ਲਾਡੀ ਸ਼ੇਰੋਵਾਲੀਆ ਦੀ ਚੋਣ ਰੱਦ ਕਰਨ ਦੀ ਮੰਗ, ਹਾਈਕੋਰਟ ‘ਚ ਪਟੀਸ਼ਨ ਦਾਖਲ

ਲਾਡੀ ਸ਼ੇਰੋਵਾਲੀਆ ਦੀ ਚੋਣ ਰੱਦ ਕਰਨ ਦੀ ਮੰਗ, ਹਾਈਕੋਰਟ ‘ਚ ਪਟੀਸ਼ਨ ਦਾਖਲ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼ਾਹਕੋਟ ਦੀ ਜ਼ਿਮਨੀ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ‘ਚ ਪੁੱਜੇ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਚੋਣ ਨੂੰ ਹਾਈਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। ਜ਼ਿਮਨੀ ਚੋਣ ਲੜਨ ਵਾਲੀ ਪਰਮਜੋਤ ਕੌਰ ਵਲੋਂ ਦਾਖ਼ਲ ਪਟੀਸ਼ਨ ਦੀ ਛਾਣ ਬੀਣ ਹੋ ਚੁੱਕੀ ਹੈ ਤੇ ਮਾਮਲੇ ‘ਚ ਸੁਣਵਾਈ ਇਕ ਅਗਸਤ ਨੂੰ ਹੋਵੇਗੀ। ਐਡਵੋਕੇਟ ਹਰਿੰਦਰਪਾਲ ਸਿੰਘ ਰਾਹੀਂ ਦਾਖ਼ਲ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸ਼ੇਰੋਵਾਲੀਆ ਨੇ ਰਿਟਰਨਿੰਗ ਅਫ਼ਸਰ ਸਾਹਮਣੇ ਦਿੱਤੇ ਹਲਫ਼ਨਾਮੇ ‘ਚ ਦਿੱਤੀ ਜਾਣਕਾਰੀ ਦੀ ਵੱਖਰੇ ਤੌਰ ‘ਤੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ, ਜਦੋਂ ਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਵਿਸਥਾਰ ਪੂਰਵਕ ਜਾਣਕਾਰੀ ਦੇਣਾ ਲਾਜ਼ਮੀ ਹੈ। ਇਹ ਦੋਸ਼ ਵੀ ਲਗਾਇਆ ਕਿ ਚੋਣ ‘ਤੇ ਕੀਤਾ ਖ਼ਰਚਾ ਵੀ ਘੱਟ ਵਿਖਾਇਆ ਗਿਆ। ਦਲੀਲ ਦਿੱਤੀ ਕਿ ਚੋਣ ਕਮਿਸ਼ਨ ਨੇ ਰਿਕਾਰਡ ‘ਚ ਨੋਟ ਕੀਤਾ ਕਿ ਪੋਲਿੰਗ ਬੂਥਾਂ ਦੇ ਬਾਹਰ ਸ਼ੇਰੋਵਾਲੀਆ ਨੇ ਟੈਂਟ ਲਗਾਏ ਪਰ ਇਨ੍ਹਾਂ ਨੂੰ ਖ਼ਰਚੇ ‘ਚ ਨਹੀਂ ਵਿਖਾਇਆ ਤੇ ਇੱਥੋਂ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਹਲਕੇ ‘ਚ ਕੀਤੇ ਰੋਡ ਸ਼ੋਅ ਦਾ ਖ਼ਰਚ ਵੀ ਚੋਣ ਖ਼ਰਚ ‘ਚ ਨਹੀਂ ਪਾਇਆ ਗਿਆ। ਇਨ੍ਹਾਂ ਤੱਥਾਂ ਨਾਲ ਸ਼ੇਰੋਵਾਲੀਆ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਗਈ ਹੈ।