ਪਬਲਿਕ ਰਿਪੋਰਟ : ਕੈਨੇਡਾ ਨੂੰ ਖਾਲਿਸਤਾਨੀਆਂ ਤੋਂ ਕੋਈ ਖਤਰਾ ਨਹੀਂ

ਪਬਲਿਕ ਰਿਪੋਰਟ : ਕੈਨੇਡਾ ਨੂੰ ਖਾਲਿਸਤਾਨੀਆਂ ਤੋਂ ਕੋਈ ਖਤਰਾ ਨਹੀਂ

ਜਲੰਧਰ/ਬਿਊਰੋ ਨਿਊਜ਼ :
ਕੈਨੇਡਾ ਸਰਕਾਰ ਵਲੋਂ ਜਾਰੀ ਕੀਤੀ ਗਈ ਦਹਿਸ਼ਤਗਰਦਾਂ ਤੋਂ ਖ਼ਤਰੇ ਬਾਰੇ ਪਬਲਿਕ ਰਿਪੋਰਟ 2018 ਨੇ ਭਾਰਤ ਸਰਕਾਰ ਤੇ ਮੀਡੀਆ ਦੇ ਇਕ ਹਿੱਸੇ ਵਲੋਂ ਲਾਏ ਜਾਂਦੇ ਇਨ੍ਹਾਂ ਦੋਸ਼ਾਂ ਦੀ ਫੂਕ ਕੱਢ ਦਿੱਤੀ ਗਈ ਹੈ ਕਿ ਕੈਨੈਡਾ ਸਿੱਖ ਖਾੜਕੂਆਂ ਲਈ ਪਨਾਹਗਾਹ ਬਣਿਆ ਹੋਇਆ ਹੈ। ਰਿਪੋਰਟ ਮੁਤਾਬਕ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਅਤੇ ਬੱਬਰ ਖਾਲਸਾ ਦੋਵਾਂ ਦੀਆਂ ਉੁਸ ਮੁਲਕ ਵਿਚ ਸਰਗਰਮੀਆਂ ਬੰਦ ਹਨ। ਲਿਹਾਜ਼ਾ, ਕਰੀਬ 20 ਸਾਲ ਪਹਿਲਾਂ ਹੋਏ ਪੱਤਰਕਾਰ ਤਾਰਾ ਸਿੰਘ ਹੇਅਰ ਦੇ ਕਤਲ ਦੇ ਹਾਲੇ ਤੱਕ ਅਣਸੁਲਝੇ ਮਾਮਲੇ ਤੋਂ ਬਾਅਦ ਕਿਸੇ ਖ਼ਾਲਿਸਤਾਨੀ ਗਰੁੱਪ ਵਲੋਂ ਕੋਈ ਵੱਡਾ ਹਿੰਸਕ ਹਮਲਾ ਨਹੀਂ ਕੀਤਾ ਗਿਆ।
ਇਸ ਰਿਪੋਰਟ ਵਿਚ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਦਾਇਸ਼ ਜਾਂ ਅਲ ਕਾਇਦਾ ਵਰਗੇ ਗਰੁੱਪਾਂ ਤੋਂ ਦਰਸਾਇਆ ਗਿਆ ਹੈ ਜਦਕਿ ਖ਼ਾਲਿਸਤਾਨੀ ਤੇ ਸ਼ੀਆ ਇਸਲਾਮੀ ਜਾਂ ਹੋਰ ਸੱਜੇਪੱਂਖੀ ਗਰੁੱਪਾਂ ਨੂੰ ਵੱਡਾ ਖ਼ਤਰਾ ਤਸਲੀਮ ਨਹੀਂ ਕੀਤਾ ਗਿਆ।
ਰਿਪੋਰਟ ਵਿਚ ਕਿਹਾ ਗਿਆ, ”ਇਨ੍ਹਾਂ ਸ਼ੀਆ ਇਸਲਾਮੀ, ਸਿੱਖ (ਖ਼ਾਲਿਸਤਾਨੀ) ਕਾਰਕੁਨਾਂ ਅਤੇ ਹੋਰ ਸੱਜੇਪੱਖੀ ਜਥੇਬੰਦੀਆਂ ਦੇ ਰੂਪ ਵਿਚ ਅਤਿਵਾਦ ਦੀਆਂ ਵੰਨਗੀਆਂ ਤੋਂ ਓਨਾ ਵੱਡਾ ਖ਼ਤਰਾ ਨਹੀਂ ਹੈ ਜਿੰਨਾ ਇਸ ਦੇਸ਼ ਵਿਚ ਸਰਗਰਮ ਦਾਇਸ਼ ਜਾਂ ਹੋਰ ਕੱਟੜਪੰਥੀ ਜਥੇਬੰਦੀਆਂ ਤੋਂ ਹੈ।” ਰਿਪੋਰਟ ਵਿਚ ਸਗੋਂ ਇਹ ਵੀ ਇਸ਼ਾਰਾ ਕੀਤਾ ਗਿਆ ਹੈ ਕਿ ਭਾਰਤ ਵਿਚ ਆਜ਼ਾਦ ਸਿੱਖ ਰਾਜ ਜਾਂ ਖ਼ਾਲਿਸਤਾਨ ਦੀ ਕਾਇਮੀ ਲਈ ਕੁਝ ਗਰੁੱਪ ਜਾਂ ਵਿਅਕਤੀ ਸਿੱਖ ਵਿਚਾਰਧਾਰਾ ਜਾਂ ਲਹਿਰ ਦੀ ਹਮਾਇਤ ਕਰਦੇ ਹਨ।
ਆਜ਼ਾਦ ਦੇਸ਼ ਦੇ ਹੱਕ ਵਿਚ ਇਸ ਕਿਸਮ ਦੀਆਂ ਹਿੰਸਕ ਗਤੀਵਿਧੀਆਂ ਵਿਚ ਸੰਨ1982 ਤੋਂ ਲੈ ਕੇ 1993-94 ਤੱਕ ਕਾਫੀ ਕਮੀ ਆਈ ਦੱਸੀ ਗਈ ਹੈ। ਇਸ ਤੱਥ ਦੇ ਪੇਸ਼ੇ-ਨਜ਼ਰ ਕੈਨੇਡਾ ਸਰਕਾਰ ਨੇ ਪਾਬੰਦੀਸ਼ੁਦਾ ਜਥੇਬੰਦੀਆਂ ਦੀ ਸੂਚੀ ਦੀ ਸੋਧ ਕੀਤੀ ਹੈ ਤੇ ਹੁਣ ਇਸ ਵਿਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਮੀ ਦੋ ਜਥੇਬੰਦੀਆਂ ਹੀ ਰਹਿ ਗਈਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਕੈਨੇਡਾ ਵਲੋਂ ਇਸ ਸਾਲ ਜਾਰੀ ਕੀਤਾ ਗਿਆ ਦਹਿਸ਼ਤਗਰਦਾਂ ਤੋਂ ਖ਼ਤਰੇ ਦਾ ਪੱਧਰ ਸੰਨ 2014 ਤੋਂ ਬਾਅਦ ਪਿਛਲੇ ਕੁਝ ਸਾਲਾਂ ਦੌਰਾਨ ਜਾਰੀ ਕੀਤੇ ਪੱਧਰ ਜਿਹਾ ਹੀ ਹੈ। ਕੈਨੇਡਾ ਲਈ ‘ਨੈਸ਼ਨਲ ਟੈਰਰਿਜ਼ਮ ਥਰੈੱਟ ਲੈਵਲ’ ਦਰਮਿਆਨੇ ਕਿਸਮ ਦਾ ਹੀ ਹੈ। ਕੁੱਲ ਮਿਲਾ ਕੇ ਹਿੰਸਾ ਤੇ ਹਿੰਸਾ ਦੀ ਧਮਕੀ ਵਾਸਤੇ ਕੈਨੇਡਾ ਦੇ ਸਮਾਜ ਵਿਚ ਕੋਈ ਥਾਂ ਨਹੀਂ ਹੈ ਤੇ ਇਸ ਕਿਸਮ ਦੀਆਂ ਪ੍ਰਵਿਰਤੀਆਂ ਦੇ ਖ਼ਾਤਮੇ ਨੂੰ ਸਰਕਾਰ ਵਲੋਂ ਪੂਰੀ ਤਰਜੀਹ ਦਿੱਤੀ ਜਾਂਦੀ ਹੈ।
ਅਹਿਮ ਗੱਲ ਇਹ ਹੈ ਕਿ ਕੈਨੇਡਾ ਹੁਣ ਖ਼ਾਲਿਸਤਾਨੀਆਂ ਨੂੰ ਬਹੁਤ ਵੱਡਾ ਖ਼ਤਰਾ ਨਹੀਂ ਮੰਨਦਾ ਹੈ, ਜਿਹਾ ਕਿ ਪਰਚਾਰਿਆ ਗਿਆ ਹੈ।