ਸਿਰਸੇਵਾਲੇ ਨੂੰ ਮਾਫੀ ਦਿਵਾਉਣ ਦੀ ਸਾਜ਼ਿਸ਼ ਮਾਮਲੇ ‘ਚ ਸਾਬਕਾ ਮੰਤਰੀ ਚੀਮੇ ਦੀ ਹੋਵੇਗੀ ਪੁੱਛਗਿੱਛ

ਸਿਰਸੇਵਾਲੇ ਨੂੰ ਮਾਫੀ ਦਿਵਾਉਣ ਦੀ ਸਾਜ਼ਿਸ਼ ਮਾਮਲੇ ‘ਚ ਸਾਬਕਾ ਮੰਤਰੀ ਚੀਮੇ ਦੀ ਹੋਵੇਗੀ ਪੁੱਛਗਿੱਛ

ਬਠਿੰਡਾ/ਬਿਊਰੋ ਨਿਊਜ਼ :
ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਬਾਦਲਾਂ ਦੇ ਨੇੜਲੇ ਅਕਾਲੀ ਨੇਤਾ ਡਾ. ਦਲਜੀਤ ਚੀਮਾ ਨੂੰ ਸੰਮਨ ਭੇਜ ਕੇ 29 ਦਸੰਬਰ ਨੂੰ ਫ਼ਰੀਦਕੋਟ ਕੈਂਪ ਆਫ਼ਿਸ ‘ਚ ਪੇਸ਼ ਹੋਣ ਲਈ ਆਖਿਆ ਹੈ। ਜਾਂਚ ਟੀਮ ਤਰਫ਼ੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ। ਕਮਿਸ਼ਨ ਦੀ ਰਿਪੋਰਟ ਵਿਚ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਵਿਚ ਡਾ. ਦਲਜੀਤ ਸਿੰਘ ਦੀ ਭੂਮਿਕਾ ਦੀ ਗੱਲ ਕੀਤੀ ਗਈ ਹੈ।
ਸੂਤਰਾਂ ਮੁਤਾਬਿਕ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੋਂ ਪੁੱਛਗਿੱਛ ਲਈ ਖ਼ਾਕਾ ਤਿਆਰ ਕੀਤਾ ਹੈ। ਜਾਂਚ ਟੀਮ ਇਸ ਪੁੱਛਗਿੱਛ ਨੂੰ ਪੂਰੀ ਤਰ੍ਹਾਂ ਡੇਰਾ ਮੁਖੀ ਨੂੰ ਦਿੱਤੀ ਮੁਆਫ਼ੀ ‘ਤੇ ਕੇਂਦਰਿਤ ਰੱਖੇਗੀ। ਪਤਾ ਲੱਗਾ ਹੈ ਕਿ ਜਾਂਚ ਟੀਮ ਤਰਫ਼ੋਂ ਸੁਆਲਾਂ ਦਾ ਖ਼ਾਕਾ ਪਹਿਲੋਂ ਹੀ ਤਿਆਰ ਕੀਤਾ ਗਿਆ ਹੈ। ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਵੀ ਇਕ ਵੇਲੇ ਕਹਿ ਚੁੱਕੇ ਹਨ ਕਿ ਡੇਰਾ ਮੁਖੀ ਨੂੰ ਦਿੱਤੀ ਮੁਆਫ਼ੀ ਵਾਲੀ ਚਿੱਠੀ ਡਾ. ਚੀਮਾ ਨੇ ਪੜ੍ਹੀ ਸੀ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ.ਜੀ ਕੰਵਰ ਵਿਜੇ ਪ੍ਰਤਾਪ ਸਿੰਘ ਸੰਮਨ ਭੇਜੇ ਜਾਣ ਦੀ ਪਹਿਲਾਂ ਹੀ ਪੁਸ਼ਟੀ ਕਰ ਚੁੱਕੇ ਹਨ।
ਸੂਤਰ ਦੱਸਦੇ ਹਨ ਕਿ ਜਾਂਚ ਟੀਮ ਵੱਲੋਂ ਡਾ. ਚੀਮਾ ਦੀ ਪੁੱਛਗਿੱਛ ਮਗਰੋਂ ਕਿਸੇ ਹੋਰ ਸਿਆਸੀ ਨੇਤਾ ਨੂੰ ਬੁਲਾਏ ਜਾਣ ਦੀ ਸੰਭਾਵਨਾ ਘੱਟ ਹੈ। ਵਿਸ਼ੇਸ਼ ਜਾਂਚ ਟੀਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਜਾਂਚ ਲਈ ਬੁਲਾਏ ਜਾਣ ਦੀ ਤਿਆਰੀ ਨਾਲੋ-ਨਾਲ ਕੀਤੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਸਾਬਕਾ ਜਥੇਦਾਰ ਨੂੰ ਸੰਮਨ ਭੇਜਦੀ ਹੈ ਤਾਂ ਇਹ ਆਪਣੇ ਆਪ ਵਿਚ ਵੱਡੀ ਗੱਲ ਹੋਵੇਗੀ ਕਿਉਂਕਿ ਪਹਿਲਾਂ ਸ਼ਾਇਦ ਏਦਾਂ ਕਦੇ ਨਹੀਂ ਹੋਇਆ ਹੈ।