ਚੀਨੀ ਭਾਸ਼ਾ ‘ਚ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਨੁਵਾਦ

ਚੀਨੀ ਭਾਸ਼ਾ ‘ਚ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਨੁਵਾਦ

ਅੰਮ੍ਰਿਤਸਰ/ਬਿਊਰੋ ਨਿਊਜ਼ :
ਅਮਰੀਕੀ ਸਿੱਖਾਂ ਦਾ ਇਕ ਵੱਡਾ ਵਫ਼ਦ ਇਥੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪੁੱਜਾ ਹੈ। ਇਹ ਸਾਰੇ ਸਿੱਖ ਨਗਰ ਕੀਰਤਨ ਮੌਕੇ ਇਕੋ ਜਿਹੇ ਰੰਗ ਦੇ ਚੋਲੇ ਪਾ ਕੇ ਨਗਰ ਕੀਰਤਨ ਵਿਚ ਸ਼ਾਮਲ ਹੋਏ। ਇਹ ਸਾਰੇ ਅਮਰੀਕਾ ਵਿਚਲੀ ‘ਸਿੱਖ ਧਰਮਾ ਇੰਟਰਨੈਸ਼ਨਲ’ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ ਸਿੱਖੀ ਦੇ ਕੀਤੇ ਜਾ ਰਹੇ ਯਤਨਾਂ ਸਦਕਾ ਹੁਣ ਚੀਨ ਵਿਚ ਵੀ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਹੋ ਗਿਆ ਹੈ। ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਚੀਨੀ ਭਾਸ਼ਾ ਵਿਚ ਕਰਨ ਦਾ ਕਾਰਜ ਜਾਰੀ ਹੈ, ਜਦੋਂਕਿ ਨਿਤਨੇਮ ਦੀਆਂ ਬਾਣੀਆਂ ਵਿਚੋਂ ਜਪੁਜੀ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿਚ ਕੀਤਾ ਜਾ ਚੁੱਕਾ ਹੈ। ਉਥੇ ਲੋਕ ਸਿੱਖ ਧਰਮ ਵਿਚ ਸ਼ਾਮਲ ਵੀ ਹੋ ਰਹੇ ਹਨ। ਉਥੋਂ ਦੇ ਲੋਕਾਂ ਨੂੰ ਸਥਾਨਕ ਭਾਸ਼ਾ ਵਿਚ ਹੀ ਸਿੱਖ ਧਰਮ ਅਤੇ ਗੁਰੂ ਸਾਹਿਬ ਦਾ ਸਰਬੱਤ ਦੇ ਭਲੇ ਦਾ ਫਲਸਫਾ ਦੱਸਿਆ ਜਾ ਰਿਹਾ ਹੈ।
ਇਹ ਖੁਲਾਸਾ ਜਥੇਬੰਦੀ ਦੇ ਮੁਖੀ ਭਾਈ ਕੁਲਬੀਰ ਸਿੰਘ ਖਾਲਸਾ ਨੇ ਕੀਤਾ ਹੈ। ਉਹ ਜਥੇਬੰਦੀ ਦੇ ਸੰਸਥਾਪਕ ਸਵਰਗੀ ਹਰਭਜਨ ਸਿੰਘ ਖਾਲਸਾ ਯੋਗੀ ਦੇ ਸਪੁੱਤਰ ਹਨ।
ਇਥੇ ਪੱਤਰਕਾਰ ਸੰਮੇਲਨ ਦੌਰਾਨ ਭਾਈ ਕੁਲਬੀਰ ਸਿੰਘ, ਸਤਸਿਮਰਨ ਸਿੰਘ, ਡਾ. ਹਰਜੋਤ ਕੌਰ ਅਤੇ ਸ਼ਾਂਤੀ ਕੌਰ ਨੇ ਦੱਸਿਆ ਕਿ ਜਥੇਬੰਦੀ ਵਲੋਂ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਆਨ ਲਾਈਨ ਕੋਰਸ ਸ਼ੁਰੂ ਕੀਤੇ ਗਏ ਹਨ। ਇਸ ਉਪਰਾਲੇ ਤਹਿਤ ਵਿਸ਼ਵ ਪੱਧਰ ‘ਤੇ 20 ਦੇਸ਼ਾਂ ਦੇ ਲਗਪਗ ਤਿੰਨ ਹਜ਼ਾਰ ਤੋਂ ਵੱਧ ਵਿਅਕਤੀ ਉਨ੍ਹਾਂ ਨਾਲ ਜੁੜੇ ਹਨ, ਜਿਨ੍ਹਾਂ ਵਲੋਂ ਪਹਿਲਾ ਕੋਰਸ ਕੀਤਾ ਗਿਆ ਹੈ। ਇਸ ਸਬੰਧ ਵਿਚ ਸਿੱਖ ਨੈੱਟ ਲਰਨਿੰਗ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ, ਜਿਸ ਰਾਹੀਂ ਇਹ ਕੋਰਸ ਸ਼ੁਰੂ ਕੀਤਾ ਗਿਆ ਸੀ। ਹੁਣ ਦੋ ਹਫ਼ਤਿਆਂ ਦਾ ਦੂਜਾ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਮੰਤਵ ਤਣਾਅ ਖ਼ਤਮ ਕਰਨਾ ਅਤੇ ਪ੍ਰਮਾਤਮਾ ਨਾਲ ਜੁੜਨਾ ਹੈ। ਇਸ ਤੋਂ ਪਹਿਲਾਂ ਕਰਵਾਇਆ ਗਿਆ ਕੋਰਸ ‘ਗੁਰੂ ਨਾਲ ਤੁਹਾਡਾ ਨਿੱਜੀ ਰਿਸ਼ਤਾ’ ਸਿਰਲੇਖ ਹੇਠ ਮੁਕੰਮਲ ਕੀਤਾ ਗਿਆ ਹੈ।
ਉਨ੍ਹਾਂ ਆਖਿਆ ਕਿ ਵਿਸ਼ਵ ਦੇ ਹੋਰ ਵੀ ਕਈ ਮੁਲਕਾਂ ਵਿਚ ਉਥੋਂ ਦੀ ਸਥਾਨਕ ਭਾਸ਼ਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਹੋ ਰਿਹਾ ਹੈ। ਇਸ ਸਬੰਧੀ ਉਨ੍ਹਾਂ ਰਸ਼ੀਅਨ ਭਾਸ਼ਾ ਵਿਚ ਹੋ ਰਹੇ ਅਨੁਵਾਦ ਦਾ ਵੀ ਜ਼ਿਕਰ ਕੀਤਾ ਹੈ। ਹੁਣ ਤਕ ਉਹ ਦਸ ਹਜ਼ਾਰ ਤੋਂ ਵੱਧ ਅਜਿਹੇ ਅਧਿਆਪਕ ਤਿਆਰ ਕਰ ਚੁੱਕੇ ਹਨ, ਜੋ ਵੱਖ ਵੱਖ ਮੁਲਕਾਂ ਦੇ ਵੱਖ ਵੱਖ ਸ਼ਹਿਰਾਂ ਵਿਚ ਸਿੱਖੀ ਬਾਰੇ ਗਿਆਨ ਦੇ ਰਹੇ ਹਨ।
ਡਾ. ਹਰਜੋਤ ਕੌਰ ਨੇ ਦੱਸਿਆ ਕਿ ਹੁਣ ਜਥੇਬੰਦੀ ਵਲੋਂ ਡਿਜ਼ੀਟਲ ਸੰਗਤ ਜੋੜੀ ਜਾ ਰਹੀ ਹੈ। ਡਿਜ਼ੀਟਲ ਦੀ ਦੁਨੀਆ ਰਾਹੀਂ ਦੂਰ ਵੱਖ-ਵੱਖ ਕੋਨਿਆਂ ਵਿਚ ਬੈਠੇ ਲੋਕਾਂ ਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਦਾ ਪ੍ਰਚਾਰ ਸੁਖਾਲੇ ਢੰਗ ਨਾਲ ਕੀਤਾ ਜਾ ਰਿਹਾ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਚ ਔਰਤਾਂ ਨੂੰ ਵੀ ਕੀਰਤਨ ਦੀ ਬਰਾਬਰ ਸੇਵਾ ਦੇਣ ਦੇ ਮੁੱਦੇ ਬਾਰੇ ਗੱਲ ਕਰਦਿਆਂ ਆਖਿਆ ਕਿ ਸਿੱਖੀ ਵਿਚ ਲਿੰਗ ਭੇਦ ਭਾਵ ਨੂੰ ਖ਼ਤਮ ਕੀਤਾ ਗਿਆ ਹੈ ਅਤੇ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਹਾਸਲ ਹੈ, ਇਸ ਲਈ ਸ੍ਰੀ ਹਰਿਮੰਦਰ ਸਾਹਿਬ ਵਿਚ ਮਰਦਾਂ ਵਾਂਗ ਔਰਤਾਂ ਨੂੰ ਵੀ ਕੀਰਤਨ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ ਅੰਮ੍ਰਿਤਸਰ ਵਿਚ ਮੀਰੀ ਪੀਰੀ ਅਕੈਡਮੀ ਸਥਾਪਤ ਕੀਤੀ ਗਈ ਹੈ, ਜਿਥੇ ਦੇਸ਼ ਵਿਦੇਸ਼ ਤੋਂ ਸਿੱਖ ਬੱਚੇ ਪੜ੍ਹਨ ਲਈ ਆ ਰਹੇ ਹਨ। ਇਥੇ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਸਿੱਖੀ ਵਿਚ ਵੀ ਪ੍ਰਪੱਕ ਕੀਤਾ ਜਾਂਦਾ ਹੈ।