ਛੇੜਛਾੜ ਮਾਮਲੇ ‘ਚ ਸਜ਼ਾ ਭੁਗਤ ਚੁੱਕੇ ਪੰਜਾਬੀ ਨੂੰ ਆਸਟਰੇਲੀਆ ‘ਚੋਂ ਕੱਢਿਆ ਜਾਵੇਗਾ

ਛੇੜਛਾੜ ਮਾਮਲੇ ‘ਚ ਸਜ਼ਾ ਭੁਗਤ ਚੁੱਕੇ ਪੰਜਾਬੀ ਨੂੰ ਆਸਟਰੇਲੀਆ ‘ਚੋਂ ਕੱਢਿਆ ਜਾਵੇਗਾ

ਕੈਪਸ਼ਨ-ਜਗਦੀਪ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਬਾਰਡਰ ਫ਼ੋਰਸ ਦੇ ਅਧਿਕਾਰੀ।
ਮੈਲਬਰਨ/ਬਿਊਰੋ ਨਿਊਜ਼ :
ਇੱਥੋਂ ਦੇ ਉੱਤਰੀ ਇਲਾਕੇ ਲੇਲਰ ਵਿੱਚ ਬਾਰਡਰ ਫ਼ੋਰਸ ਨੇ ਛੇੜਛਾੜ ਦਾ ਕੇਸ ਭੁਗਤ ਚੁੱਕੇ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਜਗਦੀਪ ਸਿੰਘ ਨੂੰ ਘਰੋਂ ਚੁੱਕ ਲਿਆ। ਉਸ ਨੂੰ ਹੁਣ ਮੁਲਕ ਵਿਚੋਂ ਕੱਢਿਆ ਜਾਵੇਗਾ। ਜਗਦੀਪ ਸਿੰਘ ‘ਤੇ ਦਸੰਬਰ 2015 ਵਿੱਚ ਡਰਾਈਵਰੀ ਦੌਰਾਨ ਔਰਤ ਨਾਲ ਸਰੀਰਕ ਛੇੜਛਾੜ ਦੇ ਦੋਸ਼ ਲੱਗੇ ਸਨ। ਅਦਾਲਤ ਨੇ ਦੋਸ਼ੀ ਦੇ ਚੰਗੇ ਅਕਸ ਨੂੰ ਬਰਕਰਾਰ ਕਰਨ ਹਿੱਤ 18 ਮਹੀਨੇ ਦੇ ਸੁਧਾਰਕ ਹੁਕਮਾਂ ਤਹਿਤ 150 ਘੰਟੇ ਭਾਈਚਾਰੇ ਵਿਚ ਮੁਫ਼ਤ ਕੰਮ ਕਰਨ ਦੀ ਸੰਕੇਤਕ ਸਜ਼ਾ ਵੀ ਸੁਣਾਈ ਸੀ। ਕੇਸ ਸਾਹਮਣੇ ਆਉਣ ਤੋਂ ਬਾਅਦ ਆਵਾਸ ਮੰਤਰੀ ਨੇ ਜਗਦੀਪ ਦਾ ਵੀਜ਼ਾ ਰੱਦ ਕਰ ਦਿੱਤਾ ਸੀ। ਇਥੇ ਪਰਿਵਾਰ ਸਮੇਤ ਰਹਿ ਰਹੇ ਜਗਦੀਪ ਸਿੰਘ ਨੇ ਇਮੀਗਰੇਸ਼ਨ ਦੇ ਵੀਜ਼ਾ ਰੱਦ ਕਰਨ ਦੇ ਫ਼ੈਸਲੇ ਨੂੰ ਅਪੀਲੀ ਟ੍ਰਿਬਿਊਨਲ ਵਿਚ ਚੁਣੌਤੀ ਦਿੱਤੀ ਸੀ। ਟ੍ਰਿਬਿਊਨਲ ਨੇ ਜਗਦੀਪ ਦੀ ਮਾਨਸਿਕ ਹਾਲਾਤ ਅਤੇ ਪਰਿਵਾਰਕ ਚੁਣੌਤੀਆਂ ਦੇ ਮੱਦੇਨਜ਼ਰ ਵੀਜ਼ਾ ਮੁੜ ਦੇ ਦਿੱਤਾ, ਪਰ ਸਥਾਨਕ ਮੀਡੀਆ ਵਿਚ ਚਰਚਾ ਬਣੇ ਇਸ ਮਾਮਲੇ ਨੂੰ ਆਵਾਸ ਮੰਤਰੀ ਪੀਟਰ ਡਟਨ ਨੇ ਆਪਣੇ ਹੱਥ ਵਿਚ ਲੈਂਦਿਆਂ ਵੀਜ਼ਾ ਮੁੜ ਰੱਦ ਕਰ ਦਿੱਤਾ।
ਜਗਦੀਪ ਦੀ ਪਤਨੀ ਦੀ ਵਿਗੜੀ ਮਾਨਸਿਕ ਹਾਲਤ ਅਤੇ ਦੋਸ਼ੀ ਦੇ ਮਨੋਰੋਗ ਲਈ ਚੱਲ ਰਹੇ ਇਲਾਜ ਦਾ ਪੱਖ ਦਰਕਿਨਾਰ ਕਰਦਿਆਂ ਆਸਟਰੇਲੀਅਨ ਬਾਰਡਰ ਫ਼ੋਰਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਸਰਕਾਰ ਇਹ ਕਾਨੂੰਨ ਹੋਂਦ ਵਿਚ ਲਿਆ ਚੁੱਕੀ ਹੈ ਕਿ ਕਿਸੇ ਜੁਰਮ ਵਿਚ 12 ਮਹੀਨਿਆਂ ਤੋਂ ਵੱਧ ਸਜ਼ਾ ਹੋਣ ਦੀ ਸੂਰਤ ਵਿਚ ਜੁਰਮ ਕਰਨ ਵਾਲੇ ਵਿਅਕਤੀ ਦਾ ਵੀਜ਼ਾ ਰੱਦ ਕੀਤਾ ਜਾਵੇਗਾ ਅਤੇ ਇਹ ਕਾਨੂੰਨ ਪੀਆਰ ਵੀਜ਼ਿਆਂ ‘ਤੇ ਵੀ ਲਾਗੂ ਹੋਵੇਗਾ। ਜਗਦੀਪ ਸਿੰਘ 2008 ਵਿਚ ਆਪਣੀ ਪਤਨੀ ਦੇ ਵਿਦਿਆਰਥੀ ਵੀਜ਼ੇ ‘ਤੇ ਸਹਾਇਕ ਵਜੋਂ ਨਾਲ ਆਸਟਰੇਲੀਆ ਆਇਆ ਸੀ।