‘ਸਨ ਰਾਈਜ਼ਰਜ਼’ ਇਨ ਮੁਹਾਲੀ-ਆਪਣੇ ਹੀ ਘਰ ‘ਚ ਚਿੱਤ ਹੋਏ ਪੰਜਾਬੀ ਸ਼ੇਰ

‘ਸਨ ਰਾਈਜ਼ਰਜ਼’ ਇਨ ਮੁਹਾਲੀ-ਆਪਣੇ ਹੀ ਘਰ ‘ਚ ਚਿੱਤ ਹੋਏ ਪੰਜਾਬੀ ਸ਼ੇਰ
ਕੈਪਸ਼ਨ-ਮੁਹਾਲੀ ਵਿੱਚ ਸ਼ੁੱਕਰਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਮੈਚ ਦੌਰਾਨ ਬੱਲੇਬਾਜ਼ੀ ਕਰਦਾ ਹੋਇਆ ਸਨਰਾਈਜ਼ਰਜ਼ ਹੈਦਰਾਬਾਦ ਦਾ ਸ਼ਿਖਰ ਧਵਨ।

ਐਸ.ਏ.ਐਸ.ਨਗਰ (ਮੁਹਾਲੀ)/ਬਿਊਰੋ ਨਿਊਜ਼ :
ਕਿੰਗਜ਼ ਇਲੈਵਨ ਪੰਜਾਬ ਨੂੰ ਇਥੇ ਪੀਸੀਏ ਸਟੇਡੀਅਮ ਵਿੱਚ ਹੋਏ ਆਈਪੀਐਲ ਮੈਚ ਦੌਰਾਨ 2016 ਦੇ ਚੈਂਪੀਅਨ ਸਨਰਾਈਜ਼ਰਜ਼ ਹੈਦਰਾਬਾਦ ਤੋਂ 26 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਿਖਰ ਧਵਨ, ਕੇਨ ਵਿਲੀਅਮਸ ਅਤੇ ਕਪਤਾਨ ਡੇਵਿਡ ਵਾਰਨਰ ਦੇ ਨੀਮ ਸੈਂਕੜਿਆਂ ਅਤੇ ਬਾਅਦ ਵਿੱਚ ਗੇਂਦਬਾਜ਼ਾਂ ਵੱਲੋਂ ਕੀਤੀ ਅਨੁਸ਼ਾਸਿਤ ਗੇਂਦਬਾਜ਼ੀ ਅੱਗੇ ਪੰਜਾਬ ਦੇ ‘ਕਿੰਗਜ਼’ ਦੀ ਕੋਈ ਵਾਹ ਨਾ ਚੱਲੀ ਤੇ ਜਿੱਤਣ ਲਈ 208 ਦੌੜਾਂ ਦੇ ਵੱਡੇ ਸਕੋਰ ਦਾ ਪਿੱਛਾ ਕਰਦਿਆਂ ਉਹ ਮਿਥੇ 20 ਓਵਰਾਂ ਵਿੱਚ ਨੌਂ ਵਿਕਟਾਂ ਉਤੇ 181 ਦੌੜਾਂ ਹੀ ਬਣਾ ਸਕੇ।
ਸ਼ਾਨ ਮਾਰਸ਼ ਵੱਲੋਂ 50 ਗੇਂਦਾਂ ਵਿੱਚ ਖੇਡੀ 84 ਦੌੜਾਂ ਦੀ ਸ਼ਾਨਦਾਰ ਪਾਰੀ ਵੀ ਟੀਮ ਪੰਜਾਬ ਦੀ ਬੇੜੀ ਬੰਨੇ ਨਾ ਲਾ ਸਕੀ। ਪੰਜਾਬ ਲਈ ਮਾਰਸ਼ ਤੋਂ ਇਲਾਵਾ ਮਾਰਟਿਨ ਗੁਪਟਿਲ (23) ਤੇ ਇਯੋਨ ਮੋਰਗਨ (26) ਹੀ 20 ਦੌੜਾਂ ਦਾ ਅੰਕੜਾ ਪਾਰ ਕਰ ਸਕੇ। ਹੈਦਰਾਬਾਦ ਲਈ ਸਿਧਾਰਥ ਕੌਲ ਨੇ 36 ਅਤੇ ਆਸ਼ੀਸ਼ ਨੇਹਰਾ ਨੇ 42 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਝਟਕਾਈਆਂ। ਪਰਪਲ ਕੈਪਧਾਰੀ ਭੁਵਨੇਸ਼ਵਰ ਕੁਮਾਰ ਨੂੰ ਦੋ ਅਤੇ ਲੈੱਗ ਸਪਿੰਨਰ ਰਾਸ਼ਿਦ ਖ਼ਾਨ ਨੇ ਚਾਰ ਓਵਰਾਂ ਵਿੱਚ ਸਿਰਫ਼ 16 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ।
ਕਿੰਗਜ਼ ਇਲੈਵਨ ਪੰਜਾਬ ਦੇ ਖ਼ਿਡਾਰੀਆਂ ਨੂੰ ਟੀਮ ਦੀ ਸਹਿ-ਮਾਲਕ ਪ੍ਰੀਤੀ ਜ਼ੰਟਾ ਲਗਾਤਾਰ ਉਤਸ਼ਾਹਿਤ ਕਰਦੀ ਰਹੀ ਪਰ ਆਪਣੀ ਟੀਮ ਦੀ ਹਾਰ ਤੋਂ ਨਿਰਾਸ਼ਾ ਦੀ ਝਲਕ ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਪੜ੍ਹੀ ਜਾ ਸਕਦੀ ਸੀ।
ਇਸ ਤੋਂ ਪਹਿਲਾਂ ਸ਼ਿਖਰ ਧਵਨ ਅਤੇ ਕਪਤਾਨ ਡੇਵਿਡ ਵਾਰਨਰ ਦੇ ਨੀਮ ਸੈਂਕੜਿਆਂ ਅਤੇ ਦੋਹਾਂ ਵੱਲੋਂ ਪਹਿਲੀ ਵਿਕਟ ਲਈ ਕੀਤੀ ਗਈ ਸੈਂਕੜੇ ਦੀ ਭਾਈਵਾਲੀ ਸਦਕਾ ਸਨਰਾਈਜ਼ਰਜ਼ ਹੈਦਰਾਬਾਦ ਨੇ ਤਿੰਨ ਵਿਕਟਾਂ ਗੁਆ ਕੇ 207 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਧਵਨ ਨੇ 77 ਤੇ ਵਾਰਨਰ ਨੇ 51 ਦੌੜਾਂ ਦੀ ਪਾਰੀ ਖੇਡੀ ਅਤੇ ਪਹਿਲੀ ਵਿਕਟ ਲਈ 107 ਦੌੜਾਂ ਜੋੜੀਆਂ। ਕੇਨ ਵਿਲੀਅਮਸਨ ਨੇ ਵੀ ਅੰਤ ਵਿੱਚ 27 ਗੇਂਦਾਂ ਵਿੱਚ ਚਾਰ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 54 ਦੌੜਾਂ ਬਣਾਈਆਂ।
ਪੰਜਾਬ ਵੱਲੋਂ ਕਪਤਾਨ ਗਲੈੱਨ ਮੈਕਸਵੈੱਲ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਉਸ ਨੇ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਮੋਹਿਤ ਸ਼ਰਮਾ ਨੇ ਤਿੰਨ ਓਵਰਾਂ ਵਿੱਚ 34 ਦੌੜਾਂ ਦੇ ਕੇ ਇੱਕ ਵਿਕਟ ਝਟਕਾਈ। ਇਸ਼ਾਂਤ ਸ਼ਰਮਾ ਅਤੇ ਕੇਸੀ ਕਰਿਅੱਪਾ ਨੇ ਚਾਰ ਚਾਰ ਓਵਰਾਂ ਵਿੱਚ ਕ੍ਰਮਵਾਰ 41 ਅਤੇ 42 ਦੌੜਾਂ ਦਿੱਤੀਆਂ।