ਮਹਿਲਾ ਫੁਟਬਾਲਰ ਓਈਨਾਮ ਬੇਮਬੇਮ ਨੇ ਪੁਰਸ਼ ਫੁਟਬਾਲਰਾਂ ਨੂੰ ਹੀ ਤਵੱਜੋ ਦੇਣ ’ਤੇ ਕੀਤਾ ਇਤਰਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਵੱਲੋਂ ਸਭ ਤੋਂ ਵੱਧ ਮੈਚ ਖੇਡਣ ਵਾਲੀ ਮਹਿਲਾ ਫੁਟਬਾਲਰ ਓਈਨਾਮ ਬੇਮਬੇਮ ਦੇਵੀ ਨੂੰ ਤਿੰਨ ਵਾਰ ਅਰਜੁਨ ਪੁਰਸਕਾਰ ਲਈ ਨਜ਼ਰਅੰਦਾਜ਼ ਕੀਤੇ ਜਾਣ ਮਗਰੋਂ ਲਗਦਾ ਹੈ ਕਿ ਜਦੋਂ ਪੁਰਸਕਾਰਾਂ ਦੀ ਗੱਲ ਆਉਂਦੀ ਹੈ ਤਾ ਪੁਰਸ਼ ਫੁਟਬਾਲਰਾਂ ਨੂੰ ਫੀਫਾ ਰੈਂਕਿੰਗ ਵਿਚ ਕਾਫੀ ਪਿੱਛੇ ਹੋਣ ਬਾਵਜੂਦ ਵੱਧ ਤਵੱਜੋ ਦਿੱਤੀ ਜਾਂਦੀ ਹੈ।
ਪਿਛਲੇ ਸਾਲ ਕੌਮਾਂਤਰੀ ਫੁਟਬਾਲ ਤੋਂ ਸੰਨਿਆਸ ਲੈਣ ਵਾਲੀ ਸਾਬਕਾ ਭਾਰਤੀ ਕਪਤਾਨ ਬੇਮਬੇਮ ਨੇ ਭਾਰਤ ਵੱਲੋਂ ਦੋ ਦਹਾਕੇ ਤੱਕ 85 ਕੌਮਾਂਤਰੀ ਮੈਚ ਖੇਡੇ ਹਨ। ਉਸ ਨੇ ਸਾਲ 2014 ਤੋਂ 2016 ਤੱਕ ਤਿੰਨ ਵਾਰੀ ਅਰਜੁਨ ਪੁਰਸਕਾਰ ਲਈ ਅਰਜ਼ੀ ਦਿੱਤੀ, ਪਰ ਹਰ ਵਾਰੀ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਬੇਮਬੇਮ ਨੇ 1995 ਵਿਚ 15 ਸਾਲ ਦੀ ਉਮਰ ਵਿੱਚ ਪਹਿਲਾ ਕੌਮਾਂਤਰੀ ਫੁਟਬਾਲ ਮੈਚ ਖੇਡਿਆ ਸੀ ਅਤੇ ਪਿਛਲੇ ਸਾਲ ਸ਼ਿਲਾਂਗ ਵਿਚ ਦੱਖਣੀ ਏਸ਼ਿਆਈ ਖੇਡਾਂ ਵਿਚ ਟੀਮ ਨੂੰ ਸੋਨ ਤਗ਼ਮਾ ਦਿਵਾਉਣ ਮਗਰੋਂ ਸੰਨਿਆਸ ਲੈ ਲਿਆ। ਉਸ ਨੇ ਕਿਹਾ ਕਿ ਸਰਕਾਰ ਤੋਂ ਜਦੋਂ ਸਨਮਾਨ ਮਿਲਣ ਦੀ ਗੱਲ ਆਉਂਦੀ ਹੈ ਤਾਂ ਮਹਿਲਾ ਫੁਟਬਾਲਰਾਂ ਨੂੰ ਪੁਰਸ਼ ਖਿਡਾਰੀਆਂ ਦੇ ਬਰਾਬਰ ਤਵੱਜੋ ਨਹੀਂ ਦਿੱਤੀ ਜਾਂਦੀ।
ਉਸ ਨੇ ਦੱਸਿਆ ਕਿ ਉਸ ਨੇ 2014 ਤੋਂ ਤਿੰਨ ਵਾਰੀ ਅਰਜੁਨ ਐਵਾਰਡ ਲਈ ਅਰਜ਼ੀ ਦਿੱਤੀ, ਪਰ ਹਰ ਵਾਰ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਅਜੇ ਤੱਕ ਸਿਰਫ਼ ਪੁਰਸ਼ ਫੁਟਬਾਲਰਾਂ ਨੂੰ ਹੀ ਅਰਜੁਨ ਐਵਾਰਡ ਦਿੱਤਾ ਗਿਆ ਹੈ। ਮਹਿਲਾ ਫੁਟਬਾਲਰਾਂ ਨੂੰ ਅਰਜੁਨ ਐਵਾਰਡ ਦੇ ਲਾਇਕ ਨਹੀਂ ਸਮਝਿਆ ਜਾਂਦਾ। ਉਸ ਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਹੈ। ਉਸ ਨੇ ਕਿਹਾ ਕਿ ਮਹਿਲਾ ਫੁਟਬਾਲਰਾਂ ਨੂੰ ਵੀ ਪੁਰਸ਼ ਫੁਟਬਾਰਾਾਂ ਦੇ ਬਰਾਬਰ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਪਿਛਲੇ ਸਾਲ ਸੁਬ੍ਰਤ ਪਾਲ ਨੂੰ ਅਰਜੁਨ ਐਵਾਰਡ ਦਿੱਤਾ ਗਿਆ ਸੀ। ਉਸ ਨੇ 2007 ਤੋਂ ਪੁਰਸ਼ ਟੀਮ ਦੇ ਗੋਲਕੀਪਰ ਵਜੋਂ 64 ਕੌਮਾਂਤਰੀ ਮੈਚ ਖੇਡੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਜਿਨ੍ਹਾਂ 24 ਫੁਟਬਾਲ ਖਿਡਾਰੀਆਂ ਨੂੰ ਇਹ ਪੁਰਸਕਾਰ ਮਿਲਿਆ ਹੈ, ਉਨ੍ਹਾਂ ਵਿਚੋਂ 23 ਪੁਰਸ਼ ਖਿਡਾਰੀ ਹਨ। ਹੁਣ ਤੱਕ ਸਿਰਫ਼ ਇੱਕ ਮਹਿਲਾ ਫੁਟਬਾਲਰ ਸਾਬਕਾ ਮਹਿਲਾ ਕਪਤਾਨ ਸ਼ਾਂਤੀ ਮਲਿਕ ਹੈ, ਜਿਸ ਨੂੰ 1983 ਵਿੱਚ ਇਹ ਪੁਰਸਕਾਰ ਮਿਲਿਆ ਸੀ। ਪਿਛਲੇ ਦੋ ਦਹਾਕਿਆਂ ਵਿਚ ਸੱਤ ਭਾਰਤੀ ਫੁਟਬਾਲਰਾਂ ਨੂੰ ਅਰਜੁਨ ਐਵਾਰਡ ਮਿਲਿਆ ਹੈ ਅਤੇ ਇਹ ਸਾਰੇ ਪੁਰਸ਼ ਖਿਡਾਰੀ ਹਨ। ਇਨ੍ਹਾਂ ਵਿੱਚ ਆਈਐਮ ਵਿਜਯਨ, ਬਾਈਚੁੰਗ ਭੂਟੀਆ ਤੇ ਸੁਨੀਲ ਛੇਤਰੀ ਵਰਗੇ ਖਿਡਾਰੀ ਸ਼ਾਮਲ ਹਨ।
ਬੇਮਬੇਮ ਦੀ ਮੌਜੂਦਗੀ ਵਿੱਚ ਭਾਰਤੀ ਮਹਿਲਾ ਟੀਮ ਨੇ ਦੋ ਵਾਰ ਸੈਫ ਚੈਂਪੀਅਨਸ਼ਿਪ, ਦੋ ਵਾਰੀ ਦੱਖਣੀ ਏਸ਼ਿਆਈ ਖੇਡ ਵਿਚ ਖ਼ਿਤਾਬ ਜਿੱਤੇ ਹਨ। ਉਹ ਏਸ਼ਿਆਈ ਖੇਡਾਂ, ਓਲੰਪਿਕਸ ਅਤੇ ਏਐਫਸੀ ਏਸ਼ਿਆਈ ਕੱਪ ਕੁਆਲੀਫਾਇਰਜ਼ ਵਰਗੇ ਕੌਮਾਂਤਰੀ ਮੁਕਾਬਲਿਆਂ ਵਿਚ ਭਾਰਤੀ ਟੀਮ ਦਾ ਹਿੱਸਾ ਰਹੀ ਹੈ। ਉਸ ਨੇ 2003 ਤੋਂ ਛੇ ਮੈਚਾਂ ਵਿਚ ਟੀਮ ਦੀ ਕਪਤਾਨੀ ਵੀ ਕੀਤੀ। ਉਹ 2014 ਵਿਚ ਮਾਲਦੀਵ ਮਹਿਲਾ ਲੀਗ ਵਿਚ ਵੀ ਖੇਡ ਚੁੱਕੀ ਹੈ। ਬੇਮਬੇਮ ਨੇ ਕਿਹਾ, ‘ਅਸੀਂ (ਮਹਿਲਾ ਫੁਟਬਾਲਰ) ਨੇ ਸੈਫ ਚੈਂਪੀਅਨਸ਼ਿਪ, ਦੱਖਣੀ ਏਸ਼ਿਆਈ ਖੇਡਾਂ ਵਿਚ ਜਿੱਤ ਦਰਜ ਕੀਤੀ।
ਅਸੀਂ ਏਸ਼ਿਆਈ ਖੇਡਾਂ ਤੇ ਵਿਸ਼ਵ ਕੱਪ, ਓਲੰਪਿਕਸ ਅਤੇ ਏਐਫਸੀ ਏਸ਼ਿਆਈ ਕੱਪ ਦੇ ਕੁਆਲੀਫਾਈਂਗ ਟੂਰਨਾਮੈਂਟ ਵਿਚ ਖੇਡ ਅਤੇ ਸਾਡੀ ਰੈਂਕਿੰਗ ਪੁਰਸ਼ ਟੀਮ ਤੋਂ ਬਿਹਰਤ ਹੈ, ਪਰ ਅਰਜੁਨ ਪੁਰਸਕਾਰ ਸਿਰਫ਼ ਪੁਰਸ਼ ਫੁਟਬਾਲਰਾਂ ਨੂੰ ਹੀ ਕਿਉਂ ਦਿੱਤਾ ਜਾਂਦਾ ਹੈ, ਮਹਿਲਾ ਫੁਟਬਾਲਰਾਂ ਨੂੰ ਕਿਉਂ ਨਹੀਂ।’ ਭਾਰਤੀ ਪੁਰਸ਼ ਟੀਮ ਮੌਜੂਦਾ ਸਮੇਂ ਫੀਫਾ ਰੈਂਕਿੰਗ ਵਿਚ 129ਵੇਂ ਜਦਕਿ ਮਹਿਲਾ ਟੀਮ 54ਵੇਂ ਸਥਾਨ ’ਤੇ ਹੈ।
Comments (0)