ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਰੁੱਸਿਆ

ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਰੁੱਸਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :

ਅਕਾਲੀ ਦਲ ਬਾਦਲ ਵਿਚ ਬਗਾਵਤਾਂ ਦਾ ਦੌਰ ਜਾਰੀ ਹੈ। ਪੰਜਾਬ ਤੋਂ ਬਾਅਦ ਹੁਣ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਜੰਗ ਭਖ ਗਈ ਹੈ। ਦਿੱਲੀ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਦਾ ਚਾਰਜ ਛੱਡ ਦਿੱਤਾ ਹੈ। ਪ੍ਰਧਾਨ ਤੇ ਜਨਰਲ ਸਕੱਤਰ ਦਰਮਿਆਨ ਛਿੜੀ ਜੰਗ ਸੁਲਝਾਉਣ ਲਈ ਸੁਖਬੀਰ ਬਾਦਲ ਨੇ ਵੱਡੇ ਪੱਧਰ ‘ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਸੁਖਬੀਰ ਬਾਦਲ ਦਿੱਲੀ ਵਿਚਲੀ ਰਿਹਾਇਸ਼ ‘ਤੇ ਦਿੱਲੀ ਕਮੇਟੀ ਦੇ ਹਰ ਮੈਂਬਰ ਨਾਲ ਮੁਲਾਕਾਤ ਕਰ ਰਹੇ ਹਨ।
ਇਸ ਬਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਕਹਿਣਾ ਹੈ ਕਿ ਇਹ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿਰਸਾ ਦੀ ਲੜਾਈ ਹੈ। ਉਨ੍ਹਾਂ ਕਿਹਾ ਇਸੇ ਲੜਾਈ ਨੂੰ ਖ਼ਤਮ ਕਰਨ ਲਈ ਬੈਠਕਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।
ਹਿੱਤ ਨੇ ਕਿਹਾ ਕਿ ਜੇਕਰ ਮਨਜਿੰਦਰ ਸਿੰਘ ਸਿਰਸਾ ਨੇ ਚਾਰਜ ਦੇ ਦਿੱਤਾ ਹੈ ਤਾਂ ਹੁਣ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਉਨ੍ਹਾਂ ਸਿਰਸਾ ਵੱਲੋਂ ਮੁਅੱਤਲ ਕੀਤੇ ਜੀਐਮ ਬਾਰੇ ਵੀ ਕਿਹਾ ਕਿ ਜੇਕਰ ਉਹ ਗ਼ਲਤ ਹੈ ਤਾਂ ਉਸ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਝਗੜਾ ਅੱਗੇ ਵਧਣ ਤੋਂ ਰੋਕਣ ਲਈ ਹੀ ਇਹ ਬੈਠਕਾਂ ਕੀਤੀਆਂ ਜਾ ਰਹੀਆਂ ਹਨ।
ਬੇਸ਼ੱਕ ਮੌਕਾ ਸੰਭਾਲਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ ਵਿਚ ਹੀ ਡੇਰੇ ਲਾਏ ਹੋਏ ਹਨ ਪਰ ਬਾਗੀ ਮਨਜਿੰਦਰ ਸਿੰਘ ਸਿਰਸਾ ਕੋਈ ਗੱਲ਼ ਸੁਣਨ ਦੇ ਰੌਂਅ ਵਿੱਚ ਨਹੀਂ। ਗੱਲਬਾਤ ਦੌਰਾਨ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਨਿੱਜੀ ਕਾਰਨਾਂ ਕਰਕੇ ਜਨਰਲ ਸਕੱਤਰ ਦਾ ਚਾਰਜ ਛੱਡਿਆ ਹੈ। ਸੁਖਬੀਰ ਬਾਦਲ ਨਾਲ ਉਨ੍ਹਾਂ ਦੀ ਕੋਈ ਮੁਲਾਕਾਤ ਨਹੀਂ ਹੋਈ ਤੇ ਨਾ ਹੀ ਕੋਈ ਗੱਲ ਹੋਈ ਹੈ। ਸਿਰਸਾ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਉਨ੍ਹਾਂ ਨੇ ਅਹੁਦਾ ਕਿਉਂ ਛੱਡਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਗਲਾ ਕਦਮ ਕੀ ਹੋਵੇਗਾ, ਇਸ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਇਸ ਤੋਂ ਸਪਸ਼ਟ ਹੈ ਕਿ ਸਿਰਸਾ ਦੀ ਬਗਾਵਤ ਵੱਡਾ ਧਮਾਕਾ ਕਰ ਸਕਦੀ ਹੈ।