ਆਪਣਾ ਪੰਜਾਬ ਪਾਰਟੀ ਸੰਕਟ ‘ਚ : ਸਲਾਰੀਆ ਦੇ ਹੱਕ ਵਿਚ ਡਟੇ ਕਿੰਗਰਾ ਤੇ ਭਾਰਦਵਾਜ

ਆਪਣਾ ਪੰਜਾਬ ਪਾਰਟੀ ਸੰਕਟ ‘ਚ : ਸਲਾਰੀਆ ਦੇ ਹੱਕ ਵਿਚ ਡਟੇ ਕਿੰਗਰਾ ਤੇ ਭਾਰਦਵਾਜ

ਆਰ.ਆਰ. ਭਾਰਦਵਾਜ ਤੇ ਐੱਚ.ਐੱਸ. ਕਿੰਗਰਾ, ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਹਮਾਇਤ ਕਰਨ ਦਾ ਐਲਾਨ ਕਰਦੇ ਹੋਏ। 

ਚੰਡੀਗੜ੍ਹ/ਬਿਊਰੋ ਨਿਊਜ਼ :
‘ਆਪਣਾ ਪੰਜਾਬ ਪਾਰਟੀ’ ਦੇ ਕੁਝ ਆਗੂਆਂ ਵੱਲੋਂ ਨਾਟਕੀ ਢੰਗ ਨਾਲ ਗੁਰਦਾਸਪੁਰ ਜ਼ਿਮਨੀ ਚੋਣ ਲਈ ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਨਾਲ ਪਾਰਟੀ ਵਿੱਚ ਘਚੋਲਾ ਪੈ ਗਿਆ ਹੈ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਆਪਣੀ ਸਮੁੱਚੀ ਲੀਡਰਸ਼ਿਪ ਸਮੇਤ ਇੱਥੇ ਪ੍ਰੈੱਸ ਕਾਨਫਰੰਸ ਕਰ ਕੇ ਜ਼ਿਮਨੀ ਚੋਣ ਦੌਰਾਨ ਕਿਸੇ ਵੀ ਪਾਰਟੀ ਨੂੰ ਹਮਾਇਤ ਦੇਣ ਤੋਂ ਇਨਕਾਰ ਕਰਦਿਆਂ ਵੋਟਰਾਂ ਨੂੰ ਜ਼ਮੀਰ ਦੀ ਆਵਾਜ਼ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਸੀ।
ਹੰਗਾਮੀ ਹਾਲਤ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਆਰ.ਆਰ. ਭਾਰਦਵਾਜ (ਸਾਬਕਾ ਆਈਏਐੱਸ ਅਧਿਕਾਰੀ) ਤੇ ਜਨਰਲ ਸਕੱਤਰ ਹਰਦੀਪ ਸਿੰਘ ਕਿੰਗਰਾ (ਸਾਬਕਾ ਅਧਿਕਾਰੀ) ਅਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਅਮਰਿੰਦਰ ਸਿੰਘ ਤੁੜ ਨੇ ਇੱਥੇ ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੀ ਗੈਰਹਾਜ਼ਰੀ ਵਿੱਚ ਪ੍ਰੈੱਸ ਕਾਨਫਰੰਸ ਕਰ ਕੇ ਸ੍ਰੀ ਸਲਾਰੀਆ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸ੍ਰੀ ਕਿੰਗਰਾ ਅਤੇ ਸ੍ਰੀ ਭਾਰਦਵਾਜ ਨੇ ਦਾਅਵਾ ਕੀਤਾ ਕਿ ਸ੍ਰੀ ਛੋਟੇਪੁਰ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇਹ ਫ਼ੈਸਲਾ ਸਾਂਝੇ ਤੌਰ ‘ਤੇ ਕੀਤਾ ਹੈ। ਦੋਵਾਂ ਨੇ ਸਪਸ਼ਟ ਕੀਤਾ ਕਿ ਉਹ ਸ੍ਰੀ ਸਲਾਰੀਆ ਨੂੰ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਨਹੀਂ ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਉਸਾਰੂ ਨੀਤੀਆਂ ਕਾਰਨ ਹਮਾਇਤ ਦੇ ਰਹੇ ਹਨ। ਉਨ੍ਹਾਂ ਅਸਿੱਧੇ ਢੰਗ ਨਾਲ ਇਹ ਦੱਸਣ ਦਾ ਯਤਨ ਕੀਤਾ ਕਿ ਉਨ੍ਹਾਂ ਅਕਾਲੀ ਦਲ ਨੂੰ ਨਹੀਂ ਸਗੋਂ ਭਾਜਪਾ ਨੂੰ ਹਮਾਇਤ ਕੀਤੀ ਹੈ।
ਸ੍ਰੀ ਕਿੰਗਰਾ ਨੇ ਭਾਜਪਾ ਨੂੰ ਪੰਜਾਬ ਹਿੱਤੂ ਪਾਰਟੀ ਗਰਦਾਨਦਿਆਂ ਮੋਦੀ ਸਰਕਾਰ ਦੀਆਂ ਨੋਟਬੰਦੀ ਅਤੇ ਜੀਐਸਟੀ ਦੀਆਂ ਨੀਤੀਆਂ ਦਾ ਗੁਣਗਾਣ ਕੀਤਾ। ਜਦੋਂ ਸ੍ਰੀ ਕਿੰਗਰਾ ਨੂੰ ਪੁੱਛਿਆ ਗਿਆ ਕਿ ਉਹ ਆਰਆਰਐਸ ਦੀਆਂ ਨੀਤੀਆਂ ਨਾਲ ਸਹਿਮਤ ਹਨ ਤਾਂ ਉਨ੍ਹਾਂ ਗੋਲ-ਮੋਲ ਜਵਾਬ ਦੇ ਕੇ ਖਹਿੜਾ ਛੁਡਾਇਆ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਪਾਰਟੀ ਲੀਡਰਸ਼ਿਪ ਨੇ ਫੋਨਾਂ ਰਾਹੀਂ ਚੱਲਦਿਆਂ-ਫਿਰਦਿਆਂ ਹੰਗਾਮੀ ਹਾਲਤ ਵਿੱਚ ਲਿਆ ਹੈ।
ਸ੍ਰੀ ਕਿੰਗਰਾ ਦੀ ਪ੍ਰੈੱਸ ਕਾਨਫਰੰਸ ਤੋਂ 2 ਘੰਟਿਆਂ ਬਾਅਦ ਹੀ ਪਾਰਟੀ ਬੁਲਾਰੇ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਤਰਲੋਚਨ ਸਿੰਘ ਲਾਲੀ, ਮਹਿਲਾ ਵਿੰਗ ਦੀ ਪ੍ਰਧਾਨ ਪਰਵਿੰਦਰ ਕੌਰ ਅਤੇ ਇੱਕ ਹੋਰ ਬੁਲਾਰੇ ਜੋਗਾ ਸਿੰਘ ਚੱਪਰ ਨੇ ਹੰਗਾਮੀ ਹਾਲਤ ਵਿੱਚ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਆਗੂਆਂ ਨੇ ਇਸ ਫ਼ੈਸਲੇ ਨਾਲ ਸਿਆਸੀ ਖ਼ੁਦਕੁਸ਼ੀ ਕਰ ਲਈ ਹੈ ਅਤੇ ਇਹ ਪਾਰਟੀ ਦਾ ਸਮੁੱਚਾ ਫ਼ੈਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕਿੰਗਰਾ ਤੇ ਸ੍ਰੀ ਭਾਰਦਵਾਜ ਵੱਲੋਂ ਨਿੱਜੀ ਫ਼ਾਇਦੇ ਲਈ ਇਹ ਫ਼ੈਸਲਾ ਕੀਤਾ ਜਾਪਦਾ ਹੈ ਅਤੇ ਇਸ ਨਾਲ ਸ੍ਰੀ ਛੋਟੇਪੁਰ ਦੀ ਸਹਿਮਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹਮਾਇਤ ਕਰਨ ਦਾ ਸਿੱਧਾ ਅਰਥ ਹੈ ਕਿ ‘ਆਪਣਾ ਪੰਜਾਬ ਪਾਰਟੀ’ ਦੇ ਕੁਝ ਲੀਡਰਾਂ ਨੇ ਸਿਆਸੀ ਖ਼ੁਦਕੁਸ਼ੀ ਕਰ ਲਈ ਹੈ ਕਿਉਂਕਿ ਇਸ ਪਾਰਟੀ ਨਾਲ ਸਿਧਾਂਤਕ ਤੌਰ ‘ਤੇ ਸਾਂਝ ਪਾਉਣੀ ਸੰਭਵ ਹੀ ਨਹੀਂ ਹੈ। ‘ਆਪਣਾ ਪੰਜਾਬ ਪਾਰਟੀ’ ਦੇ ਮੁੱਖ ਬੁਲਾਰੇ ਤੇ ਮੀਤ ਪ੍ਰਧਾਨ ਕਰਨਲ ਜਸਜੀਤ ਸਿੰਘ ਗਿੱਲ ਨੇ ਫੋਨ ਰਾਹੀਂ ਸਪਸ਼ਟ ਕੀਤਾ ਕਿ ਇਹ ਪਾਰਟੀ ਦਾ ਨਹੀਂ, ਕੁਝ ਆਗੂਆਂ ਦਾ ਨਿੱਜੀ ਫ਼ੈਸਲਾ ਹੈ।