ਦਰਬਾਰ ਸਾਹਿਬ ਦੀਆਂ ਸਰਾਵਾਂ ’ਤੇ ਕੇਂਦਰ ਸਰਕਾਰ ਨੇ ਲਾਇਆ 12 ਫ਼ੀਸਦੀ ਜੀ. ਐੱਸ. ਟੀ.

ਦਰਬਾਰ ਸਾਹਿਬ ਦੀਆਂ ਸਰਾਵਾਂ ’ਤੇ ਕੇਂਦਰ ਸਰਕਾਰ ਨੇ ਲਾਇਆ 12 ਫ਼ੀਸਦੀ ਜੀ. ਐੱਸ. ਟੀ.

 *ਸਿਖ ਜਗਤ  'ਵਿਚ ਭਾਰੀ ਰੋਸ ,  ਜੀ. ਐੱਸ. ਟੀ. ਦੀ ਸ਼ਰਤ ਲਾਗੂ ਕਰਨ ਦੇ ਫ਼ੈਸਲੇ ਦੀ ਮੁੱਖ ਮੰਤਰੀ  ਮਾਨ ਤੇ ਪੰਥਕ ਜਥੇਬੰਦੀਆਂ ਨੇ  ਕੀਤੀ  ਨਿੰਦਾ         

ਅੰਮ੍ਰਿਤਸਰ ਟਾਈਮਜ਼                  

  ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ  ਸ੍ਰੀ ਦਰਬਾਰ ਸਾਹਿਬ ਨਾਲ ਸਬੰਧਿਤ ਸਰਾਵਾਂ ਨੂੰ ਭਾਰਤ ਸਰਕਾਰ ਵੱਲੋਂ ਜੀ. ਐੱਸ. ਟੀ. ਦੇ ਘੇਰੇ ਵਿਚ ਲੈਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਭਾਰਤ ਸਰਕਾਰ ਦਾ ਇਹ ਫ਼ੈਸਲਾ ਬੇਹੱਦ ਨਿੰਦਣਯੋਗ ਹੈ ਅਤੇ ਸੰਗਤ ਵਿਰੋਧੀ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।ਉਨ੍ਹਾਂ ਆਖਿਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੁਨੀਆ ਭਰ ਤੋਂ ਰੋਜ਼ਾਨਾ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਦੇ ਹਨ, ਜਿਨ੍ਹਾਂ ਦੇ ਠਹਿਰਣ ਲਈ ਸੰਸਥਾ ਵੱਲੋਂ ਪ੍ਰਬੰਧ ਕੀਤੇ ਜਾਂਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਸਰਾਵਾਂ ’ਤੇ ਜੀ. ਐੱਸ. ਟੀ. ਲਗਾ ਕੇ ਸੰਗਤ ’ਤੇ ਵਾਧੂ ਬੋਝ ਪਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਵੱਲੋਂ ਚੜ੍ਹਾਈ ਜਾਂਦੀ ਭੇਟਾ ਨੂੰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਅਤੇ ਸੰਗਤਾਂ ਦੀ ਸਹੂਲਤ ਲਈ ਵਰਤਦੀ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਕੁਦਰਤੀ ਆਫ਼ਤਾਂ ਦੌਰਾਨ ਵੀ ਲੋਕ ਭਲਾਈ ਲਈ ਸੇਵਾਵਾਂ ਵਿਚ ਮੋਹਰੀ ਰਹਿੰਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਘਰਾਂ ਵਿਚ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਤਿਆਰ ਕੀਤੀਆਂ ਸਰਾਵਾਂ ਵਪਾਰਕ ਨਹੀਂ ਹਨ, ਇਸ ਲਈ ਇਸ ’ਤੇ ਕਿਸੇ ਕਿਸਮ ਦਾ ਟੈਕਸ ਸਰਕਾਰੀ ਸਰਾਸਰ ਧੱਕਾ ਹੈ।ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਨਾਲ ਸੰਬਧਿਤ ਤਿੰਨ ਸਰਾਵਾਂ ਬਾਬਾ ਦੀਪ ਸਿੰਘ ਯਾਤਰੀ ਨਿਵਾਸ, ਮਾਤਾ ਭਾਗ ਕੌਰ ਨਿਵਾਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਐੱਨ. ਆਰ. ਆਈ. ਨਿਵਾਸ 'ਤੇ 12 ਫ਼ੀਸਦੀ ਜੀ. ਐੱਸ. ਟੀ. ਲਗਾਇਆ ਹੈ। ਇਨ੍ਹਾਂ ਤਿੰਨਾਂ ਸਰਾਵਾਂ ਦਾ ਸੰਚਾਲਨ ਸ੍ਰੀ ਦਰਬਾਰ ਸਾਹਿਬ ਵਲੋਂ ਕੀਤਾ ਜਾਂਦਾ ਹੈ। ਪਤਾ ਲੱਗਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਯਾਤਰੀਆਂ ਕੋਲੋਂ ਲਏ ਜਾਂਦੇ ਕਮਰਿਆਂ ਦੇ ਕਿਰਾਏ ਦੇ ਨਾਲ-ਨਾਲ 12 ਫ਼ੀਸਦੀ ਜੀ. ਐੱਸ. ਟੀ. ਵਸੂਲਿਆ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਮੈਨੇਜਰ ਸਰਾਵਾਂ ਗੁਰਪ੍ਰੀਤ ਸਿੰਘ ਨੇ ਕੀਤੀ ਹੈ।ਜਾਣਕਾਰੀ ਮੁਤਾਬਕ ਬਾਬਾ ਦੀਪ ਸਿੰਘ ਨਿਵਾਸ ਵਿਖੇ ਯਾਤਰੀਆਂ ਕੋਲੋਂ ਪੰਜ ਸੋ ਰੁਪਏ ਪ੍ਰਤੀ ਕਮਰਾ ਕਿਰਾਇਆ ਲਿਆ ਜਾਂਦਾ ਹੈ ਜਿਸ ਦਾ ਕਿਰਾਇਆ ਹੁਣ ਜੀ. ਐੱਸ. ਟੀ. ਸਮੇਤ 560 ਰੁਪਏ ਪ੍ਰਤੀ ਕਮਰਾ ਹੋ ਗਿਆ ਹੈ। ਇਸੇ ਤਰ੍ਹਾਂ ਨਾਲ ਮਾਤਾ ਭਾਗ ਕੌਰ ਨਿਵਾਸ ਵਿਖੇ ਕਮਰੇ ਦਾ ਕਿਰਾਇਆ ਸਿਰਫ਼ 300 ਰੁਪਏ ਹੈ ਜੋ ਹੁਣ 336 ਰੁਪਏ ਹੋ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਐੱਨ. ਆਰ. ਆਈ. ਸਰਾਂ ਵਿਖੇ ਕਮਰੇ ਦਾ ਕਿਰਾਇਆ 700 ਰੁਪਏ ਪ੍ਰਤੀ ਕਮਰਾ ਹੈ ਜੋ ਹੁਣ ਵਧ ਕੇ 784 ਰੁਪਏ ਹੋ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਮੁਤਾਬਕ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨਾ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਕਦੀ ਸਰਕਾਰ ਕੋਲੋਂ ਕਿਸੇ ਤਰ੍ਹਾਂ ਦੀ ਸਹੂਲਤ ਦੀ ਮੰਗ ਨਹੀਂ ਕੀਤੀ ਪਰ ਧਾਰਮਿਕ ਯਾਤਰਾ 'ਤੇ ਆਏ ਸ਼ਰਧਾਲੂਆਂ ਦੀ ਰਿਹਾਇਸ਼ ਲਈ ਕਮਰੇ ਦੇ ਕਿਰਾਏ 'ਤੇ ਜੀ. ਐੱਸ. ਟੀ. ਲਾਗੂ ਕਰਨਾ ਆਪਣੇ ਆਪ ਵਿਚ ਜਜੀਆ ਟੈਕਸ ਹੈ। ਜਿਸ ਨੂੰ ਤੁਰੰਤ ਵਾਪਿਸ ਲਿਆ ਜਾਣਾ ਚਾਹੀਦਾ ਹੈ।               ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਸਮੂਹ ਤੋਂ ਬਾਹਰ ਸਥਿਤ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸਰਾਵਾਂ ’ਤੇ 12 ਫੀਸਦ ਜੀ. ਐੱਸ. ਟੀ. ਦੀ ਸ਼ਰਤ ਲਾਗੂ ਕਰਨ ਦੇ ਫ਼ੈਸਲੇ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿੰਦਾ ਕੀਤੀ ਹੈ।  ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਤੁਰੰਤ ਇਸ ਫ਼ੈਸਲੇ ਨੂੰ ਵਾਪਸ ਲੈਣ ਲਈ ਆਖਿਆ ਹੈ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਤੇ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਨੇ ਵਖ ਵਖ ਬਿਆਨਾਂ ਵਿਚ ਕਿਹਾ ਕਿ ਸੱਚਖੰਡ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ ਜੀ. ਐਸ. ਟੀ.   ਲਗਾਉਣਾ ਮੁਗ਼ਲਾਂ ਵਲੋਂ ਜਜ਼ੀਆ ਲਗਾਉਣ ਦੇ ਬਰਾਬਰ ਹੈ । ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਸਰਾਵਾਂ ਵਪਾਰਕ ਨਹੀਂ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਦੁਨੀਆ ਭਰ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ, ਜੋ ਕਿ ਇਨ੍ਹਾਂ ਸਰਾਵਾਂ ਵਿਚ ਹੀ ਠਹਿਰਦੇ ਹਨ, ਲਿਹਾਜ਼ਾ ਇਨ੍ਹਾਂ ਸਰਾਵਾਂ ਨੂੰ ਜੀ. ਐੱਸ. ਟੀ. ਦੇ ਘੇਰੇ ਵਿਚ ਲੈਣਾ ਕੇਂਦਰ ਸਰਕਾਰ ਦਾ ਗ਼ਲਤ ਫ਼ੈਸਲਾ ਹੈ

 ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਸਰਾਵਾਂ 'ਤੇ ਟੈਕਸ ਲਗਾਉਣ 'ਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ  ਕਿਹਾ  ਕਿ ਸਰਾਵਾਂ 'ਤੇ ਟੈਕਸ ਲਗਾਉਣ ਨਾਲ ਸਿੱਖ ਕੌਮ 'ਵਿਚ ਭਾਰੀ ਰੋਸ ਦੀ ਲਹਿਰ ਹੈ, ਇਸ ਲਈ ਕੇਂਦਰ ਸਰਕਾਰ ਨੂੰ ਤੁਰੰਤ ਆਪਣਾ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ।