ਰਾਖਵਾਂਕਰਨ ਦੀ ਮੰਗ ਲਈ ਚੱਲ ਰਹੇ ਗੁੱਜਰ ਮੁਜ਼ਾਹਰੇ ਵਿਚ ਹੋਈ ਹਿੰਸਾ

ਰਾਖਵਾਂਕਰਨ ਦੀ ਮੰਗ ਲਈ ਚੱਲ ਰਹੇ ਗੁੱਜਰ ਮੁਜ਼ਾਹਰੇ ਵਿਚ ਹੋਈ ਹਿੰਸਾ

ਜੈਪੁਰ: ਰਾਜਸਥਾਨ ਵਿਚ ਗੁੱਜਰ ਭਾਈਚਾਰੇ ਵਲੋਂ ਨੌਕਰੀਆਂ ਅਤੇ ਵਿਦਿਅਕ ਅਦਾਰਿਆਂ ਵਿਚ 5 ਫੀਸਦੀ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਪ੍ਰਦਰਸ਼ਨ ਬੀਤੇ ਕਲ੍ਹ ਹਿੰਸਕ ਰੂਪ ਧਾਰ ਗਿਆ। ਇਸ ਦੌਰਾਨ ਧੌਲਪੁਰ ਜ਼ਿਲ੍ਹੇ ਵਿਚ ਗੱਡੀਆਂ ਦੀ ਸਾੜਫੂਕ ਹੋਈ ਤੇ ਕਈ ਥਾਈਂ ਪੁਲਿਸ ਅਤੇ ਪਰਦਰਸ਼ਨਕਾਰੀਆਂ ਦਰਮਿਆਨ ਹਿੰਸਕ ਝੜਪਾਂ ਵੀ ਹੋਈਆਂ। 


ਹਿੰਸਾ ਦੌਰਾਨ ਹੋਈ ਗੱਡੀਆਂ ਦੀ ਸਾੜ ਫੂਕ

ਅਖਬਾਰੀ ਖ਼ਬਰਾਂ ਮੁਤਾਬਿਕ ਗੁੱਜਰਾਂ ਵਲੋਂ ਸਵਾਈ ਮਾਧੋਪੁਰ ਜ਼ਿਲ੍ਹੇ ਵਿਚ ਬੀਤੇ ਸ਼ੁਕਰਵਾਰ ਤੋਂ ਰੇਲਵੇ ਪਟੜੀ 'ਤੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਦੀ ਅਗਵਾਈ ਗੁੱਜਰ ਆਗੂ ਕਿਰੋੜੀ ਸਿੰਘ ਬੈਂਸਲਾ ਕਰ ਰਹੇ ਹਨ। ਬੈਂਸਲਾ ਨੇ ਮੰਗਾਂ ਨਾ ਮੰਨੇ ਜਾਣ ਤਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਕਿਰੋੜੀ ਸਿੰਘ ਬੈਂਸਲਾ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਬੈਂਸਲਾ ਨੇ ਸਰਕਾਰ ਨੂੰ ਭਰੋਸਾ ਦਿੱਤਾ ਸੀ ਕਿ ਧਰਨਾ ਸ਼ਾਂਤੀਪੂਰਨ ਰਹੇਗਾ। ਇਸ ਦੌਰਾਨ ਦੇਖਣ ਨੂੰ ਮਿਲਿਆ ਕਿ ਰਾਜਸਥਾਨ ਸਰਕਾਰ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਦਰਸ਼ਨਕਾਰੀਆਂ ਖਿਲਾਫ ਨਰਮ ਰੁੱਖ ਅਪਣਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਹਿੰਸਾ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗਈ ਹੈ ਤੇ ਉਨ੍ਹਾਂ ਗੁੱਜਰ ਨੁਮਾਂਇੰਦਿਆਂ ਨੂੰ ਗੱਲਬਾਤ ਲਈ ਬੁਲਾਇਆ ਹੈ। 

ਜਿਹਨਾਂ ਜ਼ਿਲ੍ਹਿਆਂ ਵਿਚ ਧਰਨਾ ਚੱਲ ਰਿਹਾ ਹੈ ਉੱਥੇ ਸਰਕਾਰੀ ਬੱਸ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਗੁੱਜਰ ਆਗੂ ਬਾਂਸਲਾ ਨੇ ਕਿਹਾ ਕਿ ਕਾਂਗਰਸੀ ਆਗੂ ਵਿਸ਼ਵੇਂਦਰ ਸਿੰਘ ਅਤੇ ਆਈਏਐਸ ਅਫਸਰ ਨੀਰਜ ਪਵਨ ਉਨ੍ਹਾਂ ਨਾਲ ਗੱਲਬਾਤ ਕਰਨ ਆਏ ਸਨ ਤੇ ਉਨ੍ਹਾਂ ਨੂੰ ਜੈਪੁਰ ਆ ਕੇ ਸਰਕਾਰ ਨਾਲ ਗੱਲਬਾਤ ਕਰਨ ਦਾ ਸੱਦਾ ਦਿੱਤਾ। ਪਰ ਗੁੱਜਰ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਧਰਨੇ ਵਾਲੀ ਥਾਂ ਆ ਕੇ ਉਨ੍ਹਾਂ ਦੀਆਂ ਮੰਗਾਂ ਮੰਨੇ।