ਅਫਜ਼ਲ ਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਕਸ਼ਮੀਰ ਵਿਚ ਮੁਕੰਮਲ ਬੰਦ; ਅਸਤ ਕਸ਼ਮੀਰ ਨੂੰ ਸੌਂਪਣ ਦੀ ਕੀਤੀ ਮੰਗ
ਸ਼੍ਰੀਨਗਰ: ਕਸ਼ਮੀਰ ਦੇ ਲੋਕਾਂ ਵਲੋਂ ਬੀਤੇ ਕਲ੍ਹ ਅਫਜ਼ਲ ਗੁਰੂ ਨੂੰ ਯਾਦ ਕਰਦਿਆਂ ਉਨ੍ਹਾਂ ਦਾ 6ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਕਸ਼ਮੀਰ ਦੀਆਂ ਅਜ਼ਾਦੀ ਪਸੰਦ ਧਿਰਾਂ ਹੁਰੀਅਤ ਕਾਨਫਰੰਸ ਵਲੋਂ ਇਸ ਮੌਕੇ ਕਸ਼ਮੀਰ ਬੰਦ ਦਾ ਸੱਦਾ ਦਿੱਤਾ ਗਿਆ ਸੀ। ਅਫਜ਼ਲ ਗੁਰੂ ਨੂੰ ਭਾਰਤੀ ਪਾਰਲੀਮੈਂਟ 'ਤੇ ਹਮਲੇ ਦੇ ਦੋਸ਼ ਵਿਚ 9 ਫਰਵਰੀ 2013 ਨੂੰ ਫਾਂਸੀ ਦੇ ਦਿੱਤੀ ਗਈ ਸੀ।
ਇਸ ਮੌਕੇ ਕਸ਼ਮੀਰ ਵਿਚ ਮੁਕੰਮਲ ਬੰਦ ਰਿਹਾ। ਕਸ਼ਮੀਰ ਦੀਆਂ ਅਜ਼ਾਦੀ ਪਸੰਦ ਧਿਰਾਂ ਵਲੋਂ ਮੰਗ ਕੀਤੀ ਗਈ ਕਿ ਅਫਜ਼ਲ ਗੁਰੂ ਦੇ ਅਸਤ ਵਾਪਿਸ ਕੀਤੇ ਜਾਣ ਤਾਂ ਕਿ ਉਨ੍ਹਾਂ ਨੂੰ ਕਸ਼ਮੀਰ ਦੀ ਧਰਤੀ ਦੇ ਸਪੁਰਦ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਅਫਜ਼ਲ ਗੁਰੂ ਨੂੰ ਭਾਰਤ ਦੀ ਤਿਹਾੜ ਜ਼ੇਲ੍ਹ ਵਿਚ ਫਾਂਸੀ ਦੇਣ ਤੋਂ ਬਾਅਦ ਉੱਥੇ ਹੀ ਦੱਬ ਦਿੱਤਾ ਗਿਆ ਸੀ। ਪਰਿਵਾਰ ਨੂੰ ਉਸਦੀ ਮ੍ਰਿਤਕ ਦੇਹ ਵੀ ਨਹੀਂ ਦਿੱਤੀ ਗਈ ਸੀ।
ਇਸ ਦੌਰਾਨ ਬੀਤੇ ਕਲ੍ਹ ਭਾਰਤੀ ਪ੍ਰਸ਼ਾਸਨ ਵਲੋਂ ਕਸ਼ਮੀਰ ਦੇ ਅਜ਼ਾਦੀ ਪਸੰਦ ਆਗੂਆਂ ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫਾਰੂਕ ਅਤੇ ਹੋਰਾਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਕਿ ਉਹ ਕਿਸੇ ਰੋਜ਼ ਮੁਜ਼ਾਹਰੇ ਦੀ ਅਗਵਾਈ ਨਾ ਕਰ ਸਕਣ।
Comments (0)