ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਡੂ ਨੇ ਭਾਰਤ ਸਰਕਾਰ ਖਿਲਾਫ ਦਿੱਲੀ ਵਿਚ ਲਾਇਆ ਮੋਰਚਾ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਡੂ ਨੇ ਭਾਰਤ ਸਰਕਾਰ ਖਿਲਾਫ ਦਿੱਲੀ ਵਿਚ ਲਾਇਆ ਮੋਰਚਾ

ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਅੱਜ ਦਿੱਲੀ ਵਿਖੇ ਆਪਣੇ ਸੂਬੇ ਲਈ "ਖਾਸ ਦਰਜੇ" ਦੀ ਮੰਗ ਕਰਦਿਆਂ ਭਾਰਤ ਸਰਕਾਰ ਖਿਲਾਫ ਮੋਰਚਾ ਲਾ ਦਿੱਤਾ ਹੈ। ਅੱਜ ਦਿੱਲੀ ਸਥਿਤ ਆਂਧਰਾ ਭਵਨ ਵਿਖੇ ਇਕ ਦਿਨਾ ਭੁੱਖ ਹੜਤਾਲ ਨਾਲ ਨਾਇਡੂ ਨੇ ਇਸ ਮੋਰਚੇ ਦੀ ਸ਼ੁਰੂਆਤ ਕੀਤੀ। 

ਨਾਇਡੂ ਦੀ ਮੰਗ ਹੈ ਕਿ 2014 ਵਿਚ ਆਂਧਰਾ ਪ੍ਰਦੇਸ਼ ਵਿਚੋਂ ਵੱਖਰਾ ਸੂਬਾ ਤੇਲੰਗਾਨਾ ਬਣਾਉਣ ਮੌਕੇ ਭਾਰਤ ਦੀ ਸਰਕਾਰ ਵਲੋਂ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਮੋਦੀ ਨੂੰ ਧਮਕੀ ਦਿੱਤੀ ਕਿ ਜੇ ਉਨ੍ਹਾਂ ਦੇ ਸੂਬੇ ਦੇ ਲੋਕਾਂ ਖਿਲਾਫ ਨਿਜੀ ਹਮਲੇ ਕੀਤੇ ਗਏ ਤਾਂ ਮੋਦੀ ਨੂੰ ਸਖਤ ਜਵਾਬ ਦਿੱਤਾ ਜਾਵੇਗਾ। 

ਨਾਇਡੂ ਨੇ ਕਿਹਾ, "2002 ਦੇ ਕਤਲੇਆਮ ਮੌਕੇ ਵਾਜਪਾਈ ਨੇ ਕਿਹਾ ਸੀ ਕਿ "ਰਾਜ ਧਰਮ" ਦੀ ਪਾਲਣਾ ਨਹੀਂ ਕੀਤੀ ਗਈ। ਹੁਣ ਆਂਧਰਾ ਪ੍ਰਦੇਸ਼ ਦੇ ਕੇਸ ਵਿਚ ਵੀ ਸਾਨੂੰ ਸਾਡੇ ਹੱਕਾਂ ਤੋਂ ਵਾਂਝਾ ਕਰਕੇ "ਰਾਜ ਧਰਮ" ਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਨਾਇਡੂ ਨੇ ਕਿਹਾ ਕਿ ਭਾਰਤ ਸਰਕਾਰ ਨੇ ਆਂਧਰਾ ਪ੍ਰਦੇਸ਼ ਨਾਲ ਧੱਕਾ ਕੀਤਾ ਹੈ ਜੋ ਭਾਰਤ ਦੀ ਰਾਸ਼ਟਰੀ ਏਕਤਾ ਲਈ ਖਤਰਾ ਬਣ ਸਕਦਾ ਹੈ।

ਇਸ ਮੌਕੇ ਨਾਇਡੂ ਦੇ ਮੰਤਰੀ ਮੰਡਲ ਦੇ ਮੰਤਰੀ, ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਉਨ੍ਹਾਂ ਦੇ ਨਾਲ ਸਨ। ਇਸ ਤੋਂ ਇਲਾਵਾ ਨਾਇਡੂ ਨੂੰ ਸਮਰਥਨ ਦੇਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨਾਇਡੂ ਨੂੰ ਮਿਲਣ ਲਈ ਪਹੁੰਚੇ।