ਗੁਰੂ ਨਾਨਕ ਦੇ ਚਿੱਤਰ : ਜਨਮ ਸਾਖੀਆਂ ਤੋਂ ਲੈ ਕੇ ਅੱਜ ਤਕ

ਗੁਰੂ ਨਾਨਕ ਦੇ ਚਿੱਤਰ : ਜਨਮ ਸਾਖੀਆਂ ਤੋਂ ਲੈ ਕੇ ਅੱਜ ਤਕ

ਗੁਰੂ ਨਾਨਕ ਦੇਵ ਜੀ ਦੇ ਚਿੱਤਰ ਵਿਚ ਸਭ ਤੋਂ ਪਹਿਲਾਂ ਸੇਲ੍ਹੀ ਟੋਪੀ ਦੀ ਥਾਂ ਦਸਤਾਰ ਚਿਤਰਕਾਰ ਸੋਭਾ ਸਿੰਘ ਨੇ ਸਜਾਈ ਹੈ। 1930ਵੇਂ ਦਹਾਕੇ ਜਦੋਂ ਉਨ੍ਹਾਂ ਦੀ ਦੀ ਪ੍ਰਸਿੱਧ ਤਸਵੀਰ ”ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ ਰਾਤ” ਜਰਮਨੀ ਤੋਂ ਛੱਪ ਕੇ ਮਾਰਕਿਟ ਵਿਚ ਆਈ, ਪਹਿਲਾਂ ਪਹਿਲਾਂ ਆਮ ਸ਼ਰਧਾਲੂਆਂ ਨੇ ਇਸ ਦੀ ਬੜੀ ਆਲੋਚਨਾ ਕੀਤੀ ਤੇ ਪੁੱਛਣ ਲੱਗੇ, ”ਸੇਲ੍ਹੀ ਟੋਪੀ ਕਿਥੇ ਹੈ? ਬੇਰੀ ਤੇ ਤੋਤਾ ਕਿਥੇ ਹਨ? ਭਾਈ ਬਾਲਾ ਤੇ ਮਰਦਾਨਾ ਕਿਥੇ ਹਨ?”, ਪਰ ਪਿਛੋਂ ਇਹ ਤਸਵੀਰ ਇਤਨੀ ਮਕਬੂਲ ਹੋਈ ਕਿ ਉਸ ਸਸਤੇ ਜ਼ਮਾਨੇ ਵਿਚ ਇਸ ਦੀ ਇਕ ਇਕ ਕਾਪੀ 50-50 ਰੁਪਏ ਵਿਚ ਵਿਕੀ। ਇਸ ਪਿਛੋਂ ਸਾਰੇ ਚਿੱਤਰਕਾਰ ਹੀ ਸੇਲ੍ਹੀ ਟੋਪੀ ਦੀ ਥਾਂ ਦਸਤਾਰ ਵਾਲੀ ਤਸਵੀਰ ਬਣਾਉਣ ਲੱਗੇ।

ਹਰਬੀਰ ਸਿੰਘ ਭੰਵਰ (ਮੋਬਾਈਲ : 98762-95829)
‘ਸਰਬਤ ਦੇ ਭਲੇ’ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ। ਜਿਸ ਸਮੇਂ ਉਨ੍ਹਾਂ ਨੇ ਅਵਤਾਰ ਧਾਰਿਆ, ਜ਼ਾਤ ਪਾਤ, ਊਚ ਨੀਚ, ਛੂਆ ਛਾਤ, ਵਹਿਮਾਂ ਭਰਮਾਂ ਤੇ ਅੰਧ-ਵਿਸ਼ਵਾਸ਼ ਦਾ ਬੋਲ ਬਲਾ ਸੀ। ਉਸ ਸਮੇਂ ਲਗਭਗ ਸਾਰੇ ਹਿੰਦੁਸਤਾਨ ਉਤੇ ਇਸਲਾਮੀ ਝੰਡਾ ਝੁਲ ਰਿਹਾ ਸੀ, ਮੁਗ਼ਲਾਂ ਦੇ ਹਮਲੇ ਹੋ ਰਹੇ ਸਨ। ਇਸਲਾਮੀ ਹੁਕਮਰਾਨਾਂ ਤੇ ਹਮਲਾਵਰਾਂ ਵਲੋਂ ਹਿੰਦੂਆਂ ਉਤੇ ਬੜਾ ਜ਼ੁਲਮ ਤਸ਼ੱਦਦ ਹੋ ਰਿਹਾ ਸੀ। ਦੋਨਾ ਫਿਰਕਿਆ ਵਿਚਕਾਰ ਬੜੀ ਕੁੜੱਤਨ ਤੇ ਨਫਰਤ ਚੱਲ ਰਹੀ ਸੀ। ਅਜਿਹੇ ਬਿਖੜੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਦੋਨਾਂ ਧਰਮਾਂ ਦੇ ਪੈਰੋਕਾਰਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਲਈ ਸਿੱਧਾ ਸਾਦਾ ਤੇ ਨੇਕ ਜੀਵਨ ਬਿਤਾਉਣ, ਹੱਥੀ ਕਿਰਤ ਕਰਨ, ਵੰਡ ਛੱਕਣ, ਇਕੋ ਨਾਮ ਜਪਣ ਤੇ ਸਭਨਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿਤਾ। ਆਪਣੀ ਮਧੁਰ ਬਾਣੀ ਤੇ ਰੂਹਾਨੀ ਉਪਦੇਸ਼ਾਂ ਕਾਰਨ ਉਹ ਦੋਨਾਂ ਫਿਰਕਿਆਂ ਵਿਚ ਇਕੋ ਜਿਹਾ ਹਰਮਨ ਪਿਆਰੇ ਹੋਏ ਤੇ ਸਤਿਕਾਰੇ ਜਾਣ ਲਗੇ। ਇਸੇ ਕਾਰਨ ਇਹ ਕਿਹਾ ਜਾਂਦਾ ਸੀ:
ਨਾਨਕ ਸ਼ਾਹ ਫਕੀਰ,
ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ
ਉਰਦੂ ਦੇ ਨਾਮਵਰ ਸ਼ਾਇਰ ਡਾ. ਮਹੁੰਮਦ ਇਕਬਾਲ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿਖਿਆ ਤੇ ਬਾਣੀ ਤੋਂ ਬਹੁਤ ਪ੍ਰਭਾਵਤ ਸਨ, ਉਨ੍ਹਾਂ ਵਲੋਂ ਗੁਰੂ ਜੀ ਬਾਰੇ ਲਿਖੀ ਇਕ ਨਜ਼ਮ ਦਾ ਇਕ ਸ਼ੇਅਰ ਹੈ:
ਫਿਰ ਉਠੀ ਆਖ਼ਰ ਸਦਾ ਤੋਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖਵਾਬ ਸੇ
ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਉਸ ਸਮੇਂ ਦੇ ਕਈ ਲੋਕ ‘ਕੁਰਾਹੀਆ’ ਕਹਿੰਦੇ ਸਨ, ਅੱਜ ਆਮ ਲੋਕ ਉਨ੍ਹਾਂ ਦੇ ਪਾਏ ਪੂਰਨਿਆਂ ਉਤੇ ਚੱਲਣ ਨੂੰ ਆਪਣਾ ਜੀਵਨ ਆਦਰਸ਼ ਸਮਝਦੇ ਹਨ। ਉਨ੍ਹਾਂ ਦੀ ਬਾਣੀ ਦਾ ਸ਼ਰਧਾ ਨਾਲ ਪਾਠ ਕਰਦੇ ਹਨ, ਉਨ੍ਹਾਂ ਦੀ ਤਸਵੀਰ ਅੱਗੇ ਨਿਮ੍ਰਤਾ ਸਹਿਤ ਸੀਸ ਝੁਕਾਉਂਦੇ ਹਨ।
ਉਸ ਮਹਾਨ ਨਾਨਕ ਨੂੰ, ਨਿਰੰਕਾਰੀ ਜੋਤ ਤੇ ਰੱਬੀ ਨੂਰ ਨੂੰ ਰੰਗਾਂ ਤੇ ਬੁਰਸ਼ ਨਾਲ ਰੂਪਮਾਨ ਕਰਨਾ ਕਿਤਨਾ ਔਖਾ ਹੈ, ਕਿਤਨੀ ਸਾਧਨਾ ਤੇ ਅਰਾਧਨਾ ਦੀ ਲੋੜ ਹੈ। ਇਹ ਤਾਂ ਉਹੋ ਕਰ ਸਕਦਾ ਹੈ ਜਿਸ ਨੇ ਗੁਰੂ ਨਾਨਕ ਨੂੰ ਸਮਝਿਆ ਹੋਵੇ, ਆਪਣੇ ਹਿਰਦੇ ਅੰਦਰ ਵਸਾਇਆ ਹੋਵੇ। ਜਨਮ ਸਾਖੀਆਂ ਲਿਖੇ ਜਾਣ ਵਾਲੇ ਸਮਿਆਂ ਤੋਂ ਲੈ ਕੇ ਅੱਜ ਤਕ ਕਈ ਕਲਾਕਾਰਾਂ ਨੇ ਰੰਗਾਂ ਤੇ ਆਪਣੇ ਬੁਰਸ਼ ਨਾਲ ਇਸ ਮਹਾਨ ਨਾਨਕ ਨੂੰ, ਚਿਤਰਣ ਦਾ ਯਤਨ ਕੀਤਾ ਹੈ ਅਤੇ ਕਰ ਰਹੇ ਹਨ।
ਇਸ ਗੱਲ ਦੀ ਤਾਂ ਕੋਈ ਪੱਕੀ ਜਾਣਕਾਰੀ ਨਹੀਂ ਕਿ ਸ਼ੁਰੂਆਤ ਕਦੋਂ ਹੋਈ, ਗੁਰੂ ਨਾਨਕ ਦੇਵ ਜੀ ਤੇ ਦੂਸਰੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਹੁਤ ਲੰਬੇ ਸਮੇਂ ਤੋਂ ਬਣਦੀਆਂ ਆ ਰਹੀਆਂ ਹਨ। ਉਨ੍ਹਾਂ ਦਾ ਗੁਰੂ ਕਾਲ ਸਮੇਂ ਦਾ ਕੋਈ ਚਿੱਤਰ ਤਾਂ ਨਹੀਂ ਮਿਲਦਾ, ਪਰ ਗੁਰੂ ਨਾਨਕ ਦੇਵ ਜੀ ਬਾਰੇ ਹੱਥ-ਲਿਖਤ ”ਜਨਮ ਸਾਖੀਆਂ” ਵਿਚ ਉਨ੍ਹਾਂ ਦੀਆਂ ਤਸਵੀਰਾਂ ਮਿਲਦੀਆਂ ਹਨ। ਦੇਸ਼ ਉਤੇ ਕਬਜ਼ਾ ਕਰਨ ਉਪਰੰਤ ਅੰਗਰੇਜ਼ ਜਿਥੇ ਇਥੋਂ ਕੱਚਾ ਮਾਲ ਇੰਗਲੈਂਡ ਲਿਜਾਂਦੇ ਰਹੇ, ਉਥੇ ਦੇਸ਼ ਦੀ ਦੌਲਤ ਤੇ ਸਾਹਿਤਕ, ਕਲਾਤਮਿਕ ਤੇ ਸਭਿਆਚਾਰਕ ਖਜ਼ਾਨਾ ਵੀ ਇੰਗਲੈਂਡ ਲਿਜਾਂਦੇ ਰਹੇ। ਪੰਜਾਬ ਤੇ ਕਬਜ਼ਾ ਕਰਨ ਪਿਛੋਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੀਆਂ ਅਨੇਕ ਬਹੁਮੁਲੀਆਂ ਵਸਤੂਆਂ ਦੇ ਨਾਲ ਅਨੇਕਾਂ ਜਨਮ ਸਾਖੀਆਂ ਵੀ ਉਧਰ ਲੈ ਗਏ। ਲੰਡਨ ਸਥਿਤ ਇੰਡੀਆ ਆਫਿਸ ਲਾਇਬਰੇਰੀ ਵਿਚ ਹੱਥ ਲਿਖਤ (ਬੀ-40) ਜਨਮ ਸਾਖੀ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ 57 ਚਿੱਤਰ ਹਨ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡਾ. ਸੁਰਜੀਤ ਹਾਂਸ ਦੀ ਸੰਪਾਦਨਾ ਹੇਠ ਪ੍ਰਕਾਸ਼ਤ ਕੀਤੀ ਹੈ। ਇਹ ਜਨਮ ਸਾਖੀ ਭਾਦੋਂ ਸੁਦੀ 3, ਸੰਮਤ 1790 (ਅਗਸਤ 1733 ਈਸਵੀ) ਨੂੰ ਮੁਕੰਮਲ ਹੋਈ ਹੈ, ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਦੇ 25 ਵਰ੍ਹੇ ਪਿਛੋਂ ਦੀ ਹੈ। ਇਹ ਤਸਵੀਰਾਂ, ਜੋ ਮੁਗ਼ਲ ਕਲਮ ਦੀ ਸ਼ੈਲੀ ਵਿਚ ਹਨ। ਉਸ ਸਮੇਂ ਪਿਛੋਂ ਦੀਆਂ ਤਸਵੀਰਾਂ ਵੀ ਮਿਲਦੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਕਿਸੇ ਵੀ ਗੁਰੂ ਸਾਹਿਬ ਦੀ ਦਿਖਾਈ ਗਈ ਤਸਵੀਰ ਨੂੰ ਅਸੀਂ ਸਬੰਧਤ ਗੁਰੂ ਸਾਹਿਬ ਦੀ ਹੂ-ਬ-ਹੂ ਸ਼ਕਲ ਤਾਂ ਨਹੀਂ ਕਹਿ ਸਕਦੇ, ਇਹ ਚਿੱਤਰਕਾਰਾਂ ਦਾ ਕਾਲਪਨਿਕ ਚਿੱਤਰ ਹੀ ਹੁੰਦਾ ਹੈ, ਜੋ ਉਨ੍ਹਾਂ ਸ਼ਰਧਾਲੂਆਂ ਤੋਂ ਗੁਰੂ ਸਾਹਿਬਾਨ ਦੀ ਸ਼ਖਸੀਅਤ ਬਾਰੇ ਸੁਣੀਆ ਸਾਖੀਆਂ ‘ਤੇ ਆਧਾਰਤ ਬਣਾਏ।
ਪੰਜਾਬ ਦੇ ਪਹਾੜੀ ਰਾਜਿਆਂ ਨੇ ਅਨੇਕਾਂ ਚਿੱਤਰਕਾਰ ਦੀ ਸਰਪ੍ਰਸਤੀ ਕੀਤੀ, ਜਿਸ ਕਾਰਨ ਗੁਲੇਰ ਅਤੇ ਸੁਜਾਨਪੁਰ ਟੀਰਾ ਵਿਖੇ ਕਾਂਗੜਾ ਕਲਮ ਸ਼ੈਲੀ ਬਹੁਤ ਵਿਕਸਤ ਹੋਈ ਅਤੇ ਵਿਸ਼ਵ ਕਲਾ ਜਗਤ ਵਿਚ ਮਸ਼ਹੂਰ ਵੀ ਹੋਈ। ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਰੇ ਇਲਾਕੇ ਫਤਹਿ ਕਰਕੇ ਆਪਣੇ ਰਾਜ ਅਧੀਨ ਲੈ ਆਦੇ ਸਨ ਜਿਸ ਉਪਰੰਤ ਅਨੇਕਾਂ ਚਿੱਤਰਕਾਰ ਲਾਹੌਰ ਦਰਬਾਰ ਵਿਚ ਆ ਗਏ ਸਨ। ਮਹਾਰਾਜਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਵੀ ਕਈ ਚਿੱਤਰਕਾਰ ਮੰਗਵਾਏ, ਜਿਨ੍ਹਾਂ ਨੇ ਸਿੱਖ ਕਲਾ ਦਾ ਆਰੰਭ ਕੀਤਾ। ਮਹਾਰਾਜਾ ਦੇ ਸਮੇਂ ਤੋਂ ਪਹਿਲਾਂ ਤੇ ਬਾਅਦ ਦੇ ਗੁਰਦੁਆਰਿਆਂ ਵਿਚ ਤਸਵੀਰਾਂ, ਬਾਬਾ ਅਟਲ ਸਾਹਿਬ, ਜੂਨ 1984 ਤੋਂ ਪਹਿਲੇ ਵਾਲੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ, ਪਾਕਿਸਤਾਨ ਦੇ ਗੁਰਧਾਮਾਂ ਵਿਚ ਕੰਧ-ਚਿੱਤਰਾਂ ਦੇ ਰੂਪ ਵਿਚ ਵੇਖੀਆਂ ਜਾ ਸਕਦੀਆਂ ਸਨ।
ਸਿੱਖ ਇਤਿਹਾਸ ਬਾਰੇ ਚਿਤੱਰ ਬਣਾਉਣ ਵਾਲੇ ਚਿੱਤਰਕਾਰ ਭਾਈ ਗਿਆਨ ਸਿੰਘ ਨਕਾਸ਼, ਐਸ.ਜੀ. ਠਾਕਰ ਸਿੰਘ, ਸੋਭਾ ਸਿੰਘ, ਕ੍ਰਿਪਾਲ ਸਿੰਘ ਮਾਸਟਰ ਹਰੀ ਸਿੰਘ, ਮਾਸਟਰ ਗੁਰਦਿਤ ਸਿੰਘ, ਜੀ.ਐਸ. ਸੋਹਨ ਸਿੰਘ, ਜਸਵੰਤ ਸਿੰਘ ਜਦੋਂ ਕਲਾ ਖੇਤਰ ਵਿਚ ਆਏ ਉਸ ਤੋਂ ਪਹਿਲਾਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਆਮ ਤੌਰ ‘ਤੇ ਲਾਹੌਰ ਦੇ ਚਿੱਤਰਕਾਰ ਅਲ੍ਹਾ ਬਖ਼ਸ਼ ਤੇ ਬ੍ਰਿਜ ਲਾਲ ਬਣਾਇਆ ਕਰਦੇ ਸਨ ਅਤੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਜੋ ਆਮ ਪ੍ਰਚੱਲਤ ਸੀ ਉਸ ਵਿਚ ਉਹ ਸੇਲ੍ਹੀ ਟੋਪੀ ਪਹਿਣੇ ਹੋਏ ਬੇਰੀ ਦੇ ਦਰੱਖ਼ਤ ਹੇਠਾਂ ਬਿਰਾਜਮਾਨ ਹਨ, ਆਸੇ ਪਾਸ ਭਾਈ ਬਾਲਾ ਤੇ ਭਾਈ ਮਰਦਾਨਾ ਬੈਠੇ ਹਨ, ਬੇਰੀ ਉਪਰ ਟੰਗੇ ਇਕ ਪਿੰਜਰੇ ਵਿਚ ਇਕ ਤੋਤਾ ਹੈ। ਲਾਹੌਰ ਸਥਿਤ ਨਾਮਵਾਰ ਚਿੱਤਰਕਾਰ ਅਬਦੁਲ ਰਹਿਮਾਨ ਚੁਗ਼ਤਾਈ ਨੇ ਹਿੰਦੂ ਦੇਵੀ ਦੇਵਤਿਆਂ ਦੀ ਤਸਵੀਰਾਂ ਤਾਂ ਬਹੁਤ ਬਣਾਈਆਂ ਹਨ ਪਰ ਕਿਸੇ ਗੁਰੂ ਸਾਹਿਬ ਦੀ ਕੋਈ ਤਸਵੀਰ ਨਹੀਂ ਬਣਾਈ।
ਗੁਰੂ ਸਾਹਿਬਾਨ ਦੀਆਂ ਸਭ ਤੋਂ ਵੱਧ ਤਸਵੀਰਾਂ ਸੋਭਾ ਸਿੰਘ ਨੇ ਬਣਾਈਆਂ ਜਦੋਂ ਕਿ ਸਿੱਖ ਇਤਿਹਾਸ ਬਾਰੇ ਵਧੇਰੇ ਕਰ ਕੇ ਕ੍ਰਿਪਾਲ ਸਿੰਘ ਤੇ ਮਾਸਟਰ ਗੁਰਦਿਤ ਸਿੰਘ, ਜੋ ਸ੍ਰੀ ਦਰਬਾਰ ਸਾਹਿਬ ਅਮਦਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਬਤੌਰ ਆਰਟਿਸਟ ਸੇਵਾ ਕਰਦੇ ਰਹੇ, ਨੇ ਬਣਾਈਆਂ, ਜੋ ਬਹੁਤ ਮਕਬੂਲ ਹੋਈਆਂ ਅਤੇ ਜਿਨ੍ਹਾਂ ਵਿਚੋਂ ਕਈ ਚਿੱਤਰ ਅੱਜ ਕੇਂਦਰੀ ਸਿੱਖ ਅਜਾਇਬ ਘਰ ਦਾ ਸ਼ਿੰਗਾਰ ਹਨ।
ਗੁਰੁ ਨਾਨਕ ਦੇਵ ਜੀ ਦੇ ਚਿੱਤਰਾਂ ਦਾ ਅਧਿਐਨ ਕਰੀਏ ਤਾ ਸਪਸ਼ਟ ਹੋ ਜਾਂਦਾ ਹੈ ਜਨਮ ਸਾਖੀਆਂ ਤੇ ਗੁਰਦੁਆਰਿਆਂ ਦੀਆਂ ਪੁਰਾਣੀਆਂ ਇਮਾਰਤਾਂ ਦੇ ਜੋ ਕੰਧ ਚਿੱਤਰ ਹਨ, ਉਹ ਮੁਗ਼ਲ ਕਲਾ ਸ਼ੈਲੀ ਨਾਲ ਮੇਲ ਖਾਂਦੇ ਹਨ। ਅਲ੍ਹਾ ਬਖ਼ਸ਼ ਤੇ ਬ੍ਰਿਜ ਲਾਲ ਤੋਂ ਬਾਅਦ ਸ਼ਾਇਦ ਭਾਈ ਗਿਆਨ ਸਿੰਘ ਨਕਾਸ਼, ਜਿਨ੍ਹਾਂ ਅਪਣੀ ਉਮਰ ਦਾ ਵੱਡਾ ਹਿੱਸਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਸੰਗਮਰਮਰੀ ਕੰਧਾਂ ਉਤੇ ਨਕਾਸ਼ੀ ਦੀ ਸੇਵਾ ਵਿਚ ਬਿਤਾਇਆ, ਪਹਿਲੇ ਚਿੱਤਰਕਾਰ ਹਨ, ਜਿਨ੍ਹਾਂ ਨੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਗੁਰੂ ਸਾਹਿਬ ਦੇ ਚਿੱਤਰ ਬਣਾਏ, ਜੋ ਉਸ ਸਮੇਂ ਆਮ ਪ੍ਰਚਲਤ ਸਨ ਜਿਵੇਂ ਕਿ ਗੁਰੂ ਸਾਹਿਬ ਬੇਰੀ ਦੇ ਦਰਖ਼ਤ ਹੇਠ ਸ਼ਸ਼ੋਭਿਤ ਹਨ, ਸੇਲ੍ਹੀ ਟੋਪੀ ਪਹਿਣੇ ਹਏ ਹਨ ਤੇ ਆਸੇ ਪਾਸੇ ਭਾਈ ਮਰਦਾਨਾ ਤੇ ਭਾਈ ਬਾਲਾ ਬੈਠੇ ਹਨ।
ਗੁਰੂ ਸਾਹਿਬਾਨ ਦੇ ਸਭ ਤੋਂ ਵੱਧ ਚਿੱਤਰ ਮਰਹੂਮ ਸੋਭਾ ਸਿੰਘ ਨੇ ਬਣਾਏ ਹਨ। ਭਾਰਤੀ ਫੌਜ ਦੀ ਡਰਾਫਟਸਮੈਨ ਵਜੋਂ ਨੌਕਰੀ ਛੱਡ ਕੇ ਉਨ੍ਹਾਂ ਨੇ 1923 ਵਿਚ ਅੰਮ੍ਰਿਤਸਰ ਵਿਖੇ ਇਕ ਚਿੱਤਰਕਾਰ ਵਜੋਂ ਆਜ਼ਾਦਾਨਾ ਤੌਰ ‘ਤੇ ਕੰਮ ਸ਼ੁਰੂ ਕੀਤਾ। ਪ੍ਰਸਿੱਧ ਪੰਥਕ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਤੇ ਭਾਈ ਵੀਰ ਸਿੰਘ ਦੀ ਸੰਗਤ ਨੇ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਚਿੱਤਰ ਬਣਾਉਣ ਲਈ ਪ੍ਰੇਰਿਆ। ਗੁਰੂ ਨਾਨਕ ਦੇਵ ਜੀ ਦੇ ਚਿੱਤਰ ਵਿਚ ਸਭ ਤੋਂ ਪਹਿਲਾਂ ਸੇਲ੍ਹੀ ਟੋਪੀ ਦੀ ਥਾਂ ਦਸਤਾਰ ਚਿਤਰਕਾਰ ਸੋਭਾ ਸਿੰਘ ਨੇ ਸਜਾਈ ਹੈ। 1930ਵੇਂ ਦਹਾਕੇ ਜਦੋਂ ਉਨ੍ਹਾਂ ਦੀ ਦੀ ਪ੍ਰਸਿੱਧ ਤਸਵੀਰ ”ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ ਰਾਤ” ਜਰਮਨੀ ਤੋਂ ਛੱਪ ਕੇ ਮਾਰਕਿਟ ਵਿਚ ਆਈ, ਪਹਿਲਾਂ ਪਹਿਲਾਂ ਆਮ ਸ਼ਰਧਾਲੂਆਂ ਨੇ ਇਸ ਦੀ ਬੜੀ ਆਲੋਚਨਾ ਕੀਤੀ ਤੇ ਪੁੱਛਣ ਲੱਗੇ, ”ਸੇਲ੍ਹੀ ਟੋਪੀ ਕਿਥੇ ਹੈ? ਬੇਰੀ ਤੇ ਤੋਤਾ ਕਿਥੇ ਹਨ? ਭਾਈ ਬਾਲਾ ਤੇ ਮਰਦਾਨਾ ਕਿਥੇ ਹਨ?”, ਪਰ ਪਿਛੋਂ ਇਹ ਤਸਵੀਰ ਇਤਨੀ ਮਕਬੂਲ ਹੋਈ ਕਿ ਉਸ ਸਸਤੇ ਜ਼ਮਾਨੇ ਵਿਚ ਇਸ ਦੀ ਇਕ ਇਕ ਕਾਪੀ 50-50 ਰੁਪਏ ਵਿਚ ਵਿਕੀ। ਇਸ ਪਿਛੋਂ ਸਾਰੇ ਚਿੱਤਰਕਾਰ ਹੀ ਸੇਲ੍ਹੀ ਟੋਪੀ ਦੀ ਥਾਂ ਦਸਤਾਰ ਵਾਲੀ ਤਸਵੀਰ ਬਣਾਉਣ ਲੱਗੇ।
ਐਸ.ਜੀ.ਠਾਕਰ ਸਿੰਘ ਨੇ ਵਧੇਰੇ ਕਰਕੇ ਕੁਦਰਤੀ ਦ੍ਰਿਸ਼ਾਂ, ਪਰਬਤਾਂ, ਝਰਨਿਆਂ ਤੇ ਇਮਾਰਤਾਂ ਦੇ ਚਿੱਤਰ ਬਣਾਏ, ਪਰ ਫਿਰ ਗੁਰੂ ਸਾਹਿਬਾਨ ਦੇ ਵੀ ਚਿੱਤਰ ਬਣਾਉਣ ਲੱਗੇ। ਜੀ.ਐਸ. ਸੋਹਨ ਸਿੰਘ ਨੇ ਆਪਣੇ ਪਹਿਲੇ ਕੁਝ ਸਾਲਾਂ ਵਿਚ ਆਪਣੇ ਪਿਤਾ ਭਾਈ ਗਿਆਨ ਸਿੰਘ ਨਕਾਸ਼ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਕਾਸੀ ਦਾ ਕੰਮ ਕੀਤਾ, ਫਿਰ ਸਾਰੀ ਉਮਰ ਗੁਰੂ ਸਾਹਿਬਾਨ ਦੇ ਚਿੱਤਰ ਬਣਾਉਣ ਦੇ ਲੇਖੇ ਲਗਾ ਦਿੱਤੀ। ਦਿੱਲੀ ਸਥਿਤ ਚਿਤਰਕਾਰ ਜਸਵੰਤ ਸਿੰਘ ਦੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਸਮੇਂ ਲੰਬੇ ਪੰਧਾਂ ਦੀ ਇਕ ਚਿਨ੍ਹਾਤਮਿਕ ਤਸਵੀਰ ਬਹੁਤ ਹੀ ਮਕਬੂਲ ਹੋਈ,ਜਿਸ ਵਿਚ ਕੇਵਲ ਉਨ੍ਹਾਂ ਦੀਆਂ ਲੱਤਾਂ ਤੇ ਖੜਾਵਾਂ ਪਹਿਣੇ ਚਰਨ ਹੀ ਦਿਖਾਈ ਦੇ ਰਹੇ ਹਨ।
ਦੇਵਿੰਦਰ ਸਿੰਘ (ਚੰਡੀਗੜ੍ਹ), ਜਰਨੈਲ ਸਿੰਘ (ਕੈਨੇਡਾ) ਸੁਖਦੇਵ ਸਿੰਘ (ਬਠਿੰਡਾ), ਸਤਪਾਲ ਦਾਨਿਸ਼ ਤੇ ਕਈ ਹੋਰ ਗੁਰੂ ਨਾਨਕ ਦੇਵ ਜੀ ਦੇ ਚਿੱਤਰ ਬਣਾ ਕੇ ਆਪਣੀ ਸੇਵਾ ਕਰ ਰਹੇ ਹਨ।