ਇਟਲੀ : ਸਿੱਖਾਂ ਦੇ ਜਨਤਕ ਥਾਵਾਂ ‘ਤੇ ਸ੍ਰੀ ਸਾਹਿਬ ਪਹਿਣਨ ‘ਤੇ ਪਾਬੰਦੀ

ਇਟਲੀ : ਸਿੱਖਾਂ ਦੇ ਜਨਤਕ ਥਾਵਾਂ ‘ਤੇ ਸ੍ਰੀ ਸਾਹਿਬ ਪਹਿਣਨ ‘ਤੇ ਪਾਬੰਦੀ

ਇਟਲੀ ‘ਚ ਰਹਿਣਾ ਹੈ ਤਾਂ ਸਾਡਾ ਕਾਨੂੰਨ ਮੰਨਣਾ ਪਏਗਾ : ਸੁਪਰੀਮ ਕੋਰਟ
ਰੋਮ, ਮਿਲਾਨ (ਇਟਲੀ)/ਬਿਊਰੋ ਨਿਊਜ਼ :
ਇਟਲੀ ਵਿਚ ਸਿੱਖਾਂ ਦੇ ਜਨਤਕ ਥਾਵਾਂ ‘ਤੇ ਕਿਰਪਾਨ ਧਾਰਨ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਟਲੀ ਦੀ ਸੁਪਰੀਮ ਕੋਰਟ ਨੇ ਇਕ ਭਾਰਤੀ ਸਿੱਖ ਦੇ ਸ੍ਰੀ ਸਾਹਿਬ ਪਹਿਨਣ ਦੇ ਕੇਸ ਦੀ ਸੁਣਵਾਈ ਕਰਦਿਆਂ ਸ੍ਰੀ ਸਾਹਿਬ ਪਹਿਨਣ ‘ਤੇ ਪੂਰਨ ਪਾਬੰਦੀ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਇਹ ਫੈਸਲਾ ਇਕ ਭਾਰਤੀ ਸਿੱਖ ਦੇ 6 ਅਪ੍ਰੈਲ 2013 ਨੂੰ ਮਾਨਤੋਵਾ ਜ਼ਿਲ੍ਹੇ ਦੀ ਲੋਕਲ ਪੁਲੀਸ ਵਲੋਂ ਕੀਤੇ ਗਏ ਇਕ ਕੇਸ ਦੀ ਸੁਣਵਾਈ ਕਰਦਿਆਂ ਕੀਤਾ ਹੈ, ਜਿਸ ਵਿਚ ਪੁਲੀਸ ਨੇ ਇਕ ਸਿੱਖ ਨੂੰ 20 ਸੈਂਟੀਮੀਟਰ ਸ੍ਰੀ ਸਾਹਿਬ ਪਾਉਣਾ ‘ਤੇ 2000 ਯੂਰੋ ਜੁਰਮਾਨਾ ਕਰ ਦਿੱਤਾ ਸੀ। ਭਾਰਤੀ ਸਿੱਖ ਨੇ ਸ੍ਰੀ ਸਾਹਿਬ ਨੂੰ ਪਹਿਨਣਾ ਆਪਣਾ ਜਮਹੂਰੀ ਹੱਕ ਦੱਸਿਆ। ਇਸ ਨੂੰ ਆਪਣੇ ਲਈ ਅਤਿ ਜ਼ਰੂਰੀ ਦੱਸਿਆ ਸੀ ਪਰ ਸੁਪਰੀਮ ਕੋਰਟ ਨੇ ਉਸ ਭਾਰਤੀ ਸਿੱਖ ਦੇ ਇਸ ਬੇਬੁਨਿਆਦ ਦਾਅਵੇ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ ਹੈ ਅਤੇ ਬਾਹਰੋਂ ਆ ਕੇ ਇਟਲੀ ਵਿਚ ਵਸੇ ਵਿਦੇਸ਼ੀ ਭਾਈਚਾਰਿਆਂ ਲਈ ਵੀ ਸਖ਼ਤ ਟਿੱਪਣੀਆਂ ਕੀਤੀਆਂ ਹਨ, ਜਿਸ ਕਰਕੇ ਇਟਲੀ ਸਮੇਤ ਸਮੁੱਚੇ ਯੂਰਪ ਵਿਚ ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਟਲੀ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਵਿਦੇਸ਼ੀਆਂ ਲਈ ਸਾਡੇ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ, ਜਿਨ੍ਹਾਂ ਨੇ ਸਾਡੀ ਧਰਤੀ ‘ਤੇ ਰਹਿਣਾ ਹੈ, ਨਹੀਂ ਤਾਂ ਆਪਣੇ ਮੂਲ ਦੇਸ਼ਾਂ ਨੂੰ ਬੜੀ ਖੁਸ਼ੀ ਨਾਲ ਵਾਪਸ ਜਾ ਸਕਦੇ ਹਨ। ਉਪਰੋਕਤ ਖ਼ਬਰ ਇਟਲੀ ਦੇ ਇਲੈਕਟ੍ਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਇਟਲੀ ਦੀ ਸਰਬ ਉੱਚ ਅਦਾਲਤ ਨੇ ਆਪਣੀ ਟਿੱਪਣੀ ਵਿਚ ਹੋਰ ਅੱਗੇ ਕਿਹਾ ਹੈ ਕਿ ਇਟਲੀ ਵਿਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਇੰਮੀਗ੍ਰਾਂਟ ਰਹਿੰਦੇ ਹਨ। ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਪਰ ਉਨ੍ਹਾਂ ਨੂੰ ਵੀ ਆਪਣੇ ਮੂਲ ਦੇਸ਼ਾਂ ਦੇ ਧਾਰਮਿਕ ਕਾਨੂੰਨਾਂ ਨੂੰ ਸਾਡੇ ‘ਤੇ ਸਾਡੀ ਹੀ ਧਰਤੀ ‘ਤੇ ਆ ਕੇ ਥੋਪਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸੁਪਰੀਮ ਕੋਰਟ ਦੇ ਜੱਜਾਂ ਦੇ ਪੈਨਲ ਨੇ ਹੋਰ ਅੱਗੇ ਕਿਹਾ ਕਿ ਸਾਡੇ ਸੰਵਿਧਾਨ ਦੇ ਆਰਟੀਕਲ ਨੰਬਰ 2 ਦੇ ਕਾਨੂੰਨ ਤਹਿਤ ਭਾਵੇਂ ਵੱਖ-ਵੱਖ ਦੇਸ਼ਾਂ ਦੇ ਬਹੁ-ਸਭਿਆਚਾਰਾਂ ਨੂੰ ਪ੍ਰਫੁੱਲਤ ਕਰਨ ਦੀ ਤਜਵੀਜ਼ ਹੈ, ਪਰ ਉਸ ਨੂੰ ਵੀ ਬਰਦਾਸ਼ਤ ਕਰਨ ਦੀ ਹੱਦ ਤੱਕ ਹੀ ਸਵੀਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਸਿੱਧੇ ਤੌਰ ‘ਤੇ ਅਪੀਲ ਕਰਤਾ ਭਾਰਤੀ ਸਿੱਖ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿੱਥੇ ਤੇਰੇ ਸਿੱਖ ਧਰਮ ਵਿਚ ਕਿਰਪਾਨ (ਸ੍ਰੀ ਸਾਹਿਬ) ਪਾਉਣ ਦਾ ਅਧਿਕਾਰ ਹੈ। ਪਰ ਉੱਥੇ ਸਾਡੇ ਸੰਵਿਧਾਨ ਦੇ ਪ੍ਰੀਮੀਅਰ ਅਧਿਕਾਰਾਂ ਤਹਿਤ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਆਪਣੇ ਦੇਸ਼ ਦੇ ਲੋਕਾਂ ਦੀ ਹਿਫ਼ਾਜ਼ਤ ਵਾਸਤੇ ਉਨ੍ਹਾਂ ਦੇ ਰੱਖਿਆ ਕਾਨੂੰਨਾਂ ਦੀ ਰੱਖਿਆ ਕਰੀਏ।