ਹੱਥੋ-ਹੱਥੀਂ ਵਿਕ ਰਹੀ ਹੈ ਕਿਤਾਬ ‘ਪੰਜਾਬ ਦਾ ਬੁੱਚੜ ਕੇਪੀਐੱਸ ਗਿੱਲ’

ਹੱਥੋ-ਹੱਥੀਂ ਵਿਕ ਰਹੀ ਹੈ ਕਿਤਾਬ ‘ਪੰਜਾਬ ਦਾ ਬੁੱਚੜ ਕੇਪੀਐੱਸ ਗਿੱਲ’

ਜਲੰਧਰ/ਬਿਊਰੋ ਨਿਊਜ਼ :
ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਭਾਰਤੀ ਸਟੇਟ ਦੇ ਹੱਥਠੋਕੇ ਪੁਲਿਸ ਅਫਸਰ ਕੇਪੀਐਸ ਗਿੱਲ ਨੂੰ ਮਰਨ ਤੋਂ ਬਾਅਦ ਵੀ ਪੰਜਾਬ ਦੇ ਲੋਕ ਅੰਤਾਂ ਦੀ ਨਫਰਤ ਕਰ ਰਹੇ ਹਨ। ਅਜਿਹਾ ਉਸ ਦੇ ਜ਼ੁਲਮਾਂ ਦੀ ਤਫਸੀਲ ਬਾਰੇ ਹੁਣੇ-ਹੁਣੇ ਮਾਰਕੀਟ ਵਿਚ ਆਈ ਇਕ ਕਿਤਾਬ ਦੀ ਰਿਕਾਰਡ ਵਿੱਕਰੀ ਹੋਣ ਤੋਂ ਮੁੜ ਸਾਬਤ ਹੋ ਗਿਆ ਹੈ। ਲੇਖਕ ਸਰਬਜੀਤ ਸਿੰਘ ਘੁਮਾਣ ਦੀ ਕਿਤਾਬ ‘ਪੰਜਾਬ ਦਾ ਬੁੱਚੜ’ ਰਿਲੀਜ਼ ਹੋਈ ਹੈ, ਪਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਿਤਾਬ ਦੇ ਹੱਥੋ-ਹੱਥੀਂ ਵਿਕਣਾ ਸ਼ੁਰੂ ਹੋ ਗਿਆ ਸੀ। ਪ੍ਰਕਾਸ਼ਕ ਇਸ ਕਿਤਾਬ ਦੇ ਦੂਜੇ ਐਡੀਸ਼ਨ ਦੀ ਤਿਆਰੀ ਵਿਚ ਜੁਟ ਗਿਆ ਹੈ।
ਲੇਖਕ ਸਰਬਜੀਤ ਸਿੰਘ ਘੁਮਾਣ ਨੇ ਦੱਸਿਆ ਕਿ ‘ਪੰਜਾਬ ਦਾ ਬੁੱਚੜ ਕੇਪੀਐੱਸ ਗਿੱਲ’ ਕਿਤਾਬ 8 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰਿਲੀਜ਼ ਕੀਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕਿਤਾਬ ਰਿਲੀਜ਼ ਹੋਣ ਤੋਂ ਪਹਿਲਾਂ ਹੀ 80 ਫ਼ੀਸਦੀ ਕਾਪੀਆਂ ਵਿਕ ਚੁੱਕੀਆਂ ਸਨ। ਉਨ੍ਹਾਂ ਕਿਹਾ ਕਿ ਪਹਿਲੀ ਕਿਤਾਬ ਮਾਰਕੀਟ ‘ਚੋਂ ਖ਼ਰੀਦਣ ਲਈ ਸੇਵਾਮੁਕਤ ਆਈਪੀਐੱਸ ਹਰਭਜਨ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ, ਜੋ ਉੱਤਰ ਪ੍ਰਦੇਸ਼ ਵਿਚ ਰਹਿੰਦੇ ਹਨ। ਇਹ ਕਿਤਾਬ ਖਾਲਸਾ ਫਤਹਿਨਾਮਾ ਪ੍ਰਕਾਸ਼ਨ, ਅੰਮ੍ਰਿਤਸਰ ਵੱਲੋਂ ਛਾਪੀ ਗਈ ਹੈ। ਇਸ ਦੇ ਪ੍ਰਕਾਸ਼ਕ ਰਣਜੀਤ ਸਿੰਘ ਨੇ ਦੱਸਿਆ ਕਿ ਕਿਤਾਬ ਖ਼ਰੀਦਣ ਲਈ ਉਨ੍ਹਾਂ ਨੂੰ ਕਈ ਆਈਪੀਐੱਸ ਅਫ਼ਸਰਾਂ ਦੇ ਫੋਨ ਆਏ ਹਨ ਤੇ ਹੋਰ ਵੀ ਕਈ ਅਫ਼ਸਰਾਂ ਨੇ ਕਿਤਾਬਾਂ ਮੰਗਵਾਈਆਂ ਹਨ। ਇਸ ਮੌਕੇ ਸਰਬਜੀਤ ਸਿੰਘ ਘੁਮਾਣ ਨੇ ਪੁਲੀਸ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਕਿਤਾਬ ਜ਼ਰੂਰ ਪੜ੍ਹਨ।
ਜ਼ਿਕਰਯੋਗ ਹੈ ਕਿ ਕੇਪੀਐਸ ਗਿੱਲ ਦੀ ਮੌਤ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਤੇ ਖਾਸ ਕਰ ਸਿੱਖ ਭਾਈਚਾਰੇ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਕੀਤਾ ਸੀ ਤੇ ਉਸਦੀ ਅੰਤਿਮ ਅਰਦਾਸ ਲਈ ਕਿਸੇ ਵੀ ਗੁਰਦੁਆਰਾ ਸਾਹਿਬਾਨ ਤਕ ਨੇ ਨਾ ਥਾਂ ਦਿੱਤੀ ਸੀ ਤੇ ਨਾ ਹੀ ਉਸਦੇ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੀ ਮਿਲਿਆ ਸੀ।