ਚੋਣ ਨਤੀਜਿਆਂ ਮਗਰੋਂ ਅਕਾਲੀ ਦਲ ‘ਚ ਬਗ਼ਾਵਤ ਦੇ ਆਸਾਰ

ਚੋਣ ਨਤੀਜਿਆਂ ਮਗਰੋਂ ਅਕਾਲੀ ਦਲ ‘ਚ ਬਗ਼ਾਵਤ ਦੇ ਆਸਾਰ

2007 ਤੋਂ ਡੇਰੇ ਜਾਣ ਵਾਲੇ ਸਿੱਖਾਂ ਤੇ ਅਕਾਲੀ ਆਗੂਆਂ ਖ਼ਿਲਾਫ਼ ਹੋਵੇਗੀ ਜਾਂਚ : ਪ੍ਰੋ. ਬਡੂੰਗਰ
ਚੰਡੀਗੜ੍ਹ/ਬਿਊਰੋ ਨਿਊਜ਼ :
ਅਕਾਲੀ ਦਲ ਵਲੋਂ ਵੋਟਾਂ ਖ਼ਾਤਰ ਵਿਵਾਦਤ ਡੇਰਾ ਸਿਰਸਾ ਨਾਲ ਸਾਂਝ ਪਾਉਣਾ ਅਕਾਲੀ ਆਗੂਆਂ ਦੇ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਠਤ ਤਿੰਨ ਮੈਂਬਰੀ ਕਮੇਟੀ ਵਲੋਂ ਸਿਰਫ਼ ਡੇਰੇ ਵਿਚ ਜਾਣ ਵਾਲੇ ਅਕਾਲੀ ਆਗੂਆਂ ਦੀ ਜਾਂਚ ਹੀ ਨਹੀਂ ਕੀਤੀ ਜਾਵੇਗੀ ਸਗੋਂ 17 ਮਈ 2007 ਦੇ ਹੁਕਮਨਾਮੇ ਤੋਂ ਬਾਅਦ ਹੁਣ ਤਕ ਦੇ ਵਾਪਰੇ ਪੂਰੇ ਘਟਨਾਕ੍ਰਮ ਨੂੰ ਪੜਤਾਲ ਦੇ ਘੇਰੇ ਵਿਚ ਲਿਆ ਜਾਵੇਗਾ। ਕਰੀਬ ਇਕ ਦਹਾਕੇ ਦੇ ਸਫ਼ਰ ਦੌਰਾਨ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ਡੇਰਾ ਸਿਰਸਾ ਪ੍ਰੇਮੀਆਂ ਦੀ ਮਦਦ ਲੈਣ ਲਈ ਜਿੰਨੇ ਵੀ ਸਿੱਖ ਆਗੂਆਂ ਨੇ ਸਿਰਸਾ ਮੁਖੀ ਨਾਲ ਮੁਲਾਕਾਤ ਕੀਤੀ ਹੈ, ਉਹ ਸਾਰੇ ਜਾਂਚ ਦੇ ਘੇਰੇ ਵਿਚ ਲਿਆਂਦੇ ਜਾਣਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੂਤਰ ਦਸਦੇ ਹਨ ਕਿ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਮੈਂਬਰ ਜਕੋਤੱਕੀ ਵਿਚ ਹਨ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁਧ ਮੋਰਚਾ ਖੋਲ੍ਹਣ ਲਈ ਉਚਿਤ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ। ਦਸਿਆ ਜਾਂਦਾ ਹੈ ਕਿ ਜ਼ਿਆਦਾਤਰ ਅਕਾਲੀ ਆਗੂ 11 ਮਾਰਚ ਤਕ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ, ਜੇਕਰ ਵੋਟਾਂ ਦੇ ਨਤੀਜੇ ਅਕਾਲੀ ਦਲ ਦੇ ਵਿਰੁੱਧ ਆਉਂਦੇ ਹਨ ਤਾਂ ਅਕਾਲੀ ਦਲ ਵਿਚ ਬਗ਼ਾਵਤ ਹੋ ਸਕਦੀ ਹੈ। ਪੰਥਕ ਧਿਰਾਂ ਤੇ ਗਰਮ ਖਿਆਲੀ ਆਗੂ ਤਾਂ ਪਹਿਲਾਂ ਹੀ ਜਥੇਦਾਰਾਂ ਦੇ ਵਿਰੁਧ ਸਖ਼ਤ ਟਿਪਣੀਆਂ ਕਰ ਰਹੇ ਹਨ, ਪਰ ਅਕਾਲੀ ਦਲ ਦੇ ਅੰਦਰ ਵੀ ਕਈ ਆਗੂ ਜਥੇਦਾਰਾਂ ‘ਤੇ ਦਬਾਅ ਬਣਾ ਸਕਦੇ ਹਨ। ਅਜਿਹੀ ਹਾਲਤ ਵਿੱਚ ਜਥੇਦਾਰਾਂ ਨੂੰ ਡੇਰੇ ਨਾਲ ਸਾਂਝ ਵਧਾਉਣ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਜਿਥੇ ਪੰਥ ਵਿਚੋਂ ਕੱਢਣ ਲਈ ਦਬਾਇਆ ਪਾਇਆ ਜਾ ਸਕਦਾ ਹੈ, ਉਥੇ ਅਕਾਲੀ ਦਲ ਵਿਚ ਨਵੀਂ ਸਫਬੰਦੀ ਵੀ ਬਣ ਸਕਦੀ ਹੈ।
ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਦੇ 17 ਮਈ 2007 ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਜਿੰਨੇ ਵੀ ਅਕਾਲੀ ਆਗੂਆਂ ਜਾਂ ਸਿੱਖਾਂ ਨੇ ਡੇਰਾ ਸਿਰਸਾ ਨਾਲ ਸਾਂਝ ਪਾਈ ਹੈ, ਜਾਂ ਡੇਰੇ ‘ਤੇ ਦਸਤਕ ਦਿੱਤੀ ਹੈ, ਉਸ ਦੀ ਜਾਂਚ ਕਰਕੇ ਰਿਪੋਰਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਰੀਬ ਦਸ ਸਾਲ ਦੇ ਵਕਤ ਦੌਰਾਨ ਕੀ ਕੀ ਵਾਪਰਿਆ, ਫੋਟੋਆਂ, ਵੀਡੀਓ ਜਾਂ ਹੋਰ ਜਿੰਨੇ ਵੀ ਸਾਬੂਤ ਮਿਲਣਗੇ, ਉਹ ਸਾਰੇ ਇਕੱਠੇ ਕੀਤੇ ਜਾ ਰਹੇ ਹਨ।

22 ਸਿੱਖ ਆਗੂਆਂ ਨੇ ਕੀਤੀ ਹੁਕਮਨਾਮੇ ਦੀ ‘ਉਲੰਘਣਾ’ :
ਅੰਮ੍ਰਿਤਸਰ : ਲਗਭਗ ਦੋ ਦਰਜਨ ਸਿੱਖ ਆਗੂਆਂ ਨੇ ਡੇਰਾ ਸਿਰਸਾ ਜਾ ਕੇ ਸਿਆਸੀ ਸਮਰਥਨ ਪ੍ਰਾਪਤ ਕਰਨ ਅਤੇ ਅਸ਼ੀਰਵਾਦ ਲੈਣ ਲਈ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਇਨ੍ਹਾਂ ਆਗੂਆਂ ਵਿੱਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਸਮੇਤ ਕਾਂਗਰਸ ਅਤੇ ‘ਆਪ’ ਦੇ ਸਿੱਖ ਉਮੀਦਵਾਰ ਸ਼ਾਮਲ ਹਨ। ਇਹ ਤੱਥ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਸਾਹਮਣੇ ਆਏ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਨੂੰ ਹੁਣ ਤੱਕ ਇਸ ਮਾਮਲੇ ਵਿੱਚ ਸਬੂਤਾਂ ਵਜੋਂ ਅਖਬਾਰਾਂ ਦੀਆਂ ਕਾਤਰਾਂ ਅਤੇ ਸੋਸ਼ਲ ਮੀਡੀਆ ‘ਤੇ ਚੱਲ ਰਹੀ ਇੱਕ ਵੀਡੀਓ ਮਿਲੀ ਹੈ। ਜਾਂਚ ਕਮੇਟੀ ਵੱਲੋਂ ਇਨ੍ਹਾਂ ਖਬਰਾਂ ਅਤੇ ਵੀਡੀਓ ਕਲਿੱਪ ਦੇ ਆਧਾਰ ‘ਤੇ ਹੀ ਡੇਰਾ ਸਿਰਸਾ ਜਾ ਕੇ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਨ੍ਹਾਂ ਵਿੱਚ ਲਗਭਗ 22 ਸਿੱਖ ਆਗੂ ਸ਼ਾਮਲ ਹਨ। ਇਹ ਆਗੂ ਹਾਕਮ ਧਿਰ ਸਮੇਤ ਕਾਂਗਰਸ ਅਤੇ ਹੋਰ ਪਾਰਟੀਆਂ ਨਾਲ ਸਬੰਧਤ ਹਨ।
ਜਾਂਚ ਕਮੇਟੀ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਅਕਾਲ ਤਖ਼ਤ ਦੇ ਹੁਕਮ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਇਕ ਮੀਟਿੰਗ ਕਰਕੇ ਹੁਣ ਤੱਕ ਦੀ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅਗਲੀ ਕਾਰਵਾਈ ਬਾਰੇ ਵਿਚਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਿੱਖ ਆਗੂਆਂ ਦੇ  ਡੇਰਾ ਸਿਰਸਾ ਜਾ ਕੇ ਹੁਕਮਨਾਮੇ ਦੀ ਉਲੰਘਣਾ ਕਰਨ ਬਾਰੇ ਨਾਂ ਆ ਰਹੇ ਹਨ, ਉਨ੍ਹਾਂ ਨਾਲ ਇਸ ਸਬੰਧੀ ਮੀਟਿੰਗ ਕਰਕੇ ਉਨ੍ਹਾਂ ਕੋਲੋਂ ਇਸ ਦੀ ਤਸਦੀਕ ਕੀਤੀ ਜਾਵੇਗੀ। ਜਾਂਚ ਕਮੇਟੀ ਸਮੁੱਚੀ ਜਾਂਚ ਮਗਰੋਂ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪੇਗੀ।
ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਜਾਂਚ ਕਮੇਟੀ ਦੀ ਰਿਪੋਰਟ 26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਹੀ ਸ੍ਰੀ ਅਕਾਲ ਤਖਤ ਨੂੰ ਸੌਂਪੀ ਜਾਵੇਗੀ। ਜਾਂਚ ਕਮੇਟੀ ਨੇ ਵੀ ਕਿਹਾ ਹੈ ਕਿ ਜਾਂਚ ਦੌਰਾਨ ਡੇਰੇ ਗਏ ਸਿੱਖ ਆਗੂਆਂ ਦਾ ਪੱਖ ਲੈਣ ਵਿੱਚ ਸਮਾਂ ਲੱਗ ਸਕਦਾ ਹੈ।

ਅਕਾਲੀ ਦਲ ਦੀ ਚਾਲ ਪਈ ਪੁੱਠੀ :
ਚੰਡੀਗੜ੍ਹ: ਪਾਰਟੀ ਨਾਲ ਸਬੰਧਤ ਦਿੱਲੀ ਦੇ ਅਕਾਲੀ ਆਗੂਆਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਕਿਹਾ ਹੈ ਕਿ ਡੇਰਾ ਸਿਰਸਾ ਦੀ ਹਮਾਇਤ ਵਿੱਚ ਗਏ ਨੇਤਾਵਾਂ ਨੂੰ ਦਿੱਲੀ ਦੀਆਂ ਚੋਣਾਂ ਤੋਂ ਦੂਰ ਹੀ ਰੱਖਿਆ ਜਾਵੇ। ਇਸ ਮਾਮਲੇ ‘ਤੇ ਪਾਰਟੀ ਦੀ ਕੋਰ ਕਮੇਟੀ ਦੀ ਸ਼ਨਿਚਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਵੀ ਭਰਵੀਂ ਚਰਚਾ ਹੋਈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਡੇਰੇ ਵਿੱਚ ਜਾ ਕੇ ਵੋਟਾਂ ਮੰਗਣ ਵਾਲੇ ਅਕਾਲੀ ਨੇਤਾਵਾਂ ਨੇ ਜਿੱਥੇ ਇਸ ਮਾਮਲੇ ਨੂੰ ਸਰਸਰੀ ਮੰਨਦਿਆਂ ਰਸਮੀ ਕਾਰਵਾਈ ਨਾਲ ‘ਰਫ਼ਾ-ਦਫ਼ਾ’ ਕਰਨ ਦਾ ਤਰਕ ਪੇਸ਼ ਕੀਤਾ ਉਥੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਕਿਹਾ ਕਿ ਇਸ ਮਾਮਲੇ ਦਾ ਅਕਾਲ ਤਖ਼ਤ ਉੱਤੇ ਮੁਕੰਮਲ ਕਾਰਵਾਈ ਕਰਨ ਤੋਂ ਬਾਅਦ ਹੀ ਨਿਬੇੜਾ ਹੋਣਾ ਚਾਹੀਦਾ ਹੈ।