ਆਜ਼ਾਦੀ ਦਿਵਸ ਮੌਕੇ ਪੰਜਾਬ ਦੀ ਵੰਡ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜ਼ਲੀ

ਆਜ਼ਾਦੀ ਦਿਵਸ ਮੌਕੇ ਪੰਜਾਬ ਦੀ ਵੰਡ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜ਼ਲੀ

ਪੰਜਾਬ ਵੰਡ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜ਼ਲੀ ਦਿੱਤੇ ਜਾਣ ਦਾ ਦ੍ਰਿਸ਼।

ਚਮਕੌਰ ਸਾਹਿਬ/ਬਿਊਰੋ ਨਿਊਜ਼ :

ਜਦੋਂ ਸਾਰਾ ਭਾਰਤ ਦੇਸ਼ ਆਜ਼ਾਦੀ ਦੇ ਜਸ਼ਨਾਂ ਵਿਚ ਡੁੱਬਿਆ ਸੀ ਤਾਂ ਪੰਜਾਬ ਆਪਣੀ ਵੰਡ ਤੇ ਕਤਲੋਗਾਰਤ ਦਾ ਦਰਦ ਹੰਢਾ ਰਿਹਾ ਸੀ। ਪੰਜਾਬੀ ਸਮਾਜ ਦੀ ਇਸ ਇਤਿਹਾਸਕ ਪੀੜ ਨੂੰ ਸ਼ਿੱਦਤ ਨਾਲ ਮਹਿਸੂਸ ਕਰਨ ਵਾਲੇ ਲੋਕਾਂ ਨੇ ਇੱਥੇ ਆਦਰਸ਼ ਭਵਨ ਵਿਚ ਭਾਰਤ-ਪਾਕਿਸਤਾਨ ਵੰਡ ਸਮੇਂ ਫਿਰਕੂ ਦੰਗਿਆਂ ਦੌਰਾਨ ਮਾਰੇ ਗਏ ਲੋਕਾਂ ਨੂੰ ਦੀਪ ਜਗਾ ਕੇ ਸ਼ਰਧਾਂਜ਼ਲੀ ਭੇਟ ਕੀਤੀ। ਵੰਡ ਦੌਰਾਨ ਦੰਗਈਆਂ ਕੋਲੋਂ ਬਚ ਕੇ ਪੰਜਾਬ ਪਰਤੇ ਅਦਬੀ ਸਾਹਿਤਕਾਰ ਬਜ਼ੁਰਗ ਸੁਰਜੀਤ ਸਿੰਘ ਸੁਰਜੀਤ (85 ਸਾਲ) ਨੇ ਉਸ ਸਮੇਂ ਅੱਖੀਂ ਵੇਖੀ ਮਾਰ-ਧਾੜ ਦੇ ਭਾਵੁਕ ਬਿਰਤਾਂਤ ਸੁਣਾਏ। ਉਨ੍ਹਾਂ ਦੱਸਿਆ ਕਿ ਉਹ ਅਜਿਹਾ ਸਮਾਂ ਸੀ ਜਦੋਂ ਬੰਦਾ-ਬੰਦੇ ਦਾ ਵੈਰੀ ਬਣ ਗਿਆ ਸੀ ਤੇ ਆਲਾ-ਦੁਆਲਾ ਨਰਕ ਬਣ ਚੁੱਕਾ ਸੀ। ਉਨ੍ਹਾਂ ਚਾਹਿਆ ਕਿ ਦੁਨੀਆ ਵਿਚ ਕਿਸੇ ਨੂੰ ਅਜਿਹੀ ਪੀੜ ਵੇਖਣੀ ਅਤੇ ਹੰਢਾਉਣੀ ਨਾ ਪਏ।
ਚਿੰਤਕ ਸਵਰਨ ਸਿੰਘ ਭੰਗੂ ਨੇ ਪਾਕਿਸਤਾਨ ਦੇ ਸ਼ਹਿਰ ‘ਕਹੂਟਾ’ ਦੀ ਉਸ ਘਟਨਾ ਦਾ ਜ਼ਿਕਰ ਕੀਤਾ ਜਿਸ ਵਿਚ ਧਾੜਵੀਆਂ ਦੇ ਹੱਥ ਆਉਣ ਤੋਂ ਪਹਿਲਾਂ ਸਿੱਖ ਆਪਣੀਆਂ ਔਰਤਾਂ ਅਤੇ ਬੱਚੀਆਂ ਨੂੰ ਹੱਥੀਂ ਵੱਢਣ ਲਈ ਬੇਵੱਸ ਹੋਏ ਸਨ। ਰੰਗਕਰਮੀਂ ਮਲਕੀਤ ਸਿੰਘ ਰੌਣੀ ਨੇ ਇਤਿਹਾਸਕ ਪੀੜਾਂ ਵਿਚੋਂ ਉੱਭਰੇ ਸਾਹਿਤ ਦਾ ਵਰਨਣ ਕੀਤਾ। ਨਗਰ ਕੌਂਸਲ ਚਮਕੌਰ ਸਾਹਿਬ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਹਾਜ਼ਰ ਸਰੋਤਿਆਂ ਨੂੰ ਸੁਚੇਤ ਕੀਤਾ ਕਿ ਸਾਨੂੰ ਕਦੇ ਵੀ ਫਿਰਕਾਪ੍ਰਸਤਾਂ ਦੀ ਧਿਰ ਨਹੀਂ ਬਣਨਾ ਚਾਹੀਦਾ ਸਗੋਂ ਭਵਿੱਖ ਦੇ ਚੰਗੇ ਲੋਕ ਬਣ ਕੇ ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿਣਾ ਚਾਹੀਦਾ ਹੈ।
ਇਸ ਮੌਕੇ ਆਜ਼ਾਦੀ ਘੁਲਾਟੀਆ ਪਰਿਵਾਰ ਵਿਚੋਂ ਕੰਧੋਲਾ ਵਾਸੀ ਬੀਬੀ ਬਲਵੰਤ ਕੌਰ, ਸਾਬਕਾ ਚੇਅਰਮੈਨ ਪਰਮਜੀਤ ਸਿੰਘ, ਹਰਵਿੰਦਰ ਸਿੰਘ ਔਜਲਾ, ਰਾਣਾ ਰਣਦੀਪ ਸਿੰਘ, ਬੇਅੰਤ ਕੌਰ, ਨਵਜੋਤ ਕੌਰ, ਗੀਤਾ ਰਾਣੀ, ਅਵਤਾਰ ਸਿੰਘ, ਪਰਵਿੰਦਰ ਸਿੰਘ ਸੰਧੂ, ਸੋਹਣ ਸਿੰਘ, ਨਵਜੋਤ ਸਿੰਘ ਲਹਿਲ ਅਤੇ ਭੁਪਿੰਦਰ ਸਿੰਘ ਭੂਰਾ ਵੀ ਹਾਜ਼ਰ ਸਨ।