ਅਸਲ ਅਮਰੀਕੀ ਕਿਰਦਾਰ ਦੀ ਵਾਪਸੀ ਹੈ ਟਰੰਪ ਦੀ ਜਿੱਤ

ਅਸਲ ਅਮਰੀਕੀ ਕਿਰਦਾਰ ਦੀ ਵਾਪਸੀ ਹੈ ਟਰੰਪ ਦੀ ਜਿੱਤ

ਹਰ ਵਾਰ ਰਾਸ਼ਟਰਪਤੀ ਚੋਣਾਂ ਪੁਰਾਣੀਆਂ ਨੁਕਸਦਾਰ-ਲੀਹਾਂ ਨੂੰ ਮੁੜ ਦ੍ਰਿੜ੍ਹਾਉਂਦੀਆਂ ਹਨ ਅਤੇ ਕੁਝ ਨਵੀਆਂ ਲੀਹਾਂ ਉਸਾਰਦੀਆਂ ਹਨ। ਟਰੰਪ ਦੀ ਮੁਹਿੰਮ ਨੂੰ ‘ਸਥਾਪਤ ਵਿਵਸਥਾ ਉਖਾੜ ਸੁੱਟਣ’ ਦੇ ਵਿਚਾਰ ਤੋਂ ਹੀ ਆਪਣੇ ਆਪ ਅਥਾਹ ਊਰਜਾ ਮਿਲਦੀ ਰਹੀ ਹੈ; ਖ਼ਾਸ ਤੌਰ ‘ਤੇ, ‘ਧਾਰਮਿਕ ਸੱਜੇਪੰਥੀਆਂ’ ਨੇ ਟਰੰਪ ਬੈਨਰ ਨੂੰ ਆਪਣੇ ਕੱਟੜਪੰਥੀ ਯਤਨਾਂ ਰਾਹੀਂ ਤਕੜੀ ਮਜ਼ਬੂਤੀ ਬਖ਼ਸ਼ੀ। ਇੱਥੇ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ ਕਿ ਨਵਾਂ ਰਾਸ਼ਟਰਪਤੀ ਆਖ਼ਰ ਇਸ ਖ਼ੁਦ ਬਣਾਏ ਕੇਂਦਰੀ ਵਿਚਾਰ ਤੋਂ ਹਟਵੇਂ ਇਸ ਸਮੂਹ ਨੂੰ ਖ਼ੁਸ਼ ਕਿਵੇਂ ਕਰੇਗਾ, ਜਦ ਕਿ ਹੁਣ ਅਸਲੀਅਤ ਇਹ ਹੈ ਕਿ ਇਹ ‘ਹਟਵਾਂ ਸਮੂਹ’ ਆਪਣੇ-ਆਪ ਨੂੰ ਪੂਰੇ ਅਧਿਕਾਰ ਨਾਲ ਨਵਾਂ ‘ਕੇਂਦਰ’ ਸਮਝਣ ਲੱਗਾ ਹੈ।

ਹਰੀਸ਼ ਖਰੇ

ਪਹਿਲੀ ਵਾਰ 1944 ਵਿਚ ਪ੍ਰਕਾਸ਼ਤ ਹੋਏ ਆਪਣੇ ਸ਼ਾਹਕਾਰੀ ਅਧਿਐਨ ‘ਦਿ ਅਮੈਰਿਕਨ ਕੈਰੈਕਟਰ’ (ਅਮਰੀਕਨ ਚਰਿੱਤਰ) ਵਿੱਚ ਪ੍ਰੋਫ਼ੈਸਰ ਡੀ.ਡਬਲਿਊ. ਬ੍ਰੌਗਨ ਨੇ ਦੱਸਿਆ ਸੀ ਕਿ ”ਅਮਰੀਕਨ ਅਨੁਭਵ” ਨੇ ਉੱਤਰੀ ਅਮਰੀਕਾ ਵਿਚ ਨਵੇਂ-ਨਵੇਂ ਆ ਕੇ ਰਹਿਣ ਲੱਗੇ ਲੋਕਾਂ ਵਿੱਚ ਹੋਰਨਾਂ ਵਤੀਰਿਆਂ ਤੋਂ ਇਲਾਵਾ ”ਜੂਏਬਾਜ਼ਾਂ ਵਾਲੀ ਪ੍ਰਵਿਰਤੀ” ਨੂੰ ਤਰਜੀਹ ਦੇਣ ਦੀ ਰੁਚੀ ਪ੍ਰਫ਼ੁੱਲਤ ਕਰ ਦਿੱਤੀ ਸੀ। 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ, ਅਮਰੀਕਨਾਂ ਨੇ ਜੂਏਬਾਜ਼ਾਂ ਵਾਲੀ ਪ੍ਰਵਿਰਤੀ ਅੱਗੇ ਝੁਕਦਿਆਂ ਉਸ ਵਿਅਕਤੀ ਨੂੰ ਵੋਟਾਂ ਪਾ ਕੇ ਰਾਸ਼ਟਰਪਤੀ ਚੁਣ ਲਿਆ, ਜੋ ਕਿ ਯੋਗਤਾ, ਸਮਰੱਥਾ ਅਤੇ ਚਰਿੱਤਰ ਦੇ ਸਾਰੇ ਗਿਆਤ ਮਾਪਦੰਡਾਂ ਦੀ ਅਵੱਗਿਆ ਕਰਦਾ ਆਇਆ ਹੈ। ਬਾਕੀ ਦੀ ਦੁਨੀਆ ਨੂੰ ਇਹ ਜੂਆ ਬੇਸੁਆਦਾ ਲੱਗ ਸਕਦਾ ਹੈ ਪਰ ਡੋਨਲਡ ਟਰੰਪ ਨੇ ਇੱਕ ਅਜਿਹੀ ਚੋਣ ਮੁਹਿੰਮ ਵਿਕਸਤ ਕੀਤੀ ਸੀ ਜਿਸ ਨੇ ਅਮਰੀਕਨਾਂ ਅੰਦਰਲੇ ਖੌਫ਼ ਤੇ ਚਿੰਤਾਵਾਂ ਨੂੰ ਹਵਾ ਦਿੱਤੀ। ਸਰਲ ਸ਼ਬਦਾਂ ਵਿੱਚ ਆਪਣੇ ਵਿਰੋਧੀਆਂ ਅਤੇ ਨਿੰਦਕਾਂ ਦੇ ਮੁਕਾਬਲੇ ਟਰੰਪ, ਅਮਰੀਕਨ ਕਿਰਦਾਰ ਦੇ ਵਧੇਰੇ ਨੇੜੇ ਹੈ।
‘ਅਮੈਰਿਕਨ ਕੈਰੈਕਟਰ’ ਦੇ 1965 ਸੰਸਕਰਣ ਵਿੱਚ, ਪ੍ਰੋਫ਼ੈਸਰ ਬ੍ਰੌਗਨ ਨੇ ਬੜੀ ਸਾਫ਼ਗੋਈ ਨਾਲ ਵਿਆਖਿਆ ਕੀਤੀ ਸੀ ਕਿ ਅਮਰੀਕਨਾਂ ਨੇ ਮੈਕਾਰਥੀ ਨੂੰ ਸੈਨੇਟਰ ਕਿਉਂ ਚੁਣਿਆ ਅਤੇ ਉਹ ਉਸ ਦੇ ਸਨਕੀ ਮੱਕੜ-ਜਾਲ ਵਿੱਚ ਕਿਵੇਂ ਫਸੇ। ”ਉਹ (ਮੈਕਾਰਥੀ), ਸਪਸ਼ਟ ਤੌਰ ‘ਤੇ ਅਜਿਹੀ ਬੇਚੈਨੀ ਦਾ ਲੱਛਣ ਸੀ, ਜਿਸ ਨੂੰ ਵੇਖ ਕੇ ਔਸਤ ਅਮਰੀਕਨ ਇਹੋ ਸਮਝਣ ਲੱਗ ਪਿਆ ਸੀ ਕਿ ਇਹ ਸੰਸਾਰ ਉਸ ਦੇ ਹੱਥੋਂ ਨਿਕਲ ਗਿਆ ਹੈ ਅਤੇ ਉਸ ਹੱਦ ਤੱਕ ਖ਼ਤਰਨਾਕ ਹੁੰਦਾ ਜਾ ਰਿਹਾ ਹੈ ਜਿੰਨਾ ਕਿ ਮਨੁੱਖੀ ਨਸਲ ਨੇ ਹਾਲੇ ਤੱਕ ਕਦੇ ਵੇਖਿਆ ਨਹੀਂ ਸੀ।” ਮੈਕਾਰਥੀ ਨੇ ਅਮਰੀਕਨਾਂ ਦੇ ਉਨ੍ਹਾਂ ਖ਼ਦਸ਼ਿਆਂ ਦਾ ਹੀ ਲਾਹਾ ਲਿਆ ਸੀ ਅਤੇ ਉਹ ਖ਼ਾਸ ਤੌਰ ‘ਤੇ ਇਸ ਕਰ ਕੇ ਸਫ਼ਲ ਸੀ ਕਿਉਂਕਿ ‘ਦਿਹਾਤੀ ਕੱਟੜਪੰਥੀ ਦੀ ਰਵਾਇਤ’ ਨੂੰ ਵੀ ਉਹ ਆਕਰਸ਼ਕ ਤੇ ਲੁਭਾਵਣਾ ਜਾਪਿਆ ਸੀ। ਬ੍ਰੌਗਨ ਅਨੁਸਾਰ ਇਸ ਰਵਾਇਤ ਵਿੱਚ ”ਅਰਬਾਂ/ਯਹੂਦੀਆਂ ਦਾ ਵਿਰੋਧ ਮਹੀਨ ਜਹੀ ਪਰਦਾਪੋਸ਼ੀ ਨਾਲ ਸ਼ਾਮਲ ਸੀ।” ਟਰੰਪ ਉਨ੍ਹਾਂ ਪ੍ਰਾਚੀਨ ਅਤੇ ਹੁਣ ਸੁਸਤ ਪੈ ਚੁੱਕੇ ਪੱਖਪਾਤਾਂ ਅਤੇ ਜਨੂੰਨਾਂ ਨੂੰ ਮੁੜ ਜਗਾਉਣ ਵਿੱਚ ਸਫ਼ਲ ਰਿਹਾ ਹੈ ਜਿਹੜੇ ਬਹੁਤ ਲੰਮੇ ਸਮੇਂ ਤੋਂ ਪਿੰਡਾਂ ਵਿੱਚ ਰਹਿੰਦੇ ਅਮਰੀਕਨਾਂ ਵਿੱਚ ਨਿਹਿਤ ਹਨ। ਆਪਣੀ ਪੂਰੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਘੱਟ ਪੜ੍ਹੇ-ਲਿਖੇ, ਨੀਮ ਰੁਜ਼ਗਾਰਯਾਫ਼ਤਾ ਗੋਰੇ ਮਰਦ ਵੋਟਰਾਂ ਅਤੇ ਉਨ੍ਹਾਂ ਅੰਦਰ ਮੌਜੂਦ ਕੋਝੇ ਰੁਸੇਵਿਆਂ ਤੇ ਸ਼ਿਕਵਿਆਂ ਉੱਤੇ ਧਿਆਨ ਕੇਂਦਰਿਤ ਰੱਖਿਆ। ਅਤੇ ਹੁਣ ਅਸੀਂ ਯਕੀਨੀ ਤੌਰ ‘ਤੇ ਇਹ ਜਾਣ ਗਏ ਹਾਂ ਕਿ ਜ਼ਿਆਦਾਤਰ ਅਮਰੀਕਨਾਂ ਨੇ ਆਪਣੇ 1950ਵਿਆਂ ਦੇ ਆਰੰਭ ਵਿੱਚ ਆਪਣੇ ਅੰਦਰ ਉਪਜਾਏ ਕੋਝੇ ਵਤੀਰਿਆਂ ਤੇ ਵਿਚਾਰਾਂ ਨੂੰ ਹਾਲੇ ਤੱਕ ਵੀ ਨਹੀਂ ਤਿਆਗਿਆ। 2016 ਦੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਹੋਈ ਵੋਟਿੰਗ ਨੂੰ ਸਮਝਣ ਦਾ ਸ਼ਾਇਦ ਇੱਕ ਹੋਰ ਰਾਹ ਹੈ ਕਿ ਇਸ ਨੂੰ ਵਾਟਰਗੇਟ ਸਕੈਂਡਲ ਤੋਂ ਬਾਅਦ ਉਪਜੀ ਨੈਤਿਕਤਾ ਨੂੰ ਸਮੇਟਣ ਦਾ ਅਮਲ ਵੀ ਮੰਨਿਆ ਜਾ ਸਕਦਾ ਹੈ। ਅਮਰੀਕਨਾਂ ਨੇ ਜਦੋਂ ਰਿਚਰਡ ਨਿਕਸਨ ਨੂੰ ਵ੍ਹਾਈਟ ਹਾਊਸ ਵਿਚੋਂ ਖਾਰਿਜ ਕੀਤਾ ਸੀ, ਤਦ ਉਨ੍ਹਾਂ ਨੇ ਇਸ ਸੁਵਿਧਾਜਨਕ ਮਾਨਤਾ ਨਾਲ ਖ਼ੁਦ ਨੂੰ ਤਸੱਲੀ ਦਿੱਤੀ ਸੀ ਕਿ ਉਨ੍ਹਾਂ ਨੇ ਘਟੀਆ ਕਿਸਮ ਦੀਆਂ ਚੁਸਤੀਆਂ ਤੇ ਗੰਧਲੇ ਜਜ਼ਬਿਆਂ ਤੋਂ ਖ਼ੁਦ ਨੂੰ ਮੁਕਤ ਕਰ ਲਿਆ ਜਿਨ੍ਹਾਂ ਦੀ ਉਹ ਆਦਮੀ ਨੁਮਾਇੰਦਗੀ ਕਰਦਾ ਸੀ। ਡੈਮੋਕਰੈਟਾਂ, ਉਦਾਰਵਾਦੀਆਂ, ਰੌਕਫ਼ੈਲਰ ਰਿਪਬਲਿਕਨਜ਼ ਵਜੋਂ ਜਾਣੇ ਜਾਂਦੇ ਅਮਰੀਕਨਾਂ ਨੇ ਦਾਅਵੇ ਕੀਤੇ ਸਨ ਕਿ ‘ਸਦਾਚਾਰ’ ਤੇ ‘ਖੁੱਲ੍ਹਾਪਣ’ ਅਤੇ ‘ਸਚਾਈ’ ਨੂੰ ਦੇਸ਼ ਵਿੱਚ ਅਤੇ ਅਮਰੀਕੀ ਸਰਕਾਰ ਦੇ ਕੰਮਕਾਜ ਵਿੱਚ ਬੁਨਿਆਦੀ ਕਦਰਾਂ-ਕੀਮਤਾਂ ਵਜੋਂ ਬਹਾਲ ਕਰ ਦਿੱਤਾ ਗਿਆ ਹੈ। ਅਤੇ ਉਨ੍ਹਾਂ ਨੇ ਦ੍ਰਿੜ੍ਹਤਾਪੂਰਬਕ ਆਖਿਆ ਸੀ ਕਿ ‘ਮਨੁੱਖੀ ਅਧਿਕਾਰ’ ਤੇ ‘ਲੋਕਤੰਤਰ’ ਅਤੇ ‘ਅਸਹਿਮਤੀ’ ਵਰਗੇ ਸਿਧਾਂਤਾਂ ਉੱਤੇ ਹੀ ਅਮਰੀਕੀ ਵਿਦੇਸ਼ ਨੀਤੀ ਆਧਾਰਤ ਹੋਣੀ ਚਾਹੀਦੀ ਹੈ। ਰਿਪਬਲਿਕਨ ਅਤੇ ਡੈਮੋਕਰੈਟਿਕ ਪਾਰਟੀਆਂ ਵਿਚ ਨੀਤੀਆਂ ਉਲੀਕਣ ਵਾਲੇ ‘ਕੁਲੀਨਾਂ’ ਦਾ ਕਾਰ-ਵਿਹਾਰ ਤਦ ਅਜਿਹਾ ਹੋ ਗਿਆ ਸੀ, ਜਿਵੇਂ ਉਨ੍ਹਾਂ ਨੂੰ ਕੋਈ ਅਜਿਹਾ ਜਾਦੂਈ ਅੰਮ੍ਰਿਤ ਮਿਲ ਗਿਆ ਹੋਵੇ ਜਿਹੜਾ ਜਮਹੂਰੀ ਸਿਆਸਤ ਦੀਆਂ ਸਾਰੀਆਂ ਕਮੀਆਂ ਨੂੰ ਦੂਰ ਕਰ ਕੇ ਰੱਖ ਦੇਵੇਗਾ ਅਤੇ ਉਨ੍ਹਾਂ ਨੂੰ ਹੋਰਨਾਂ ਦੇਸ਼ਾਂ ਨੂੰ ਅਜਿਹੀਆਂ ਸਲਾਹਾਂ ਦੇਣ ਦੇ ਅਧਿਕਾਰ ਨਾਲ ਲੈਸ ਕਰ ਦੇਵੇਗਾ ਕਿ ਉਹ ਦੇਸ਼ ਆਪੋ-ਆਪਣੀ ਧਰਤੀ ਉੱਤੇ, ਅਤੇ ਦੂਜੇ ਦੇਸ਼ ਵਿੱਚ ਕਿਵੇਂ ਵਿਚਰਨ।
ਵਾਟਰਗੇਟ ਕਾਂਡ ਤੋਂ ਬਾਅਦ ਦੀ ਨੈਤਿਕਤਾ ਆਖ਼ਿਰਕਾਰ ਖਟਾਸ ਫੜ ਗਈ, ਖ਼ਾਸ ਤੌਰ ‘ਤੇ ਗੋਰੇ ਅਮਰੀਕਨਾਂ ਲਈ ਇਹ ਮਾੜੀ ਸਿੱਧ ਹੋਈ ਸੀ। ਖੁੱਲ੍ਹੇਪਣ ਕਾਰਨ ਬਹੁਤ ਸਾਰੇ ਪਰਵਾਸੀ ਆ ਗਏ, ਜੋ ਹਰ ਖੇਤਰ ਵਿੱਚ ਛਾ ਗਏ ਅਤੇ ਅਮਰੀਕਨ ਸਮਾਜ ਤੇ ਅਰਥ ਵਿਵਸਥਾ ਸਾਰੇ ਪ੍ਰਤੀਯੋਗੀ ਦ੍ਰਿਸ਼ ਉੱਤੇ ਉਨ੍ਹਾਂ ਨੇ ਗੋਰੇ ਅਮਰੀਕਨਾਂ ਨੂੰ ਪਛਾੜ ਕੇ ਰੱਖ ਦਿੱਤਾ। ਗੱਲ ਇੱਥੇ ਹੀ ਖ਼ਤਮ ਹੀ ਨਹੀਂ ਹੋਈ। ਪੇਸ਼ੇਵਾਰਾਨਾ ਆਗੂਆਂ ਨੇ ਮੀਡੀਆ ਅਤੇ ਮਨੋਰੰਜਨ ਉਦਯੋਗ ਵਿਚਲੇ ਆਪਣੇ ‘ਹਮਖਿਆਲਾਂ’ ਨਾਲ ਰਲ ਕੇ ਸਾਲ 2008 ਦੌਰਾਨ ਇੱਕ ਸਿਆਹਫ਼ਾਮ ਵਿਅਕਤੀ ਨੂੰ ਚੁਣ ਕੇ ਵ੍ਹਾਈਟ ਹਾਊਸ ਭੇਜਣ ਦੀ ਸਾਜ਼ਿਸ਼ ਨੂੰ ਅਮਲੀ ਰੂਪ ਦੇ ਦਿੱਤਾ। ਇਹ ਤਾਂ ਪਿਆਰਿਓ, ਕੁਫ਼ਰ ਤੋਲਣ ਤੋਂ ਵੀ ਵੱਡੀ ਗੱਲ ਸੀ। ਅਤੇ ਹੁਣ ਉਹ ਇੱਕ ਔਰਤ ਨੂੰ ‘ਕਮਾਂਡਰ-ਇਨ-ਚੀਫ਼’ ਵਜੋਂ ਵੇਖਣਾ ਚਾਹੁੰਦੇ ਹਨ! ਅਜਿਹਾ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ।
ਅਮਰੀਕਨ, ਸਪਸ਼ਟ ਤੌਰ ‘ਤੇ ਸਿਆਸੀ ਦਰੁਸਤਗੀ ਤੋਂ ਅੱਕੇ ਹੋਏ ਹਨ। ਉਹ ਖ਼ਾਸ ਤੌਰ ਉੱਤੇ, ਉਦਾਰਵਾਦੀਆਂ ਅਤੇ ਉਨ੍ਹਾਂ ਦੀਆਂ ਫ਼ੈਸ਼ਨੇਬਲ ‘ਸੰਵੇਦਨਾਵਾਂ’ ਤੋਂ ਵੱਧ ਅੱਕੇ ਹੋਏ ਹਨ। ਉਦਾਰਵਾਦੀਆਂ ਨੇ ਵੀ ਹਮੇਸ਼ਾਂ ਇਮਾਨਦਾਰਾਨਾ ਢੰਗ ਨਾਲ ਵਿਹਾਰ ਨਹੀਂ ਕੀਤਾ; ਇਸੇ ਲਈ ਸ੍ਰੀਮਤੀ ਕਲਿੰਟਨ ਪ੍ਰਤੀ ਲੋਕਾਂ ਦਾ ਭਰੋਸਾ ਸਪਸ਼ਟ ਤੌਰ ‘ਤੇ ਘਟਦਾ ਚਲਾ ਗਿਆ। ਭਰੋਸੇ ਦੀ ਘਾਟ ਦੇ ਨਾਲ-ਨਾਲ ”ਮੈਂ ਤਾਂ ਇਹੋ ਜਿਹੀ ਹੀ ਹਾਂ ਅਤੇ ਤੁਹਾਨੂੰ ਇਹ ਤਾਂ ਸਵੀਕਾਰ ਕਰਨਾ ਹੀ ਪਵੇਗਾ ਜਾਂ ਮੈਨੂੰ ਛੱਡਣਾ ਪਵੇਗਾ” ਵਾਲਾ ਵਤੀਰਾ ਵੀ ਬਹੁਤੇ ਵੋਟਰਾਂ ਨੂੰ ਪ੍ਰਭਾਵਤ ਨਾ ਕਰ ਸਕਿਆ, ਮਹਿਲਾ ਵੋਟਰਾਂ ਨੂੰ ਵੀ ਨਹੀਂ। ਦੂਜੇ ਪਾਸੇ, ਟਰੰਪ ਨੇ ਖ਼ੁਦ ਨੂੰ ਪਾਰਟੀ ਸਿਸਟਮ ਦੀਆਂ ਸੀਮਾਵਾਂ ਅਤੇ ਭ੍ਰਿਸ਼ਟ ਸਿਆਸੀ ਨੈਤਿਕਤਾ ਵਿੱਚ ਕੈਦ ਨਾ ਹੋਣ ਦਿੱਤਾ; ਉਨ੍ਹਾਂ ਨੇ ਸਗੋਂ ਪਹਿਲਾਂ ਰਿਪਬਲਿਕਨ ਪਾਰਟੀ ਵਿੱਚ ਅਤੇ ਫਿਰ ਅਮਰੀਕਾ ਵਿੱਚ ਵੱਡੇ ਪੱਧਰ ‘ਤੇ ਸੰਗਠਿਤ ਰੂਪ ਵਿਚ ਵਿਦਰੋਹ ਨੂੰ ਬੁਲੰਦ ਕੀਤਾ।
ਹਰ ਵਾਰ ਜਦੋਂ ਵੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਹੁੰਦੀ ਹੈ, ਤਦ ਇਸ ਮੌਕੇ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਅਮਰੀਕਨ ਕਿਸ ਤਰ੍ਹਾਂ ਦਾ ਸਮਾਜ ਚਾਹੁੰਦੇ ਹਨ ਜਾਂ ਉਨ੍ਹਾਂ ਨੂੰ ਕਿਹੋ ਜਿਹੇ ਸਮਾਜ ਵਿਚ ਵਿਚਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਇਸ ਵਾਰ ‘ਅਸਲ’ ਅਮਰੀਕਨ ਕਿਰਦਾਰ ਨੇ ਖ਼ੁਦ ਨੂੰ ਦ੍ਰਿੜ੍ਹਤਾਪੂਰਬਕ ਦਰਸਾ ਦਿੱਤਾ ਹੈ। ਉਹ ਉਸ ਰੋਸੇ ਭਰੇ ਰਾਸ਼ਟਰਵਾਦ ਨੂੰ ਚੁਣ ਕੇ ਬਹੁਤ ਖ਼ੁਸ਼ ਹਨ, ਜਿਹੜਾ ਡੋਨਲਡ ਟਰੰਪ ਨੇ ਉਨ੍ਹਾਂ ਅੱਗੇ ਪਰੋਸਿਆ। ਇਸ ਦੀ ਮਿਸਾਲ ਤੁਹਾਡੇ ਸਾਹਮਣੇ ਹੈ: ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ, ਐਤਵਾਰ ਨੂੰ ਟਰੰਪ ਮਿਨੇਸੋਟਾ ਵਿਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਆਖ ਰਹੇ ਸਨ: ”ਅਮੀਰ ਦੇਸ਼ ਬਣਨ ਲਈ, ਸਾਨੂੰ ਜ਼ਰੂਰ ਹੀ ਇੱਕ ਸੁਰੱਖਿਅਤ ਰਾਸ਼ਟਰ ਬਣਨਾ ਹੋਵੇਗਾ ਅਤੇ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਹੋ ਕੀ ਰਿਹਾ ਹੈ। ਸਾਰੀ ਦੁਨੀਆ ਜਾਣਦੀ ਹੈ ਕਿ ਮਿਨੇਸੋਟਾ ਵਿਚ ਕੀ ਵਾਪਰ ਰਿਹਾ ਹੈ। ਇੱਥੇ ਮਿਨੇਸੋਟਾ ਵਿਚ, ਤੁਹਾਨੂੰ ਖ਼ੁਦ ਹੀ ਇੰਨੀਆਂ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹੜੀਆਂ ਸ਼ਰਨਾਰਥੀਆਂ ਨੂੰ ਗ਼ਲਤ ਢੰਗ ਨਾਲ ਪਨਾਹ ਦੇਣ ਦੀ ਨੀਤੀ ਕਾਰਨ ਪੈਦਾ ਹੋ ਰਹੀਆਂ ਹਨ; ਤੁਹਾਡੇ ਸੂਬੇ ਵਿੱਚ ਵੱਡੀ ਗਿਣਤੀ ਵਿਚ ਸੋਮਾਲੀ ਸ਼ਰਨਾਰਥੀ ਆ ਕੇ ਵੱਸ ਰਹੇ ਹਨ ਤੇ ਤੁਹਾਨੂੰ ਇਸ ਬਾਰੇ ਕੁਝ ਪਤਾ ਵੀ ਨਹੀਂ, ਤੁਸੀਂ ਨਾ ਹੀ ਉਨ੍ਹਾਂ ਦਾ ਸਮਰਥਨ ਕਰਦੇ ਹੋ ਅਤੇ ਉਨ੍ਹਾਂ ਨੂੰ ਪਨਾਹ ਦੇਣ ਤੋਂ ਪਹਿਲਾਂ ਨਾ ਹੀ ਤੁਹਾਡੀ ਪ੍ਰਵਾਨਗੀ ਲਈ ਗਈ ਹੈ ਅਤੇ ਇਨ੍ਹਾਂ ਹੀ ਸ਼ਰਨਾਰਥੀਆਂ ਵਿੱਚੋਂ ਕੁਝ ਆਈਐੱਸਆਈਐੱਸ ਨਾਲ ਜਾ ਕੇ ਹੱਥ ਮਿਲਾ ਰਹੇ ਹਨ ਅਤੇ ਸਾਡੇ ਦੇਸ਼ ਦੇ ਨਾਲ-ਨਾਲ ਸੰਸਾਰ ਵਿਸ਼ਵ ਵਿੱਚ ਹੀ ਅਤਿਵਾਦੀ ਵਿਚਾਰ ਫੈਲਾ ਰਹੇ ਹਨ।”
ਅਤੇ ਫਿਰ ਉਨ੍ਹਾਂ ਮਿਸ਼ੀਗਨ ਦਾ ਰੁਖ਼ ਕੀਤਾ, ਜਿੱਥੇ ਅਰਬ ਮੂਲ ਦੇ ਲੋਕਾਂ ਦੀ ਵੱਡੀ ਗਿਣਤੀ ਵਸੀ ਹੋਈ ਹੈ। ਉੱਥੇ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ਼ਰਨਾਰਥੀਆਂ ਨੂੰ ਪਨਾਹ ਦੇਣ ਵਾਲੀ ਨੁਕਸਦਾਰ ਨੀਤੀ ਨੇ ਕਿਵੇਂ ‘ਤੁਹਾਡੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਦਿੱਤਾ’ ਹੈ ਅਤੇ ਇਸ ਨਾਲ ਕਿਵੇਂ ‘ਤੁਹਾਡੇ ਸਕੂਲਾਂ ਅਤੇ ਤੁਹਾਡੇ ਭਾਈਚਾਰੇ ਦੇ ਵਸੀਲਿਆਂ ਉੱਤੇ ਬੋਝ ਹੱਦੋਂ ਜ਼ਿਆਦਾ ਵਧ ਗਿਆ ਹੈ।’ ਇਨ੍ਹਾਂ ਦੋਵੇਂ ਹੀ ਸੂਬਿਆਂ ਵਿੱਚ ਰਵਾਇਤੀ ਤੌਰ ਉੱਤੇ ਡੈਮੋਕਰੈਟਿਕ ਪਾਰਟੀ ਨੂੰ ਹੀ ਵੋਟਾਂ ਪੈਂਦੀਆਂ ਰਹੀਆਂ ਹਨ ਪਰ ਇਸ ਵਾਰ ਇੱਥੇ ਬਹੁਤ ਗਹਿਗੱਚ ਚੋਣ ਮੁਕਾਬਲੇ ਵੇਖਣ ਨੂੰ ਮਿਲੇ।
ਹਰ ਵਾਰ ਰਾਸ਼ਟਰਪਤੀ ਚੋਣਾਂ ਪੁਰਾਣੀਆਂ ਨੁਕਸਦਾਰ-ਲੀਹਾਂ ਨੂੰ ਮੁੜ ਦ੍ਰਿੜ੍ਹਾਉਂਦੀਆਂ ਹਨ ਅਤੇ ਕੁਝ ਨਵੀਆਂ ਲੀਹਾਂ ਉਸਾਰਦੀਆਂ ਹਨ। ਟਰੰਪ ਦੀ ਮੁਹਿੰਮ ਨੂੰ ‘ਸਥਾਪਤ ਵਿਵਸਥਾ ਉਖਾੜ ਸੁੱਟਣ’ ਦੇ ਵਿਚਾਰ ਤੋਂ ਹੀ ਆਪਣੇ ਆਪ ਅਥਾਹ ਊਰਜਾ ਮਿਲਦੀ ਰਹੀ ਹੈ; ਖ਼ਾਸ ਤੌਰ ‘ਤੇ, ‘ਧਾਰਮਿਕ ਸੱਜੇਪੰਥੀਆਂ’ ਨੇ ਟਰੰਪ ਬੈਨਰ ਨੂੰ ਆਪਣੇ ਕੱਟੜਪੰਥੀ ਯਤਨਾਂ ਰਾਹੀਂ ਤਕੜੀ ਮਜ਼ਬੂਤੀ ਬਖ਼ਸ਼ੀ। ਇੱਥੇ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ ਕਿ ਨਵਾਂ ਰਾਸ਼ਟਰਪਤੀ ਆਖ਼ਰ ਇਸ ਖ਼ੁਦ ਬਣਾਏ ਕੇਂਦਰੀ ਵਿਚਾਰ ਤੋਂ ਹਟਵੇਂ ਇਸ ਸਮੂਹ ਨੂੰ ਖ਼ੁਸ਼ ਕਿਵੇਂ ਕਰੇਗਾ, ਜਦ ਕਿ ਹੁਣ ਅਸਲੀਅਤ ਇਹ ਹੈ ਕਿ ਇਹ ‘ਹਟਵਾਂ ਸਮੂਹ’ ਆਪਣੇ-ਆਪ ਨੂੰ ਪੂਰੇ ਅਧਿਕਾਰ ਨਾਲ ਨਵਾਂ ‘ਕੇਂਦਰ’ ਸਮਝਣ ਲੱਗਾ ਹੈ।
ਡੋਨਲਡ ਟਰੰਪ ਸੰਭਵ ਹੱਦ ਤੱਕ ਅਜਿਹਾ ਕੋਈ ਬਹਾਨਾ ਨਹੀਂ ਲਾ ਸਕਦੇ ਕਿ ਇਨ੍ਹਾਂ ਅਹਿਮਕਾਂ ਤੇ ਪਾਗਲਪੰਥੀਆਂ ਨੇ ਉਨ੍ਹਾਂ ਦੀ ਵ੍ਹਾਈਟ ਹਾਊਸ ਤੱਕ ਦੀ ਯਾਤਰਾ ਨੂੰ ਕੋਈ ਵੱਡਾ ਹੁਲਾਰਾ ਨਹੀਂ ਦਿੱਤਾ ਅਤੇ ਨਾ ਹੀ ਉਹ ਉਨ੍ਹਾਂ ਨੂੰ ਛੱਡ ਸਕਦੇ ਹਨ; ਪ੍ਰਮੁੱਖ ਨਿਯੁਕਤੀਆਂ ਕਰਦਿਆਂ ਅਤੇ ਨੀਤੀਆਂ ਉਲੀਕਦੇ ਸਮੇਂ ਟਰੰਪ ਇਨ੍ਹਾਂ ਲੋਕਾਂ ਦੀਆਂ ਤਰਜੀਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜੇ ਹੁਣ ਉਹ ”ਮੁੱਖਧਾਰਾ” ਅਤੇ ”ਕੇਂਦਰ” ਵੱਲ ਆਉਣ ਦਾ ਯਤਨ ਵੀ ਕਰਨਗੇ, ਤਦ ਉਨ੍ਹਾਂ ਉੱਤੇ ਨਾ ਕੇਵਲ ਸਿਆਸੀ ਬੇਈਮਾਨੀ ਅਤੇ ਬੌਧਿਕ ਦੋਗਲੇਪਣ ਦੇ ਦੋਸ਼ ਲੱਗਣਗੇ, ਸਗੋਂ ਉਨ੍ਹਾਂ ਨੂੰ ਆਪਣੇ ਸਮਰਥਕਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪਵੇਗਾ।
ਡੋਨਲਡ ਟਰੰਪ ਦੀ ਜਿੱਤ ਕੇਵਲ ਨਾਂਹ-ਪੱਖੀ ਵੋਟ ਹੀ ਨਹੀਂ ਹੈ, ਜਿਸ ਦਾ ਮੰਤਵ ‘ਬੇਈਮਾਨ ਹਿਲੇਰੀ’ ਅਤੇ ਉਨ੍ਹਾਂ ਦੇ ਓਨੇ ਹੀ ਘੱਟ ਹਰਮਨਪਿਆਰੇ ਪਤੀ ਨੂੰ ਵ੍ਹਾਈਟ ਹਾਊਸ ਦੇ ਕਿਤੇ ਨੇੜੇ-ਤੇੜੇ ਵੀ ਢੁਕਣ ਨਾ ਦੇਣਾ ਸੀ; ਸਗੋਂ ਇਹ ਇੱਕ ਹਾਂ-ਪੱਖੀ ਵੋਟ ਹੈ, ਜਿਸ ਦਾ ਮਕਸਦ ਗੋਰੇ ਅਮਰੀਕਨਾਂ ਨੰਗੇ-ਚਿੱਟੇ ਗੁੱਸੇ ਦਾ ਲਾਹਾ ਲੈਣਾ ਅਤੇ ਅਮਰੀਕਨ ਕਿਰਦਾਰ ਦੇ ਫ਼ਿੱਟ ਬੈਠਣ ਵਾਲੀ ਵਾਸ਼ਿੰਗਟਨ ਦੀ ਨਿਯਮ-ਪੁਸਤਕ ਨੂੰ ਮੁੜ-ਲਿਖਣਾ ਹੈ।
ਅਜਿਹਾ ਨਹੀਂ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਪਈਆਂ ਇਨ੍ਹਾਂ ਵੋਟਾਂ ਨੇ ਹੀ ਰਾਤੋ-ਰਾਤ ਅਮਰੀਕਾ ਨੂੰ ਬਦਲ ਕੇ ਰੱਖ ਦਿੱਤਾ ਹੈ। ਅਜਿਹੀ ਤਬਦੀਲੀ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਇਸ ਵਾਰ ਦੇ ਮਤਦਾਨ ਦਾ ਸਪਸ਼ਟ ਤੌਰ ‘ਤੇ ਇਹੋ ਮਤਲਬ ਹੈ ਕਿ ਅਮਰੀਕਨਾਂ ਨੇ ਸਾਲ 2008 ਵਿੱਚ ਸ਼ੁਰੂ ਹੋਈਆਂ ਉਦਾਰਵਾਦੀ ਸੋਚ ਵਾਲੀਆਂ ਆਪਣੀਆਂ ਗਤੀਵਿਧੀਆਂ ਨੂੰ ਹੁਣ ਤਿਆਗ ਦਿੱਤਾ ਹੈ। ਓਬਾਮਾ ਵਾਲੇ ਤਜਰਬੇ ਨੇ ਅਮਰੀਕੀਆਂ ਦੇ ਮੂੰਹ ਦਾ ਜ਼ਾਇਕਾ ‘ਵਿਗਾੜ’ ਦਿੱਤਾ ਸੀ। ਅਮਰੀਕਨ ਆਪਣੀਆਂ ਜੜ੍ਹਾਂ ਵੱਲ ਵਾਪਸ ਜਾਣ ਨੂੰ ਕਾਹਲੇ ਪੈ ਰਹੇ ਸਨ। 2016 ਦੇ ਇਸ ਮੁਕਾਬਲੇ ਨੇ ਰਾਸ਼ਟਰਪਤੀ ਦੀ ਸਿਆਸਤ ਨੂੰ ਅਮਰੀਕਨ ਸਮਾਜ ਤੇ ਉਸ ਦੇ ਜਨੂੰਨਾਂ ਅਤੇ ਪੱਖਪਾਤਾਂ ਦੀ ਸੇਧ ਵਿੱਚ ਮੁੜ ਲਿਆ ਖੜ੍ਹਾ ਕੀਤਾ ਹੈ।