ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੜ ਬਾਦਲਾਂ ਦੇ ਕਬਜ਼ੇ ‘ਚ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੜ ਬਾਦਲਾਂ ਦੇ ਕਬਜ਼ੇ ‘ਚ

ਵਿਰੋਧੀ ਧੜੇ ਦੀਆਂ ਆਸਾਂ ਉੱਤੇ ਪਾਣੀ ਫਿਰਿਆ, ਪਰਮਜੀਤ ਸਿੰਘ ਸਰਨਾ ਦੀ ਕਰਾਰੀ ਹਾਰ
ਪੰਥਕ ਧੜਿਆਂ ਨੂੰ ਨਾ ਮਿਲਿਆ ਹੁੰਗਾਰਾ
ਨਵੀਂ ਦਿੱਲੀ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਮੁੜ ਕਬਜ਼ਾ ਕਰਦਿਆਂ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਲੱਕ ਤੋੜਵੀਂ ਹਾਰ ਦਿੱਤੀ ਹੈ। ਅਕਾਲੀ ਦਲ (ਬਾਦਲ) ਦੇ ਮੋਹਰੀ ਆਗੂ ਤੇ ਦਿੱਲੀ ਗੁਰਦੁਆਰਾ ਕਮੇਟੀ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਆਪੋ ਅਪਣੇ ਹਲਕਿਆਂ ਤੋਂ ਜੇਤੂ ਰਹੇ ਜਦੋਂ ਕਿ ਪਰਮਜੀਤ ਸਿੰਘ ਸਰਨਾ ਅਪਣੇ ਕੱਟੜ ਵਿਰੋਧੀ ਸਿਰਸਾ ਦੇ ਹੱਥੋਂ ਚਿੱਤ ਹੋ ਗਏ। ਆਖ਼ਰੀ ਖ਼ਬਰ ਲਿਖੇ ਜਾਣ ਤਕ 30 ਸੀਟਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 26 ਸੀਟਾਂ ‘ਤੇ ਬਾਦਲ ਦਲ ਨੇ ਵੱਡੀ ਜਿੱਤ ਦਰਜ ਕੀਤੀ ਹੈ। ਜਦੋਂ ਕਿ ਸਰਨਾ ਧੜੇ ਦੀ ਪਾਰਟੀ ਸਿਰਫ 2 ਸੀਟ ਹੀ ਹਾਸਲ ਕਰ ਸਕੀ। ਉੱਥੇ ਹੀ 2 ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਵੀ ਆਪਣੀ ਦਰਜ ਜਿੱਤ ਕਰਾਈ, ਜਦੋਂ ਕਿ ਪੰਥਕ ਸੇਵਾ ਦਲ ਇਕ ਵੀ ਸੀਟ ਹਾਸਲ ਕਰਨ ਵਿਚ ਕਾਮਯਾਬ ਨਹੀਂ ਹੋ ਸਕਿਆ।  ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਸਰਪ੍ਰਸਤੀ ਵਾਲੀ ਅਕਾਲ ਸਹਾਇ ਵੈਲਫੇਅਰ ਐਸੋਸੀਏਸ਼ਨ ਵੀ ਇਨ੍ਹਾਂ ਚੋਣਾਂ ਵਿਚ ਪੂਰੀ ਤਰ੍ਹਾਂ ਸਰਗਰਮ ਸੀ।
ਵਰਨਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਲ 2013 ਵਿੱਚ ਹੋਈਆਂ ਚੋਣਾਂ ਵਿੱਚ ਅਕਾਲੀ ਦਲ (ਬਾਦਲ) ਸਰਨਾ ਧੜੇ ਨੂੰ ਲੱਕ ਤੋੜਵੀਂ ਹਾਰ ਦਿੰਦਿਆਂ 37 ਸੀਟਾਂ ਉੱਤੇ ਕਬਜ਼ਾ ਕੀਤਾ ਸੀ ਜਦੋਂ ਸਰਨਾ ਧੜੇ ਨੂੰ 8 ਸੀਟਾਂ ਮਿਲੀਆਂ ਅਤੇ ਇੱਕ ਸੀਟ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਹਿੱਸੇ ਆਈ ਸੀ।
ਚਾਰ ਸਾਲਾਂ ਦੇ ਵਕਫ਼ੇ ਬਾਅਦ ਹੋਈਆਂ ਇਨ੍ਹਾਂ ਚੋਣਾਂ ਵਿੱਚ ਪੰਜਾਬ ‘ਚ ਸੱਤਾਧਾਰੀ ਅਕਾਲੀ ਦਲ (ਬਾਦਲ) ਦੀ ਹਾਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸੰਭਾਵੀ ਹਾਰ ਦੇ ਮੱਦੇਨਜ਼ਰ ਦਿੱਲੀ ਗੁਰਦੁਆਰਾ ਚੋਣਾਂ ਉੱਤੇ ਵੀ ਅਸਰ ਪੈਣ ਦੇ ਆਸਾਰ ਸਨ। ਪਰ 46 ਮੈਂਬਰੀ ਕਮੇਟੀ ‘ਚ ਭਾਰੀ ਬਹੁਮਤ ਪ੍ਰਾਪਤ ਕਰਨ ਨੇ ਸਿਆਸੀ ਹਲਕਿਆਂ ਦੀਆਂ ਸਾਰੀਆਂ ਕਿਆਸਅਰਾਈਆਂ ਨੂੰ ਗਲਤ ਸਿੱਧ ਕਰ ਦਿੱਤਾ ਹੈ।
ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖ ਮਾਮਲਿਆਂ ‘ਚ ਅਕਾਲੀ ਦਲ (ਬਾਦਲ) ਦੀਆਂ ਪੰਥ ਵਿਰੋਧੀ ਕਾਰਵਾਈਆਂ, ਚੋਣਾਂ ਵਿੱਚ ਸਿਰਸੇ ਵਾਲੇ ਸਾਧ ਤੋਂ ਮਦਦ ਲੈਣ ਲਈ ਅਕਾਲੀ ਦਲ (ਬਾਦਲ) ਦੇ ਵਜ਼ੀਰਾਂ ਅਤੇ ਸੀਨੀਅਰ ਆਗੂਆਂ ਵਲੋਂ ਲੇਲੜੀਆਂ ਕੱਢਣ ਜਿਹੇ ਮਸਲਿਆਂ ਕਾਰਨ ਸਮਝਿਆ ਜਾ ਰਿਹਾ ਸੀ ਕਿ ਦਿੱਲੀ ਦੇ ਸਿੱਖ ਸਖ਼ਤ ਨਾਰਾਜ਼ ਹਨ। ਇਸ ਲਈ ਚੋਣ ਪ੍ਰਚਾਰ ਲਈ ਇਸ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਆਉਣ ਦੀ ਥਾਂ ਅਮਰੀਕਾ ਵਿੱਚ ਦੜ੍ਹ ਵੱਟੀ ਰੱਖੀ। ਇਸ ਤੋਂ ਇਲਾਵਾ ਪੰਜਾਬ ਤੋਂ ਹੋਰ ਕੋਈ ਵੀ ਸੀਨੀਅਰ ਆਗੂ ਜਾਂ ਪੰਜਾਬ ਦਾ ਮੰਤਰੀ ਚੋਣਾਂ ਵਿੱਚ ਪ੍ਰਚਾਰ ਕਰਦਾ ਨਜ਼ਰ ਨਹੀਂ ਆਇਆ। ਜਦੋਂ ਕਿ ਪਿਛਲੀਆਂ ਚੋਣਾਂ ਵਿੱਚ ਵੱਡੇ- ਛੋਟੇ ਬਾਦਲ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ, ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਚੋਣ ਪ੍ਰਚਾਰ ਲਈ ਊਰੀ ਵਾਂਗ ਘੁਕਦੇ ਫਿਰਦੇ ਸਨ। ਮਾਝੇ ਦਾ ਜਰਨੈਲ ਬਿਕਰਮ ਸਿੰਘ ਮਜੀਠੀਆ ਦਿੱਲੀ ਚੋਣਾਂ ਦਾ ਮੁੱਖ ਜਰਨੈਲ ਸੀ।
ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਦੀਆਂ 46 ਸੀਟਾਂ ਲਈ 26 ਫਰਵਰੀ ਨੂੰ ਵੋਟਾਂ ਪਈਆਂ ਸਨ। ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸ਼੍ਰੋਮਣੀ ਅਕਾਲੀ ਦਲ (ਸਰਨਾ) ਵਿਚਾਲੇ ਸੀ ਪਰ ਪੰਥਕ ਸੇਵਾ ਦਲ, ਆਮ ਅਕਾਲੀ ਦਲ ਤੇ ਅਕਾਲ ਸਹਾਏ ਵੈੱਲਫੇਅਰ ਸੁਸਾਇਟੀ ਦੇ ਉਮੀਦਵਾਰ ਵੀ ਮੈਦਾਨ ਵਿਚ ਸਨ। ਅਕਾਲੀ ਦਲ ਦਿੱਲੀ ਤੇ ਸਰਨਾ ਦਲ ਨੇ ਸਾਰੀਆਂ ਸੀਟਾਂ ‘ਤੇ ਉਮੀਦਵਾਰ ਐਲਾਨੇ ਸਨ ਪਰ ਪੰਥਕ ਸੇਵਾ ਦਲ ਨੇ 38, ਅਕਾਲ ਸਹਾਏ ਨੇ 11 ਅਤੇ ਆਮ ਅਕਾਲੀ ਦਲ ਨੇ 9 ਸੀਟਾਂ ‘ਤੇ ਉਮੀਦਵਾਰ ਉਤਾਰੇ ਸਨ। ਇਨ੍ਹਾਂ ਤੋਂ ਇਲਾਵਾ ਆਜ਼ਾਦ ਅਤੇ ਗੈਰ ਰਜਿਸਟਰਡ ਪਾਰਟੀਆਂ ਦੇ ਉਮੀਦਵਾਰ ਵੀ ਮੈਦਾਨ ਵਿਚ ਸਨ। ਇਸ ਤਰ੍ਹਾਂ ਕੁੱਲ 334 ਉਮੀਦਵਾਰ ਮੈਦਾਨ ਵਿਚ ਸਨ।
ਸ਼੍ਰੋਮਣੀ ਅਕਾਲੀ ਦਲ (ਬਾਦਲ)  ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਗ੍ਰੇਟਰ ਕੈਲਾਸ਼ ਤੋਂ ਚੋਣ ਜਿੱਤ ਗਏ ਹਨ। ਵਾਰਡ ਨੰਬਰ 22 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜੀਤ ਸਿੰਘ, ਜਨਕ ਪੁਰੀ ਦੇ ਵਾਰਡ ਨੰਬਰ 32 ਤੋਂ ਕੁਲਤਾਰਨ ਸਿੰਘ, ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਸ਼ੰਟੀ, ਸੰਤਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਮਨ ਸਿੰਘ, ਆਜ਼ਾਦ ਉਮੀਦਵਾਰ ਤਰਵਿੰਦਰ ਸਿੰਘ ਮਰਵਾਹ 1250 ਵੋਟਾਂ ਨਾਲ, ਵਾਰਡ ਨੰਬਰ 24 ਤੋਂ ਸ਼੍ਰੋਮਣੀ ਅਕਾਲੀ ਉਮੀਦਵਾਰ ਗੁਰਮੀਤ ਸਿੰਘ 770 ਵੋਟਾਂ ਨਾਲ ਚੋਣ ਜਿੱਤ ਗਏ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਔਲਖ, ਸ਼੍ਰੋਮਣੀ ਅਕਾਲੀ ਦਲ (ਬ) ਦੇ ਭੁਪਿੰਦਰ ਸਿੰਘ ਭੁੱਲਰ ਵਾਰਡ ਨੰਬਰ 46 ਪਰੀਤ ਵਿਹਾਰ, ਤਿਲਕ ਨਗਰ ਤੋਂ ਆਤਮ ਸਿੰਘ ਲੁਬਾਨਾ, ਗੀਤਾ ਕਲੋਨੀ ਵਾਰਡ ਨੰਬਰ-44 ਵਿਚ ਹਰਿੰਦਰ ਪਾਲ ਸਿੰਘ ਜਿੱਤ ਗਏ ਹਨ। ਸਰਿਤਾ ਵਿਹਾਰ ਵਾਰਡ ਨੰਬਰ-34 ਤੋਂ ਪਹਿਲੀ ਵਾਰ ਚੋਣ ਲੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਮਨਜੀਤ ਸਿੰਘ ਜੀ. ਕੇ. ਦੇ ਭਰਾ ਹਰਜੀਤ ਸਿੰਘ ਜੀ.ਕੇ. ਚੋਣ ਜਿੱਤ ਗਏ ਹਨ।  ਵਾਰਡ ਨੰਬਰ-29 ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਜਗਦੀਪ ਸਿੰਘ ਕਾਹਲੋਂ ਜਿੱਤੇ। ਵਾਰਡ ਨੰਬਰ-33 ਸ਼ਿਵ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਂਕਾਰ ਸਿੰਘ ਥਾਪਰ, ਵਾਰਡ ਨੰਬਰ-25 ਤਿਲਕ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਦਲਜੀਤ ਸਿੰਘ, ਵਾਰਡ ਨੰਬਰ-41 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੁਲਵੰਤ ਸਿੰਘ ਬਾਠ ਜਿੱਤ ਗਏ ਹਨ। ਵਾਰਡ ਨੰਬਰ 24 ਰਵੀ ਨਗਰ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਨੇ ਕੇਬਲ ਆਪਰੇਟਰ ਮੌਟੂੰਸ਼ਾਹ ਨੂੰ ਪਛਾੜਿਆ। ਕਨਾਟ ਪੈਲੇਸ ਵਾਰਡ ਨੰਬਰ 14 ਤੋਂ ਅਕਾਲੀ ਦਲ ਦੇ ਉਮੀਦਵਾਰ ਅਮਰਜੀਤ ਸਿੰਘ ਪਿੰਕੀ 170 ਵੋਟਾਂ ਦੇ ਫਰਕ ਨਾਲ ਜਿੱਤੇ। ਵਾਰਡ ਨੰਬਰ ਤਿੰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਸਿੰਘ ਜੱਸੀ ਜਿੱਤੇ। ਸ਼੍ਰੋਮਣੀ ਅਕਾਲੀ ਦਲ ਦੇ ਉਂਕਾਰ ਰਾਜਾ ਮਾਲਵੀਆ ਨਗਰ ਤੋਂ, ਵਾਰਡ ਨੰਬਰ-20 ਫਤਿਹ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਰਜੀਤ ਸਿੰਘ, ਵਾਰਡ ਨੰਬਰ-43 ਵਿਵੇਕ ਵਿਹਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਸਮੇਲ ਸਿੰਘ ਨੌਨੀ, ਵਾਰਡ ਨੰਬਰ-13 ਰਾਜਿੰਦਰ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਚੰਡੋਕ, ਵਾਰਡ ਨੰਬਰ-11 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਿਸ਼ਾਨ ਸਿੰਘ, ਰੋਹਣੀ ਤੋਂ ਅਕਾਲੀ ਦਲ ਦੇ ਵਿਕਰਮ ਸਿੰਘ, ਦੇਵ ਨਗਰ ਤੋਂ ਪਰਮਜੀਤ ਸਿੰਘ ਰਾਣਾ ਜੇਤੂ ਰਹੇ।
ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਦਾ ਜਨਰਲ ਹਾਊਸ 55 ਮੈਂਬਰਾਂ ਦਾ ਹੁੰਦਾ ਹੈ। ਇਸ ਵਿਚ 46 ਉਮੀਦਵਾਰਾਂ ਨੂੰ ਦਿੱਲੀ ਦੇ ਸਿੱਖ ਵੋਟਰ ਵੋਟ ਪਾ ਕੇ ਚੁਣਦੇ ਹਨ ਜਦੋਂ ਕਿ 9 ਉਮੀਦਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਦਿੱਲੀ ਦੀਆਂ ਸਿੰਘ ਸਭਾਵਾਂ ਵੱਲੋਂ 46 ਉਮੀਦਵਾਰ ਮਿਲ ਕੇ ਚੁਣਦੇ ਹਨ। ਇਸ ਵਾਰ ਸਾਰੀਆਂ ਸੀਟਾਂ ਨੂੰ ਮਿਲਾ ਕੇ ਕੁਲ 45.76 ਫੀਸਦੀ ਵੋਟਾਂ ਪਈਆਂ ਸਨ। ਹਾਲਾਂਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਸਾਲ ਦੀ ਵੋਟਿੰਗ ਜ਼ਿਆਦਾ ਰਹੀ। ਸਾਲ 2013 ਵਿਚ ਹੋਈਆਂ ਚੋਣਾਂ ਵਿਚ ਕਰੀਬ 42.4 ਫੀਸਦੀ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਵਿਚ ਵੋਟ ਪਾਉਣ ਵਿਚ ਔਰਤਾਂ ਨੇ ਮਰਦਾਂ ਨੂੰ ਪਛਾੜ ਦਿੱਤਾ ਜਦ ਕਿ ਡੀ. ਐੱਸ. ਜੀ. ਐੱਮ. ਸੀ. ਵਿਚ 100 ਫੀਸਦੀ ਮਰਦਾਂ ਦਾ ਹੀ ਗਲਬਾ ਹੈ। ਜਾਣਕਾਰੀ ਮੁਤਾਬਕ ਕਰੀਬ 45.92 ਫੀਸਦੀ ਔਰਤਾਂ ਹੀ ਵੋਟ ਪਾਉਣ ਲਈ ਘਰ ਤੋਂ ਨਿਕਲੀਆਂ, ਜਦ ਕਿ ਮਰਦ 45.6 ਫੀਸਦੀ ਹੀ ਵੋਟ ਪਾਉਣ ਪਹੁੰਚੇ। 46 ਸੀਟਾਂ ‘ਤੇ ਹੋਈਆਂ ਚੋਣਾਂ ਲਈ ਕੁਲ 3,80,755 ਵੋਟਰ ਹਨ ਪਰ ਕੁਲ 1,75,523 ਵੋਟਾਂ ਪਈਆਂ ਸਨ।