ਮੱਰੇ ਨੇ ਜਿੱਤਿਆ ਦੁਬਈ ਟੈਨਿਸ ਓਪਨ ਦਾ ਖ਼ਿਤਾਬ

ਮੱਰੇ ਨੇ ਜਿੱਤਿਆ ਦੁਬਈ ਟੈਨਿਸ ਓਪਨ ਦਾ ਖ਼ਿਤਾਬ
ਕੈਪਸ਼ਨ-ਬ੍ਰਿਟੇਨ ਦਾ ਐਂਡੀ ਮੱਰੇ ਜੇਤੂ ਟਰਾਫੀ ਨਾਲ ਖੁਸ਼ੀ ਦੇ ਰੌਂਅ ਵਿਚ।

ਦੁਬਈ/ਬਿਊਰੋ ਨਿਊਜ਼ :
ਵਿਸ਼ਵ ਦੇ ਨੰਬਰ ਇਕ ਖਿਡਾਰੀ ਬਰਤਾਨੀਆ ਦੇ ਐਂਡੀ ਮੱਰੇ ਨੇ ਸਪੇਨ ਦੇ ਫਰਨਾਂਡੋ ਵਰਦਾਸਕੋ ਨੂੰ ਫਾਈਨਲ ਵਿੱਚ ਲਗਾਤਰ ਸੈਟਾਂ ਵਿੱਚ 6-3, 6-2 ਨਾਲ ਹਰਾ ਕੇ ਦੁਬਈ ਓਪਨ ਟੈਨਿਸ ਦਾ ਖ਼ਿਤਾਬ ਜਿੱਤ ਲਿਆ। ਅੱਵਲ ਦਰਜਾ ਮੱਰੇ ਦਾ ਇਹ ਸਾਲ ਦਾ ਪਹਿਲਾ ਖ਼ਿਤਾਬ ਹੈ।
ਵਰਦਾਸਕੋ ਖ਼ਿਲਾਫ਼ ਪਿਛਲੇ 13 ਮੁਕਾਬਲਿਆਂ ਵਿਚੋਂ 12 ਵਿੱਚ ਜੇਤੂ ਰਹੇ ਮੱਰੇ ਨੇ ਫਾਈਨਲ ਵਿੱਚ ਚੰਗੀ ਸ਼ੁਰੂਆਤ ਕੀਤੀ ਅਤੇ ਛੇਤੀ ਹੀ ਖੇਡ ਵਿੱਚ ਤੇਜ਼ੀ ਲਿਆਉਂਦਿਆਂ ਪਹਿਲਾ ਸੈੱਟ 6-3 ਨਾਲ ਆਪਣੇ ਨਾਂ ਕਰ ਲਿਆ। ਹਮਲਾਵਰ ਖੇਡ ਦੇ ਮਾਹਰ ਵਰਦਾਸਕੋ ਨੇ ਵੀ ਇਸ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ ਅਤੇ ਇਕ ਸਮੇਂ ਮੱਰੇ ਖ਼ਿਲਾਫ਼ ਉਸ ਨੇ ਬੜ੍ਹਤ ਬਣਾ ਲਈ ਪਰ ਮੱਰੇ ਨੇ ਆਪਣੇ ਤਜਰਬੇ ਦਾ ਲਾਹਾ ਲੈਂਦਿਆਂ ਸਪੇਨ ਦੇ ਵਿਰੋਧੀ ਖਿਡਾਰੀ ਨੂੰ ਪਿਛਾਂਹ ਛੱਡਦਿਆਂ ਸੈੱਟ ਜਿੱਤ ਲਿਆ।
ਦੂਜੇ ਸੈੱਟ ਵਿੱਚ ਮੱਰੇ ਨੇ ਦਬਾਅ ਬਣਾਉਂਦਿਆਂ ਮਜ਼ਬੂਤ ਖੇਡ ਦਿਖਾਈ ਅਤੇ ਸੈੱਟ ਤੇ ਖ਼ਿਤਾਬ ਆਪਣੇ ਨਾਂ ਕਰ ਲਿਆ। ਇਹ ਮੱਰੇ ਦਾ 45 ਵਾਂ ਕਰੀਅਰ ਖ਼ਿਤਾਬ ਹੈ। ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਮੱਰੇ ਨੇ ਕਿਹਾ ਕਿ ਉਹ ਪਹਿਲੀ ਵਾਰ ਜਿੱਤ ਕੇ ਬਹੁਤ ਖੁਸ਼ ਹੈ। ਇਸ ਨੂੰ ਵਰ੍ਹੇ ਦੀ ਬਿਹਤਰੀਨ ਸ਼ੁਰੂਆਤ ਕਿਹਾ ਜਾ ਸਕਦਾ ਹੈ।