀ ਇਸਲਾਮਿਕ ਸੰਗਠਨ ਤਹਿਰੀਕ-ਏ-ਲੈਬਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਕਾਰਕੁਨਾਂ ਵਲੋਂ ਲਗਾਤਾਰ ਤਿੰਨ ਵਾਰ ਇਸ ਬੁੱਤ ਦੀ ਭੰਨ੍ਹਤੋੜ ਕੀਤੀ ਗਈ ਸੀ ।ਦੱਸਿਆ ਜਾ ਰਿਹਾ ਹੈ ਮੌਲਾਨਾ ਖ਼ਾਦਮ ਹੁਸੈਨ ਰਿਜ਼ਵੀ (ਸਵ.) ਦੇ ਕੱਟੜਪੰਥੀ ਸੰਗਠਨ ਟੀ. ਐੱਲ. ਪੀ. ਵਲੋਂ ਉਕਤ ਬੁੱਤ ਦੇ ਲਾਹੌਰ ਸ਼ਾਹੀ ਕਿਲ੍ਹੇ 'ਚ ਲਗਾਏ ਜਾਣ 'ਤੇ ਜਨਤਕ ਤੌਰ 'ਤੇ ਇਤਰਾਜ਼ ਜਤਾਏ ਜਾਣ ਕਰਕੇ ਲਗਭਗ ਦੋ ਸਾਲ ਪਹਿਲਾਂ ਮੁਰੰਮਤ ਕੀਤੇ ਜਾਣ ਦੇ ਬਾਵਜੂਦ ਇਸ ਬੁੱਤ ਨੂੰ ਅਜੇ ਤੱਕ ਕਿਲ੍ਹੇ ਵਿਚ ਪਹਿਲਾਂ ਵਾਲੀ ਜਗ੍ਹਾ 'ਤੇ ਨਹੀਂ ਲਗਾਇਆ ਜਾ ਸਕਿਆ ਸੀ ।ਲਾਹੌਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਬਾਬਰ ਜਲੰਧਰੀ ਨੇ 'ਦੱਸਿਆ ਕਿ ਮੌਜੂਦਾ ਸਮੇਂ ਸ਼ੇਰ-ਏ-ਪੰਜਾਬ ਦੇ ਬੁੱਤ ਨੂੰ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਸੱਜੇ ਹੱਥ ਇਕ ਲੋਹੇ ਦੇ ਸਟੈਂਡ 'ਤੇ ਲਗਾਇਆ ਗਿਆ ਹੈ, ਜਿਥੇ ਇਹ ਬਿਲਕੁਲ ਸੁਰੱਖਿਅਤ ਹੈ | ਉਨ੍ਹਾਂ ਨੇ ਦੱਸਿਆ ਕਿ ਉਕਤ 9 ਫੁੱਟ ਉਚਾ ਬੁੱਤ ਫਾਈਬਰ ਗਲਾਸ ਅਤੇ ਕਾਂਸੇ ਨਾਲ ਬਣਾਇਆ ਗਿਆ ਹੈ |