ਭਾਰਤ ਤੇ ਇਜ਼ਰਾਇਲ ਵਲੋਂ ਆਪਸੀ ਸਬੰਧ ਹੋਰ ਮਜਬੂਤ ਕਰਨ ਦਾ ਅਹਿਦ

ਭਾਰਤ ਤੇ ਇਜ਼ਰਾਇਲ ਵਲੋਂ ਆਪਸੀ ਸਬੰਧ ਹੋਰ ਮਜਬੂਤ ਕਰਨ ਦਾ ਅਹਿਦ

ਨਵੀਂ ਦਿੱਲੀ/ਬਿਊਰੋ ਨਿਊਜ਼:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਦੇ ਸਵਾਗਤ ਲਈ ਪ੍ਰੋਟੋਕੋਲ (ਸ਼ਿਸ਼ਟਾਚਾਰ) ਤੋੜਦਿਆਂ ਉਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ ਪਹੁੰਚ ਗਏ। ਜਿਵੇਂ ਹੀ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸੇਰਾ ਨੇ ਲਾਲ ਕਾਲੀਨ ‘ਤੇ ਪੈਰ ਧਰਿਆ ਤਾਂ ਮੁਸਕਰਾ ਰਹੇ ਮੋਦੀ ਨੇ ਇਜ਼ਰਾਇਲੀ ਆਗੂ ਨੂੰ ਜੱਫੀ ਪਾ ਲਈ ਅਤੇ ਫਿਰ ਜੋੜੇ ਨਾਲ ਹੱਥ ਮਿਲਾਇਆ। ਨੇਤਨਯਾਹੂ ਦੇ ਹਵਾਲੇ ਨਾਲ ‘ਯੋਰੋਸ਼ਲਮ ਪੋਸਟ’ ਨੇ ਲਿਖਿਆ ‘ਮੋਦੀ ਦੀ ਗਰਮਜੋਸ਼ੀ ਦੀ ਪ੍ਰਸ਼ੰਸਾ।’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਸ੍ਰੀ ਮੋਦੀ ਨੇ ਪ੍ਰੋਟੋਕੋਲ ਤੋਂ ਕਿਨਾਰਾ ਕਰਦਿਆਂ ਨੇਤਨਯਾਗੂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਦੌਰਾ ਭਾਰਤ ਅਤੇ ਇਜ਼ਰਾਈਲ ਦਰਮਿਆਨ ਰਸਮੀ ਰਿਸ਼ਤਿਆਂ ਦੀ ਸ਼ੁਰੂਆਤ ਦਾ ਸਿਲਵਰ ਜੁਬਲੀ ਵਰ੍ਹਾ ਹੈ। ਇਜ਼ਰਾਈਲ ਦੇ ਤਤਕਾਲੀ ਪ੍ਰਧਾਨ ਮੰਤਰੀ ਏਰੀਅਲ ਸ਼ੇਰੋਨ ਦੇ 2003 ਦੇ ਦੌਰੇ ਮਗਰੋਂ ਇਹ ਕਿਸੇ ਇਜ਼ਰਾਇਲੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ। ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ, ”ਮੇਰੇ ਦੋਸਤ, ਭਾਰਤ ‘ਚ ਤੁਹਾਡਾ ਸਵਾਗਤ ਹੈ। ਤੁਹਾਡਾ ਭਾਰਤ ਦੌਰਾ ਇਤਿਹਾਸਕ ਅਤੇ ਖਾਸ ਹੈ। ਦੌਰੇ ਨਾਲ ਦੋਵੇਂ ਮੁਲਕਾਂ ਵਿਚਕਾਰ ਰਿਸ਼ਤੇ ਹੋਰ ਮਜ਼ਬੂਤ ਹੋਣਗੇ।” ਜਹਾਜ਼ ‘ਚ ਚੜ੍ਹਨ ਤੋਂ ਪਹਿਲਾਂ ਨੇਤਨਯਾਹੂ ਨੇ ਕਿਹਾ ਸੀ, ”ਅਸੀਂ ਇਜ਼ਰਾਈਲ ਅਤੇ ਅਹਿਮ ਆਲਮੀ ਤਾਕਤ ਨਾਲ ਰਿਸ਼ਤੇ ਮਜ਼ਬੂਤ ਕਰ ਰਹੇ ਹਾਂ। ਇਸ ਨਾਲ ਸਾਨੂੰ ਸੁਰੱਖਿਆ, ਅਰਥਚਾਰੇ, ਵਪਾਰ, ਸੈਰ ਸਪਾਟੇ ਅਤੇ ਹੋਰ ਕਈ ਮੁੱਦਿਆਂ ‘ਤੇ ਸਹਾਇਤਾ ਮਿਲੇਗੀ। ਇਜ਼ਰਾਈਲ ਲਈ ਇਹ ਬੜੇ ਮਾਣ ਵਾਲੀ ਗੱਲ ਹੈ।” ਨੇਤਨਯਾਹੂ ਅਤੇ ਮੋਦੀ ਵੱਲੋਂ ਦੁਵੱਲੇ ਸਬੰਧਾਂ ਅਤੇ ਆਲਮੀ ਹਾਲਾਤ ਸਮੇਤ ਹੋਰ ਵਿਸ਼ਿਆਂ ‘ਤੇ ਵੀ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ। ਇਜ਼ਰਾਇਲੀ ਆਗੂ ਨਾਲ ਦਰਜਨਾਂ ਕਾਰੋਬਾਰੀ ਵੀ ਆਏ ਹਨ ਅਤੇ ਉਹ ਗੁਜਰਾਤ ਦੇ ਵਦਰਾਡ ‘ਚ ਖੇਤੀਬਾੜੀ ਐਕਸੀਲੈਂਸੀ ਸੈਂਟਰ ਦਾ ਦੌਰਾ ਵੀ ਕਰਨਗੇ। ਉਹ ਆਗਰਾ ‘ਚ ਤਾਜ ਮਹੱਲ ਦੇਖਣ ਦੇ ਨਾਲ ਮੁੰਬਈ ਵੀ ਜਾਣਗੇ।
ਤੀਨ ਮੂਰਤੀ ਚੌਕ ਦਾ ਨਾਮ ਹਾਇਫਾ ਚੌਕ ਹੋਇਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਦੀ ਹਾਜ਼ਰੀ ‘ਚ ਐਤਵਾਰ ਨੂੰ ਹੋਏ ਸਮਾਗਮ ਦੌਰਾਨ ਤੀਨ ਮੂਰਤੀ ਚੌਕ ਦਾ ਨਾਮ ਬਦਲ ਕੇ ਤੀਨ ਮੂਰਤੀ-ਹਾਇਫਾ ਚੌਕ ਰੱਖ ਦਿੱਤਾ ਗਿਆ। ਦੋਵੇਂ ਆਗੂਆਂ ਨੇ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਥੇ ਰੱਖੀ ਵਿਜ਼ਟਰ ਬੁੱਕ ਚ ਦਸਤਖ਼ਤ ਵੀ ਕੀਤੇ।
ਨਾਰੀਮਨ ਹਾਊਸ ਨੂੰ ਯਾਦਗਾਰ ਬਣਾਇਆ ਜਾਵੇਗਾ: ਮੁੰਬਈ ‘ਚ 26/11 ਦੇ ਦਹਿਸ਼ਤੀ ਹਮਲੇ ਦਾ ਸ਼ਿਕਾਰ ਬਣੇ ਨਾਰੀਮਨ ਹਾਊਸ ਨੂੰ ਯਾਦਗਾਰ ਵਜੋਂ ਤਬਦੀਲ ਕੀਤਾ ਜਾ ਰਿਹਾ ਹੈ ਜੋ ਉਥੇ ਮਾਰੇ ਗਏ ਲੋਕਾਂ ਨੂੰ ਸਮਰਪਿਤ ਹੋਵੇਗੀ। ਇਸ ਦਾ ਰਸਮੀ ਐਲਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਮੁੰਬਈ ਦੌਰੇ ਮੌਕੇ ਕੀਤਾ ਜਾਵੇਗਾ। ਬਾਅਦ ਵਿੱਚ ਸ੍ਰੀ ਮੋਦੀ ਨੇ ਸ੍ਰੀ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸੇਰਾ ਨੂੰ ਆਪਣੀ ਰਿਹਾਇਸ਼ ਵਿਖੇ ਰਾਤਰੀ ਭੋਜ ਦਿੱਤਾ।

ਮੋਸ਼ੇ 9 ਸਾਲ ਮਗਰੋਂ ਕਰੇਗਾ ਨਰੀਮਨ ਹਾਊਸ ਦਾ ਦੌਰਾ
ਮੁੰਬਈ: ਨਾਰੀਮਨ ਹਾਊਸ ‘ਤੇ 26/11 ਦੇ ਦਹਿਸ਼ਤੀ ਹਮਲੇ ਦੌਰਾਨ ਆਪਣੇ ਮਾਪਿਆਂ ਰਾਬੀ ਗੈਵਰੀਅਲ ਹੋਲਟਜ਼ਬਰਗ ਅਤੇ ਰਿਵਿਕਾ ਨੂੰ ਗੁਆਉਣ ਵਾਲਾ ਮੋਸ਼ੇ ਹੋਲਟਜ਼ਬਰਗ 9 ਸਾਲਾਂ ਮਗਰੋਂ ਮੰਗਲਵਾਰ ਨੂੰ ਉਥੋਂ ਦਾ ਦੌਰਾ ਕਰੇਗਾ। ਦਹਿਸ਼ਤੀ ਹਮਲੇ ਵੇਲੇ ਮੋਸ਼ੇ ਦੋ ਵਰ੍ਹਿਆਂ ਦਾ ਸੀ। ਯਹੂਦੀ ਜੋੜਾ ਨਾਰੀਮਨ ਹਾਊਸ ‘ਚ ਸੱਭਿਆਚਾਰਕ ਅਤੇ ਛਾਬਾਡ-ਲੁਬਾਵਿਚ ਅੰਦੋਲਨ ਦਾ ਸੈਂਟਰ ਚਲਾਉਂਦੇ ਸਨ।