ਬਾਦਲ ਦਲ ਨੂੰ ਬਗ਼ਾਵਤ ਨੇ ਝੰਜੋੜਿਆ

ਬਾਦਲ ਦਲ ਨੂੰ ਬਗ਼ਾਵਤ ਨੇ ਝੰਜੋੜਿਆ
ਅੰਮ੍ਰਿਤਸਰ ਵਿਚ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਮੀਡੀਆ ਨਾਲ ਗੱਲ ਕਰਦੇ ਹੋਏ। ਉਨ੍ਹਾਂ ਨਾਲ ਰਤਨ ਸਿੰਘ ਅਜਨਾਲਾ ਵੀ ਬੈਠੇ ਹਨ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਬਾਦਲੀ ਕਿਲ੍ਹੇ ਦਾ ਇਕ ਹੋਰ ਕਿੰਗਰਾ ਭੁਰ ਗਿਆ ਹੈ। ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਹੁਣ ਮਾਝੇ ਦੇ ਨਿਰਾਸ਼ ਤੇ ਨਾਰਾਜ਼ ਸੀਨੀਅਰ ਅਕਾਲੀ ਆਗੂ ਅਤੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ (81 ਸਾਲ) ਨੇ ਵੀ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਣਗੇ।
ਪੰਜਾਬ ਵਿਚ ਪੰਥਕ ਸਿਆਸਤ ਅੰਦਰ ਬਣਿਆ ਖ਼ਲਾਅ ਫਿਲਹਾਲ ਭਰਦਾ ਨਜ਼ਰ ਨਹੀਂ ਆ ਰਿਹਾ। ਪੰਥ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸਾਖ਼ ਉੱਤੇ ਸੰਕਟ ਦੇ ਬੱਦਲ ਮੰਡਰਾਅ ਰਹੇ ਹਨ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਉੱਤੇ ਸੁਆਲੀਆ ਨਿਸ਼ਾਨ ਲਗਾਉਂਦਿਆਂ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਬਾਅਦ ਹਾਲਾਤ ਹੋਰ ਵਿਗੜ ਗਏ ਹਨ। ਸ. ਬ੍ਰਹਮਪੁਰਾ ਇਸ ਵੇਲੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਵੀ ਹਨ। ਪਿਛਲੇ 60 ਸਾਲਾਂ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਉਹ ਕਈ ਵਾਰ ਪਾਰਟੀ ਵਲੋਂ ਵਿਧਾਇਕ ਅਤੇ ਮੰਤਰੀ ਬਣ ਚੁੱਕੇ ਹਨ। ਉਹ ਟਕਸਾਲੀ ਅਕਾਲੀ ਹਨ।
ਇਸ ਘਟਨਾ ਨੇ ਮੁੜ ਸਾਬਤ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਪੈਦਾ ਹੋਇਆ ਅੰਦਰੂਨੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।
ਭਾਵੇਂ ਸੁਖਦੇਵ ਸਿੰਘ ਢੀਂਡਸਾ ਤੇ ਦੂਜਿਆਂ ਵਾਂਗ ਹੀ ਪ੍ਰੈਸ ਕਾਨਫਰੰਸ ਵਿਚ ਸ. ਬ੍ਰਹਮਪੁਰਾ ਨੇ ਦੱਸਿਆ ਕਿ ਵਡੇਰੀ ਉਮਰ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਅਤੇ ਕੋਰ ਕਮੇਟੀ ਦੇ ਮੈਂਬਰ ਵਜੋਂ ਅਸਤੀਫਾ ਦੇ ਰਹੇ ਹਨ। ਉਹ ਪਾਰਟੀ ਨਾਲ ਆਖਰੀ ਸਾਹਾਂ ਤਕ ਜੁੜੇ ਰਹਿਣਗੇ। ਉਹ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਪਾਰਟੀ ਨੂੰ ਅਥਾਹ ਪਿਆਰ ਕਰਦੇ ਹਨ। ਅਕਾਲੀ ਦਲ ਉਨ੍ਹਾਂ ਦੀ ਮਾਂ ਪਾਰਟੀ ਹੈ। ਉਨ੍ਹਾਂ ਚੋਣ ਨਾ ਲੜਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਦਦ ਕਰਦੇ ਰਹਿਣਗੇ। ਇਹ ਪੂਰੀ ਤਰ੍ਹਾਂ ਡਿਪਲੋਮੈਟਿਕ ਬਿਆਨ ਮੰਨਿਆ ਜਾਂਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਹੀ ਸ. ਬ੍ਰਹਮਪੁਰਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਖਿਲਾਫਤ ਕੀਤੀ ਜਾ ਚੁੱਕੀ ਹੈ।
ਪਾਰਟੀ ਨਾਲ ਨਾਰਾਜ਼ਗੀ ਬਾਰੇ ਪੁੱਛੇ ਗਏ ਸਵਾਲਾਂ ਨੂੰ ਉਹ ਭਾਵੇਂ ਟਾਲ ਗਏ ਪਰ ਨਾਰਾਜ਼ਗੀ ਅਤੇ ਨਿਰਾਸ਼ਾ ਉਨ੍ਹਾਂ ਦੀਆਂ ਅੱਖਾਂ ਤੇ ਚਿਹਰੇ ਤੋਂ ਸਾਫ ਝਲਕ ਰਹੀ ਸੀ। ਉਨ੍ਹਾਂ ਮੰਨਿਆ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿਵਾਉਣ ਦਾ ਫੈਸਲਾ ਗਲਤ ਸੀ, ਜਿਸ ਨੂੰ ਵਾਪਸ ਲੈਣਾ ਪਿਆ। ਇਸੇ ਤਰ੍ਹਾਂ ਬੇਅਦਬੀ ਘਟਨਾਵਾਂ ਅਤੇ ਬਰਗਾੜੀ ਕਾਂਡ ਵਿਚ ਨਿਆਂ ਨਾ ਮਿਲਣ ਕਾਰਨ ਪਾਰਟੀ ਨੂੰ ਢਾਹ ਲੱਗੀ ਹੈ। ਇਸ ਨਾਲ ਪਾਰਟੀ ਵਿਚ ਨਿਘਾਰ ਆਇਆ ਅਤੇ ਇਸ ਦਾ ਖਮਿਆਜ਼ਾ 2017 ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ। ਉਨ੍ਹਾਂ ਮੰਨਿਆ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਪਾਰਟੀ ਕੋਲੋਂ ਇਨ੍ਹਾਂ ਮਾਮਲਿਆਂ ਵਿਚ ਢਿਲਮੱਠ ਵਰਤੀ ਗਈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਜੋ ਗਲਤੀਆਂ ਹੋਈਆਂ ਉਸ ਵਿਚ ਉਹ ਖੁਦ ਵੀ ਭਾਈਵਾਲ ਸਨ। ਇਸੇ ਲਈ ਉਨ੍ਹਾਂ ਬੀਤੇ ਦਿਨ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਵਿਖੇ ਨਤਮਸਤਕ ਹੋ ਕੇ ਖਿਮਾ ਯਾਚਨਾ ਕੀਤੀ।
ਉਨ੍ਹਾਂ ਕਿਹਾ ਕਿ 7 ਅਕਤੂਬਰ ਤੋਂ ਬਾਅਦ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਸੰਪਰਕ ਨਹੀਂ ਹੋਇਆ। ਇਸ ਮੌਕੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ, ਰਵਿੰਦਰ ਸਿੰਘ ਬ੍ਰਹਮਪੁਰਾ, ਮਨਮੋਹਨ ਸਿੰਘ ਸਠਿਆਲਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਐਮਏ ਆਦਿ ਹਾਜ਼ਰ ਸਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਪਰੋਕਤ ਆਗੂ ਆਪਸੀ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਪਾਰਟੀ ਨੀਤੀਆਂ ‘ਤੇ ਕਿੰਤੂ ਪ੍ਰੰਤੂ ਕਰ ਚੁੱਕੇ ਹਨ। ਇਹ ਸਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿੱਚ ਕੀਤੀ ਰੈਲੀ ਵਿਚ ਵੀ ਸ਼ਾਮਲ ਨਹੀਂ ਹੋਏ ਸਨ। ਬੀਤੇ ਦਿਨ ਇਹ ਸਾਰੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਸਨ, ਜਿਥੇ ਉਨ੍ਹਾਂ ਖਿਮਾ ਯਾਚਨਾ ਦੀ ਅਰਦਾਸ ਕੀਤੀ ਸੀ। ਭਾਵੇਂ ਇਨ੍ਹਾਂ ਵਿੱਚੋਂ ਕਿਸੇ ਵੀ ਅਕਾਲੀ ਆਗੂ ਨੇ ਪਾਰਟੀ ਨਾਲ ਨਰਾਜ਼ਗੀ ਦਾ ਇਜ਼ਹਾਰ ਨਹੀਂ ਕੀਤਾ ਪਰ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਾਰਨ ਹੀ ਇਹ ਪਾਰਟੀ ਤੋਂ ਨਾਰਾਜ਼ ਹਨ। ਭਵਿੱਖ ਵਿਚ ਕੁਝ ਹੋਰ ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਆਖ ਸਕਦੇ ਹਨ।
ਦੂਜੇ ਪਾਸੇ ਅਕਾਲੀਆਂ ਖਿਲਾਫ ਲੋਕਾਂ ਵਿਚ ਰੋਸ ਕਾਰਨ ਬਾਦਲ ਪਰਿਵਾਰ ਹੁਣ ਜਨਤਕ ਪ੍ਰੋਗਰਾਮਾਂ ਤੋਂ ਪਾਸਾ ਵੱਟਣ ਲੱਗਾ ਹੈ। ਬਾਦਲ ਦਲ ਨੇ ਪਟਿਆਲਾ ਰੈਲੀ ਮਗਰੋਂ ਬਠਿੰਡਾ ਮਾਨਸਾ ਵਿਚ ਕੋਈ ਜਨਤਕ ਸਮਾਰੋਹ ਨਹੀਂ ਰੱਖਿਆ ਹੈ। ਏਨਾ ਜ਼ਰੂਰ ਹੈ ਕਿ ਹੁਣ ਬਾਦਲ ਪਰਿਵਾਰ ਸਮਾਜਿਕ ਸਮਾਗਮਾਂ ਚੋਂ ਖੁੰਝਦਾ ਨਹੀਂ ਹੈ। ਖ਼ਾਸ ਕਰਕੇ ਪੁਰਾਣੇ ਅਕਾਲੀ ਆਗੂਆਂ ਤੇ ਵਰਕਰਾਂ ਦੇ ਸਮਾਰੋਹਾਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਜ਼ਿਲ੍ਹੇ ਵਿਚ ਆਖ਼ਰੀ ਵਾਰ 10 ਅਕਤੂਬਰ ਨੂੰ ਗੋਨਿਆਣਾ ਮੰਡੀ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਸੀ। ਉਸ ਮਗਰੋਂ 11 ਅਕਤੂਬਰ ਨੂੰ ਮਾਨਸਾ ਦਾ ਦੌਰਾ ਸੀ। ਲੋਕਾਂ ਦੀ ਸ਼ਮੂਲੀਅਤ ਵਾਲਾ ਕੋਈ ਸਮਾਗਮ ਪਿਛਲੇ ਸਮੇਂ ਤੋਂ ਰੱਖਿਆ ਨਹੀਂ ਗਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹਲਕਾ ਲੰਬੀ ਦਾ ਰੋਜ਼ਾਨਾ ਵਾਲਾ ਟੂਰ ਪ੍ਰੋਗਰਾਮ ਪਹਿਲੀ ਅਕਤੂਬਰ ਤੋਂ ਬੰਦ ਕੀਤਾ ਹੋਇਆ ਹੈ। ਸਾਬਕਾ ਮੁੱਖ ਮੰਤਰੀ ਬਾਦਲ 7 ਅਕਤੂਬਰ ਤੱਕ ਪਟਿਆਲਾ ਰੈਲੀ ਵਿਚ ਰੁੱਝੇ ਰਹੇ ਹਨ। ਉਸ ਤੋਂ ਪਹਿਲਾਂ ਉਨ੍ਹਾਂ ਨੇ ਬਠਿੰਡਾ ਮਾਨਸਾ ਵਿਚ ਵਰਕਰ ਮੀਟਿੰਗਾਂ ਕੀਤੀਆਂ ਸਨ। ਪਿਛਲੇ ਦਿਨਾਂ ਵਿਚ ਸ੍ਰੀ ਬਾਦਲ ਜਦੋਂ ਬੁਢਲਾਡਾ ਹਲਕੇ ਵਿਚ ਦੌਰੇ ‘ਤੇ ਗਏ ਤਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕੀਤਾ ਸੀ। ਬਾਦਲ ਹੁਣ ਪੁਰਾਣੇ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਸਮਾਜਿਕ ਪ੍ਰੋਗਰਾਮਾਂ ‘ਤੇ ਹਾਜ਼ਰੀ ਭਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਫ਼ੀ ਸਮੇਂ ਤੋਂ ਬਠਿੰਡਾ ਮਾਨਸਾ ‘ਚ ਕੋਈ ਵੀ ਜਨਤਕ ਸਮਾਗਮ ਨਹੀਂ ਕੀਤਾ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਪਿੰਡ ਬਾਦਲ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਸਨ। ਸੂਤਰ ਆਖਦੇ ਹਨ ਕਿ ਫ਼ਿਲਹਾਲ ਅਕਾਲੀ ਦਲ ਦੇ ਹਲਕਾ ਇੰਚਾਰਜ ਵੀ ਕੋਈ ਜਨਤਕ ਸਮਾਗਮ ਨਹੀਂ ਰੱਖ ਰਹੇ ਹਨ। ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਪੁਰਾਣੇ ਰੁੱਸੇ ਹੋਏ ਆਗੂ ਸਨ, ਉਨ੍ਹਾਂ ਤੱਕ ਅਕਾਲੀ ਦਲ ਨੇ ਪਹੁੰਚ ਕਰਨੀ ਸ਼ੁਰੂ ਕੀਤੀ ਹੈ।
ਹੁਣ ਤੱਕ ਜੋ ਵੀ ਸੰਕਟ ਆਏ, ਉਨ੍ਹਾਂ ਨੂੰ ਨਜਿੱਠਣ ਲਈ ਬਾਦਲਾਂ ਨੇ ਪੰਥਕ ਨੁਮਾਇੰਦਗੀ ਕਰਨ ਦੀ ਦਾਅਵੇਦਾਰੀ ਅਤੇ ਕਾਂਗਰਸ ਜਾਂ ਹੋਰਾਂ ਧੜਿਆਂ ਵਲੋਂ ਪੰਥਕ ਵਿਚ ਫੁੱਟ ਪਾਉਣ ਦੀ ਸਾਜ਼ਿਸ਼ ਕਰਾਰ ਦੇਣ ਦਾ ਫਾਰਮੂਲਾ ਅਪਣਾਇਆ। ਇਸ ਮੌਕੇ ਇਹ ਹਥਿਆਰ ਵੀ ਕੰਮ ਨਹੀਂ ਦੇ ਰਿਹਾ, ਬਲਕਿ ਉਲਟਾ ਬਾਦਲਾਂ ਵੱਲ ਸੇਧਿਤ ਹੋ ਰਿਹਾ ਹੈ। ਬਰਗਾੜੀ ਵਿਚ ਤਕਰੀਬਨ ਸਾਢੇ ਚਾਰ ਮਹੀਨੇ ਤੋਂ ਚੱਲ ਰਹੇ ਮੋਰਚੇ ਨੂੰ ਗੁਰੂ ਗ੍ਰੰਥ ਸਾਹਿਬ ਪ੍ਰਤੀ ਲੋਕਾਂ ਦੀ ਸ਼ਰਧਾ ਕਾਰਨ ਮਿਲ ਰਿਹਾ ਵੱਡਾ ਹੁੰਗਾਰਾ ਜਿੱਥੇ ਬਾਦਲਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਰਿਹਾ ਹੈ, ਉੱਥੇ ਪੰਥਕ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਵਿਚ ਕੀਤੀ ਦੋ ਰੋਜ਼ਾ ਪੰਥਕ ਅਸੈਂਬਲੀ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਲਈ ਠੋਸ ਮਾਪਦੰਡ ਬਣਾਉਣ, ਬਰਗਾੜੀ ਮੋਰਚੇ ਦੀ ਹਮਾਇਤ ਅਤੇ ਬਾਦਲਾਂ ਦਾ ਬਾਈਕਾਟ ਕਰਨ ਦਾ ਦਿੱਤਾ ਸੱਦਾ ਵੀ ਇਸੇ ਦਿਸ਼ਾ ਵੱਲ ਜਾ ਰਿਹਾ ਹੈ। ਮੰਨਿਆ ਜਾਂਦਾ ਰਿਹਾ ਹੈ ਕਿ ਜਿਸ ਵੀ ਦਲ ਦਾ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਹੈ, ਉਹੀ ਅਸਲੀ ਪੰਥਕ ਪਾਰਟੀ ਹੈ। ਇਸੇ ਕਰਕੇ ਸਾਰੀਆਂ ਪੰਥਕ ਧਿਰਾਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੀ ਮੰਗ ਕਰਕੇ ਧਾਰਮਿਕ ਖੇਤਰ ਵਿਚ ਆਪਣਾ ਦਬਦਬਾ ਬਣਾਉਣ ਦੀ ਰਣਨੀਤੀ ਮੁਤਾਬਿਕ ਕੰਮ ਕਰਦੀਆਂ ਦਿਸਦੀਆਂ ਹਨ।
ਅਕਾਲੀ ਦਲ ਦੇ ਅੰਦਰ ਪੁਰਾਣੇ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਅੰਦਰ ਉਨ੍ਹਾਂ ਦੀ ਸੁਣੀ ਨਹੀਂ ਗਈ ਅਤੇ ਪਾਰਟੀ ਨੂੰ ਪ੍ਰਬੰਧਕੀ ਆਧਾਰ ਉੱਤੇ ਚਲਾਉਣ ਦੀ ਕੋਸ਼ਿਸ਼ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰੀ ਰੱਖਿਆ ਅਤੇ ਇਹ ਰੁਝਾਨ ਜਾਰੀ ਹੈ। ਢਲਦੀ ਉਮਰੇ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਤੌਰ ਉੱਤੇ ਇਹ ਸਭ ਤੋਂ ਔਖੀ ਲੜਾਈ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਘਟਨਾਵਾਂ ਪੁਰਾਣੇ ਉੱਤੇ ਪਰਦਾ ਪਾ ਕੇ ਅੱਗੇ ਨਿਕਲ ਜਾਣ ਦੀ ਸਿਆਸਤ ਦਾ ਮੌਕਾ ਨਹੀਂ ਦੇ ਰਹੀਆਂ।
ਬ੍ਰਹਮਪੁਰਾ ਦਾ ਅਸਤੀਫ਼ਾ ਪਾਰਟੀ ਲਈ ਨੁਕਸਾਨਦੇਹ :  ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਨੂੰ ਪਾਰਟੀ ਲਈ ਵੱਡਾ ਘਾਟਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਅਸਤੀਫ਼ਾ ਪਾਰਟੀ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ। ਸ੍ਰੀ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲੀ ਵਾਰੀ ਸੰਨ 2014 ਵਿਚ ਹਾਈਕਮਾਨ ਨੂੰ ਪਾਰਟੀ ਦੇ ਏਜੰਡੇ ਤੋਂ ਪਿੱਛੇ ਹਟਣ ਬਾਰੇ ਜਾਣੂ ਕਰਵਾਇਆ ਗਿਆ ਸੀ। ਇਸੇ ਤਰ੍ਹਾਂ ਪਾਰਟੀ ਦੀ ਸਮੇਂ ਸਮੇਂ ‘ਤੇ ਕੋਰ ਕਮੇਟੀ ਦੀ ਮੀਟਿੰਗ ਅਤੇ ਹੋਰ ਮੀਟਿੰਗਾਂ ਦੌਰਾਨ ਵਿੱਚ ਵੀ ਹਾਈਕਮਾਨ ਦੇ ਧਿਆਨ ਵਿਚ ਇਹ ਮਾਮਲਾ ਲਿਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੰਨ 2015 ਵਿੱਚ ਵਾਪਰੇ ਬਰਗਾੜੀ ਕਾਂਡ, ਬਹਿਬਲ ਕਲਾਂ ਤੇ ਕੋਟਕਪੂਰਾ ਘਟਨਾਵਾਂ ਪਾਰਟੀ ਲਈ ਨੁਕਸਾਨਦੇਹ ਹੋਣ ਬਾਰੇ ਹਾਈ ਕਮਾਨ ਨੂੰ ਦੱਸਿਆ ਗਿਆ ਸੀ, ਪਰ ਉਸ ਸਮੇਂ ਹਾਈ ਕਮਾਨ ਇਨ੍ਹਾਂ ਗੱਲਾਂ ਨੂੰ ਅਣਗੌਲਿਆ ਕਰਦੀ ਰਹੀ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।

ਸੁਖਬੀਰ ਬਾਦਲ ਦਾ ਨਵਾਂ ਸ਼ਗੂਫਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਨਹੀਂ ਛੱਡੀ, ਸਗੋਂ ਨਵੇਂ ਚਿਹਰਿਆਂ ਅਤੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣ ਲਈ ਉਨ੍ਹਾਂ ਪਾਰਟੀ ਦੇ ਸਾਰੇ ਅਹੁਦੇ ਛੱਡੇ ਹਨ। ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸ੍ਰੀ ਬਦਾਲ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਿਰਫ਼ ਪਾਰਟੀ ਅਹੁਦਿਆਂ ਤੋਂ ਹੀ ਅਸਤੀਫਾ ਦਿੱਤਾ ਹੈ ਤੇ ਉਹ ਪਾਰਟੀ ਦੇ ਮੈਂਬਰ ਵਜੋਂ ਪਹਿਲਾਂ ਵਾਂਗ ਹੀ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਕੋਈ ਫ਼ੁੱਟ ਨਹੀਂ ਤੇ ਨਾ ਹੀ ਕੋਈ ਪਾਰਟੀ ਛੱਡ ਕੇ ਜਾ ਰਿਹਾ ਹੈ।