‘ਸਾਡਾ ਮਿਸ਼ਨ ਸਫ਼ਲ ਹੋਇਆ, ਸਜ਼ਾ ਦਾ ਕੋਈ ਗ਼ਮ ਨਹੀਂ’

‘ਸਾਡਾ ਮਿਸ਼ਨ ਸਫ਼ਲ ਹੋਇਆ, ਸਜ਼ਾ ਦਾ ਕੋਈ ਗ਼ਮ ਨਹੀਂ’

ਬੇਅੰਤ ਹੱਤਿਆ-ਕਾਂਡ ‘ਚ ਤਾਅ ਉਮਰ ਕੈਦ ਦੀ ਸਜ਼ਾ ਸੁਣਾਏ 
ਜਾਣ ਬਾਅਦ ਭਾਈ ਜਗਤਾਰ ਸਿੰਘ ਤਾਰਾ ਚੜ੍ਹਦੀ ਕਲਾ ‘ਚ  
– ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਦਲ ਖਾਲਸਾ ਦੇ ਆਗੂ ਵੀ ਚੰਡੀਗੜ੍ਹ ਪਹੁੰਚੇ 
– ਭਾਈ ਤਾਰਾ ਦੇ ਸਮਰਥਕਾਂ ਨੇ ਜੇਲ੍ਹ ਕੰਪਲੈਕਸ ਬਾਹਰ ਲਾਇਆ ਡੇਰਾ, ਸਖਤ ਸੁਰੱਖਿਆ ਹੇਠ ਕੋਰਟ ‘ਚ ਪੁੱਜਾ ਜੱਜ
ਚੰਡੀਗੜ੍ਹ/ਬਿਊਰੋ ਨਿਊਜ਼:
ਕੇਂਦਰ ਪ੍ਰਸ਼ਾਸ਼ਤ ਪ੍ਰਦੇਸ਼ ਯੂ.ਟੀ. ਦੀ ਮਾਡਰਨ ਜੇਲ੍ਹ ਬੁੜੈਲ ਵਿਚ ਲੱਗੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਭਾਈ ਜਗਤਾਰ ਸਿੰਘ ਤਾਰਾ ਨੂੰ ਤਾਅ ਉਮਰ (ਮੌਤ ਤੱਕ) ਕੈਦ ਦੀ ਸਜ਼ਾ ਸੁਣਾਏ ਜਾਣ ਬਾਅਦ ਸਿਦਕੀ ਸਿੱਖ ਯੋਧਾ ਚੜ੍ਹਦੀ ਕਲਾ ‘ਚ ਹੈ। ਭਾਵੇਂ ਅਦਾਲਤ ‘ਚ ਸਖ਼ਤ ਸਰੱਖਿਆ ਅਤੇ ਰੋਕਾਂ ਕਾਰਨ ਭਾਈ ਤਾਰਾ ਤੋਂ ਉਨ੍ਹਾਂ ਦਾ ਪ੍ਰਤੀਕਰਮ ਜਾਨਣ ਵਾਸਤੇ ਸਿੱਧੇ ਰੂਪ ਵਿੱਚ ਸੰਪਰਕ ਸੰਭਵ ਨਹੀਂ ਸੀ ਪਰ ਭਰੋਸੇਯੋਗ ਸੂਤਰਾਂ ਤੇ ਕੇਸ ਦੀ ਪੈਰਵੀ ਕਰ ਰਹੇ ਵਕੀਲ ਅਨੁਸਾਰ ਅਦਾਲਤ ਵਲੋਂ ਕੁਦਰਤੀ ਮੌਤ ਤੱਕ ਜੇਲ੍ਹ ਦੀ ਸਜ਼ਾ ਸੁਣਾਏ ਜਾਣ ‘ਤੇ ਭਾਈ ਤਾਰਾ ਨੇ ਕਿਹਾ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਕੋਈ ਅਪੀਲ ਨਹੀਂ ਕਰਨਗੇ । ਸਜ਼ਾ ਬਾਅਦ ਬੜੇ ਖੁਸ਼ੀ ਤੇ ਚਾਅ ਵਾਲੇ ਰੌਂਅ ‘ਚ ਭਾਈ ਤਾਰਾ ਦਾ ਕਹਿਣਾ ਸੀ ਕਿ ਸਾਡਾ ਮਿਸ਼ਨ ਸਫ਼ਲ ਹੋਇਆ, ਸਜ਼ਾ ਦਾ ਕੋਈ ਗ਼ਮ ਨਹੀਂ.
ਵਰਨਣਯੋਗ ਹੈ ਕਿ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਵਿਸ਼ੇਸ਼ ਅਦਾਲਤ ਤਾਅ ਉਮਰ ਕੈਦ ਤੇ 35 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਲੰਘੇ ਸ਼ਨਿਚਰਵਾਰ (17 ਮਾਰਚ) ਨੂੰ ਜੇਲ੍ਹ ਵਿਚ ਲੱਗੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸ਼ਨਿਚਰਵਾਰ ਸਵੇਰੇ ਕੇਸ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਈ ਤਾਰਾ ਦੇ ਸਮਰਥਕਾਂ ਨੇ ਡੇਰਾ ਲਾ ਲਿਆ। ਸ਼ਾਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਅਨੇਕਾਂ ਸਮਰਥਕ ਇਥੇ ਮੌਜੂਦ ਰਹੇ। ਕੇਸ ਦੀ ਸੁਣਵਾਈ ਕਰਨ ਵਾਲਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇ.ਐੱਸ. ਸਿੱਧੂ ਫੈਸਲਾ ਸੁਣਾਉਣ ਲਈ ਕਰੜੀ ਸੁਰੱਖਿਆ ਹੇਠ ਅਦਾਲਤ ਵਿਚ ਪੁੱਜਾ। ਅਦਾਲਤ ਨੇ ਭਾਈ ਤਾਰਾ ਨੂੰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ। ਬੁੜੈਲ ਜੇਲ੍ਹ ਅੰਦਰ ਕੇਸ ਦੀ ਸੁਣਵਾਈ ਕਰਦੀ ਆ ਰਹੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇ.ਐੱਸ. ਸਿੱਧੂ ਨੇ ਜਗਤਾਰ ਸਿੰਘ ਤਾਰਾ ਨੂੰ ਸੁਕਰਰਵਾਰ ਨੂੰ ਦੋਸ਼ੀ ਕਰਾਰ ਦੇਣ ਬਾਅਦ ਸਜ਼ਾ ਸੁਣਾਉਣ ਦਾ ਫੈਸਲਾ 17 ਮਾਰਚ ਸ਼ਨਿਚਰਵਾਰ ਉੱਤੇ ਪਾ ਦਿੱਤਾ ਸੀ।
ਹਾਲਾਂਕਿ ਇਸ ਮਾਮਲੇ ਦੀ ਸੁਣਵਾਈ ਦੌਰਾਨ ਸੀ.ਬੀ.ਆਈ. ਪੱਖ ਨੇ ਅਦਾਲਤ ਤੋਂ ਭਾਈ ਤਾਰਾ ਦੀ ਫਾਂਸੀ ਦੀ ਮੰਗ ਕੀਤੀ ਸੀ। ਸੁਣਵਾਈ ਸਮੇਂ ਅਦਾਲਤ ਵਿਚ ਮੌਜੂਦ ਭਾਈ ਤਾਰਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਭਾਈ ਤਾਰਾ ਨੂੰ ਸਜ਼ਾ ਦਾ ਕੋਈ ਗ਼ਮ ਨਹੀਂ ਹੈ ਪਰ ਧਮਾਕੇ ਦੌਰਾਨ ਮਾਰੇ ਗਏ ਨਿਰਦੋਸ਼ ਲੋਕਾਂ ਦੀ ਮੌਤ ਦਾ ਉਨ੍ਹਾਂ ਨੂੰ ਅਫ਼ਸੋਸ ਜ਼ਰੂਰ ਹੈ। ਮੁਕੱਦਮੇ ਦੀ ਸੁਣਵਾਈ ਦੌਰਾਨ ਭਾਈ ਤਾਰਾ ਵਲੋਂ ਅਦਾਲਤ ਵਿਚ ਪਹਿਲਾਂ ਹੀ ਆਪਣਾ ਕਬੂਲਨਾਮਾ ਦਾਇਰ ਕਰ ਦਿੱਤਾ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਬੇਅੰਤ ਸਿੰਘ ਦੀ ਹੱਤਿਆ ਵਿਚ ਆਪਣੀ ਸ਼ਮੂਲੀਅਤ ਮੰਨੀ ਸੀ।
ਜਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਨੇ ਖੁਦ ਇਕਬਾਲੀਆ ਬਿਆਨ ਦੇ ਕੇ ਬੇਅੰਤ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਕਬੂਲ ਲਈ ਸੀ। ਭਾਈ ਜਗਤਾਰ ਸਿੰਘ ਦੇ ਵਕੀਲ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਤਾਰਾ ਨੇ ਸੁਨੇਹਾ ਦਿੱਤਾ ਹੈ ਕਿ ਉਹ ਇਸ ਫੈਂਸਲੇ ਦੇ ਖਿਲਾਫ ਕਿਸੇ ਵੀ ਅਦਾਲਤ ਵਿਚ ਅਪੀਲ ਨਹੀਂ ਕਰਨਗੇ।

ਭਾਈ ਜਗਤਾਰ ਸਿੰਘ ਤਾਰਾ ਨੇ ਆਪਣੇ ਹਲਫੀਆ ਬਿਆਨ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤੀ ਸੰਵਿਧਾਨ ‘ਤੇ ਕੋਈ ਵਿਸ਼ਵਾਸ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਕਤਲ ਵਿਚ ਸ਼ਾਮਿਲ ਹੋਣ ਦਾ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਇਕ ਜ਼ਾਲਮ ਨੂੰ ਖਤਮ ਕਰਕੇ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਤਾਂ ਇਸ ਵਿਚ ਕੁਝ ਗਲਤ ਨਹੀਂ ਹੈ। ਜਿਕਰਯੋਗ ਹੈ ਕਿ ਬੇਅੰਤ ਸਿੰਘ ਦੀ ਸਰਕਾਰ ਮੌਕੇ ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਵੱਡੇ ਪੱਧਰ ‘ਤੇ ਕਤਲੇਆਮ ਹੋਇਆ ਸੀ।
ਵਰਨਣਯੋਗ ਹੈ ਕਿ 31 ਅਗਸਤ 1995 ਨੂੰ ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ ਹੋਏ ਬੰਬ ਧਮਾਕੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਹੋ ਗਈ ਸੀ। ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ ਹੋਏ ਇਸ ਬੰਬ ਧਮਾਕੇ ‘ਚ 17 ਹੋਰ ਵਿਅਕਤੀ ਮਾਰੇ ਗਏ ਸਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੀ ਸੁਣਵਾਈ ਮਾਡਲ ਜੇਲ੍ਹ ਬੁੜੈਲ ਵਿੱਚ ਚੱਲ ਰਹੀ ਸੀ।
ਅਦਾਲਤ ਵਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਕੇਸ ‘ਚ ਅੱਠ ਸਿੰਘਾਂ ਬਾਰੇ ਫ਼ੈਸਲਾ ਪਹਿਲਾਂ ਹੀ ਸੁਣਾਇਆ ਜਾ ਚੁੱਕਿਆ ਹੈ । ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਉਹ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਹੈ। ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋ ਚੁੱਕੀ ਹੈ ਅਤੇ ਉਹ ਤਿਹਾੜ ਜੇਲ੍ਹ ਵਿੱਚ ਕੈਦ ਹੈ। ਪਰਮਜੀਤ ਸਿੰਘ ਭਿਓਰਾ, ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਮਾਡਲ ਜੇਲ੍ਹ ਬੁੜੈਲ ‘ਚ ਸਜ਼ਾ ਕੱਟ ਰਹੇ ਹਨ। ਤਿੰਨ ਹੋਰ ਦੋਸ਼ੀਆਂ ਨਵਜੋਤ ਸਿੰਘ, ਨਸੀਬ ਸਿੰਘ ਅਤੇ ਸ਼ਮਸ਼ੇਰ ਸਿੰਘ ਦੀ ਰਿਹਾਈ ਹੋ ਚੁੱਕੀ ਹੈ। ਇਨ੍ਹਾਂ ਵਿਰੁੱਧ ਅਦਾਲਤ ਵੱਲੋਂ ਜੁਲਾਈ 2005 ਨੂੰ ਫ਼ੈਸਲਾ ਸੁਣਾਇਆ ਗਿਆ ਸੀ।
ਦੱਸਣਯੋਗ ਹੈ ਕਿ ਬੇਅੰਤ ਸਿੰਘ ਕਤਲ ਕੇਸ ਦੇ ਤਿੰਨ ਮੁਲਜ਼ਮ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਹਵਾਰਾ ਇੱਕ ਹੋਰ ਕੈਦੀ ਨਾਲ 21 ਅਤੇ 22 ਜਨਵਰੀ 2003 ਦੀ ਰਾਤ ਨੂੰ ਮਾਡਲ ਜੇਲ੍ਹ ‘ਚੋਂ ਫ਼ਰਾਰ ਹੋ ਗਏ ਸਨ। ਭਿਓਰਾ ਅਤੇ ਹਵਾਰਾ ਪੁਲੀਸ ਦੇ ਹੱਥ ਛੇਤੀ ਲੱਗ ਗਏ ਸਨ ਪਰ ਜਗਤਾਰ ਸਿੰਘ ਤਾਰਾ ਨੂੰ ਪੁਲੀਸ ਨੇ ਜਨਵਰੀ 2016 ‘ਚ ਥਾਈਲੈਂਡ ਤੋਂ ਫੜਿਆ ਸੀ। ਇਸ ਕਰਕੇ ਕੇਸ ‘ਚ ਜਗਤਾਰ ਸਿੰਘ ਤਾਰਾ ਦੀ ਸੁਣਵਾਈ ਵੱਖਰੇ ਤੌਰ ‘ਤੇ ਹੋ ਰਹੀ ਸੀ।
ਭਾਈ ਤਾਰਾ ਵਲੋਂ ਅਦਾਲਤ ਵਿਚ ਪੇਸ਼ ਕੀਤੇ ਗਏ ਆਖ਼ਰੀ ਬਿਆਨਾਂ ਵਿਚ ਕਿਹਾ ਗਿਆ ਸੀ ਕਿ ਬੇਅੰਤ ਸਿੰਘ ਨਾਲ ਭਾਈ ਤਾਰਾ ਅਤੇ ਮਾਮਲੇ ਵਿਚ ਸ਼ਾਮਿਲ ਹੋਰਨਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਅਤੇ ਉਨ੍ਹਾਂ ਨੇ ਆਪਣੇ ਇਤਿਹਾਸ ਤੋਂ ਪ੍ਰੇਰਿਤ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਮਾਨ ਤੇ ਹੋਰਨਾਂ ਵਲੋਂ ਭਾਈ ਤਾਰਾ ਤੇ ਖਾਲਿਸਤਾਨ ਪੱਖੀ ਜੈਕਾਰੇ
ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਚੰਡੀਗੜ੍ਹ ਪਹੁੰਚੇ। ਕੁਝ ਸਿੱਖ ਜਥੇਬੰਦੀਆਂ ਦੇ ਆਗੂ ਵੀ ਬੁੜੈਲ ਜੇਲ੍ਹ ਦੇ ਸਾਹਮਣੇ ਬੈਨਰ ਲੈ ਕੇ ਪਹੁੰਚੇ ਜਿਨ੍ਹਾਂ ਵਿਚ ਖ਼ਾਲਿਸਤਾਨ ਦੇ ਬੈਨਰ ਵੀ ਸ਼ਾਮਿਲ ਸਨ। ਉਨ੍ਹਾਂ ਨੇ ਫ਼ੈਸਲਾ ਆਉਣ ਦੇ ਬਾਅਦ ਭਾਈ ਤਾਰਾ ਅਤੇ ਖ਼ਾਲਿਸਤਾਨ ਦੇ ਹੱਕ ਵਿੱਚ ਜੈਕਾਰੇ ਗੂੰਜਾਏ ਤੇ ਨਾਅਰੇ ਵੀ ਲਗਾਏ।  ਭਾਈ ਤਾਰਾ ਵਲੋਂ ਮਾਮਲੇ ਦੀ ਪੈਰਵਾਈ ਵਕੀਲ ਸਿਮਰਨਜੀਤ ਸਿੰਘ ਵਲੋਂ ਕੀਤੀ ਗਈ ਸੀ।
ਭਾਈ ਤਾਰਾ ਨੇ ਸਜ਼ਾ ਸੁਣਨ ਤੋਂ ਪਹਿਲਾਂ ਆਪਣੀਆਂ ਭਤੀਜੀਆਂ ਨਾਲ ਬੁੜੈਲ ਜੇਲ੍ਹ ਵਿਚ ਮੁਲਾਕਾਤ ਕੀਤੀ। ਸਜ਼ਾ ਸੁਣਾਉਣ ਤੋਂ ਬਾਅਦ ਭਾਈ ਤਾਰਾ ਦਾ ਪਰਿਵਾਰ ਪਿੰਡ ਡੇਕਵਾਲਾ ਵਿਖੇ ਪੁੱਜਾ। ਆਪਣੇ ਘਰ ਵਿਖੇ ਭਾਈ ਤਾਰਾ ਦੀਆਂ ਭਰਜਾਈਆਂ ਬਲਜੀਤ ਕੌਰ, ਕਮਲਜੀਤ ਕੌਰ ਤੇ ਭਤੀਜੀਆਂ ਗਗਨਦੀਪ ਕੌਰ, ਪਵਨਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਭਾਈ ਤਾਰਾ ਪੂਰੀ ਚੜ੍ਹਦੀ ਕਲਾ ਵਿਚ ਸਨ ਤੇ ਉਨ੍ਹਾਂ ਚਿੱਟੇ ਰੰਗ ਦਾ ਕੁੜਤਾ ਪਜਾਮਾ ਤੇ ਕੇਸਰੀ ਦਸਤਾਰ ਸਜਾਈ ਹੋਈ ਸੀ। ਭਾਈ ਤਾਰਾ ਦੀ ਭੈਣ ਸਰਬਜੀਤ ਕੌਰ ਨੇ ਕਿਹਾ ਕਿ ਭਾਈ ਤਾਰਾ ਚੜ੍ਹਦੀ ਕਲ੍ਹਾ ਵਿਚ ਹੈ ਅਤੇ ਉਸ ਨੂੰ ਸਜ਼ਾ ਦਾ ਕੋਈ ਗ਼ਮ ਨਹੀਂ।
ਭਾਈ ਜਗਤਾਰ ਸਿੰਘ ਤਾਰਾ ਦੇ ਖ਼ਿਲਾਫ਼ ਦਿੱਲੀ, ਪੰਜਾਬ ਤੇ ਯੂਟੀ ਵਿਚ ਦਰਜ ਅੱਧਾ ਦਰਜਨ ਕੇਸ ਦਰਜ ਹਨ। ਇਨ੍ਹਾਂ ਵਿਚ ਸਤੰਬਰ 2009 ਤੇ 2012 ਵਿਚ ਜਲੰਧਰ ਵਿਚ ਦਰਜ ਕੇਸ, ਸਾਲ 2009 ਤੇ 2013 ਵਿਚ ਪਟਿਆਲਾ ਵਿਚ ਦਰਜ ਦੋ ਕੇਸ, ਬਠਿੰਡਾ ਵਿਚ ਨਵੰਬਰ 2014 ਵਿਚ ਵੀ ਕੇਸ ਦਰਜ ਹੋਇਆ ਸੀ। ਇਹ ਸਾਰੇ ਕੇਸ ਆਰਮਡ ਤੇ ਐਮੂਨੇਸ਼ਨਲ ਐਕਟ ਦੇ ਹਨ। ਇਸ ਤੋਂ ਇਲਾਵਾ ਯੂਟੀ ਵਿਚ ਜੇਲ੍ਹ ਬਰੇਕ ਕੇਸ ਦਰਜ ਹੈ।

ਪੰਥਕ ਜਥੇਬੰਦੀਆਂ ਵੱਲੋਂ ਅਲੋਚਨਾ
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਜਥੇਬੰਦਕ ਸਕੱਤਰ ਕਾਬਲ ਸਿੰਘ, ਸਪੋਕਸਮੈਨ ਸਤਵਿੰਦਰ ਸਿੰਘ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੇਨ ਕ੍ਰਿਪਾਲ ਸਿੰਘ ਰੰਧਾਵਾ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਚੇਅਰਮੈਨ ਬਾਬਾ ਦਰਸ਼ਨ ਸਿੰਘ ਨੇ ਭਾਈ ਤਾਰਾ ਨੂੰ ਅਦਾਲਤ ਵਲੋਂ ਸੁਣਾਈ ਸਜ਼ਾ ਦੀ ਆਲੋਚਨਾ ਕੀਤੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੋਸ਼ਲ ਮੀਡੀਆ ‘ਤੇ ਆਪਣਾ ਦਰਦ ਬਿਆਨ ਕਰਦੇ ਹੋਏ ਭਾਈ ਤਾਰਾ ਨੂੰ ਹੋਈ ਸਜ਼ਾ ਦੀ ਤੁਲਨਾ 1984 ਸਿੱਖ ਕਤਲੇਆਮ ਵਿਚ ਇਨਸਾਫ਼ ਨਾ ਮਿਲਣ ਨਾਲ ਕਰਕੇ ਭਾਰਤੀ ਸੰਵਿਧਾਨ ਦੇ ਦਾਇਰੇ ਵਿਚੋਂ ਬਾਹਰ ਨਿਕਲਣ ਦੀ ਵੀ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਹੈ।

ਹਿਟ ਲਿਸਟ ‘ਚ ਸੱਜਣ, ਟਾਈਟਲਰ, ਗਿੱਲ, ਸੈਣੀ
ਏਜੰਸੀਆਂ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਵਿਦੇਸ਼ਾਂ ਵਿਚ ਖ਼ਾਸ ਕਰਕੇ ਜਰਮਨ, ਪਾਕਿਸਤਾਨ, ਫਰਾਂਸ ਸਮੇਤ ਯੂਰਪੀ ਦੇਸਾਂ ਵਿਚ ਬੈਠੇ ਸਿੱਖ ਅੱਤਵਾਦੀਆਂ ਦੀ ਹਿਟ ਲਿਸਟ ਵਿਚ 1984 ਸਿੱਖ ਹੱਤਿਆ ਕਾਂਡ ਦੇ ਦੋਸ਼ੀ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੋਂ ਇਲਾਵਾ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐੱਸ ਗਿੱਲ, ਮੌਜੂਦਾ ਡੀਜੀਪੀ ਸੁਮੇਧ ਸਿੰਘ ਸੈਣੀ ਸਨ ਤੇ ਭਾਈ ਤਾਰਾ ਨੂੰ ਇਨ੍ਹਾਂ ਦੀ ਹੱਤਿਆ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਭਾਈ ਤਾਰਾ ਹਾਲੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਸਾਥੀਆਂ ਦੇ ਸੰਪਰਕ ਵਿਚ ਸੀ।

ਕੀ ਹੈ ਪੂਰਾ ਮਾਮਲਾ
31 ਅਗਸਤ 1995 ਨੂੰ ਮਨੁੱਖੀ ਬੰਬ ਬਣੇ ਭਾਈ ਦਿਲਾਵਰ ਸਿੰਘ ਨੇ ਬੇਅੰਤ ਸਿੰਘ ਨੂੰ ਪੰਜਾਬ ਸਿਵਲ ਸਕੱਤਰੇਤ ਦੇ ਸਾਹਮਣੇ ਧਮਾਕਾ ਕਰਕੇ ਮਾਰ ਦਿੱਤਾ ਸੀ। ਇਸ ਧਮਾਕੇ ਵਿਚ 17 ਹੋਰਨਾਂ ਲੋਕਾਂ ਦੀ ਵੀ ਜਾਨ ਚਲੀ ਗਈ ਸੀ। ਮਾਮਲੇ ਵਿਚ ਪੁਲਿਸ ਨੇ ਭਾਈ ਜਗਤਾਰ ਸਿੰਘ ਤਾਰਾ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਪਰ ਸਾਲ 2004 ਜਨਵਰੀ ਮਹੀਨੇ ਭਾਈ ਜਗਤਾਰ ਸਿੰਘ ਤਾਰਾ, ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਅਤੇ ਦੇਵੀ ਸਿੰਘ (ਜੋ ਕਿਸੇ ਹੋਰ ਕਤਲ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਸੀ) ਬੁੜੈਲ ਜੇਲ੍ਹ ਤੋਂ ਫ਼ਰਾਰ ਹੋ ਗਏ ਸਨ। ਬੁੜੈਲ ਜੇਲ੍ਹ ਅੰਦਰ 96 ਫੁੱਟ ਦੇ ਕਰੀਬ ਸੁਰੰਗ ਪੁੱਟ ਕੇ ਚਾਰੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ ਸਨ। ਬਾਅਦ ਵਿਚ ਭਾਈ ਹਵਾਰਾ ਅਤੇ ਭਿਓਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਭਾਈ ਤਾਰਾ ਬਾਰੇ ਕਿਹਾ ਗਿਆ ਕਿ ਉਹ ਪਾਕਿਸਤਾਨ ਹੁੰਦਾ ਹੋਇਆ ਥਾਈਲੈਂਡ ਚਲਾ ਗਿਆ ਸੀ। ਪੰਜਾਬ ਪੁਲਿਸ ਨੇ ਬੁੜੈਲ ਜੇਲ੍ਹ ਤੋਂ ਫ਼ਰਾਰ ਹੋਣ ਦੇ 11 ਸਾਲ ਬਾਅਦ ਦਸੰਬਰ 2014 ਵਿਚ ਭਾਈ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਸੀ। ਇਸ ਦੇ ਬਾਅਦ ਭਾਈ ਜਗਤਾਰ ਸਿੰਘ ਤਾਰਾ ਖ਼ਿਲਾਫ਼ ਰੁਕੇ ਪਏ ਇਸ ਮੁਕੱਦਮੇ ਦੀ ਸੁਣਵਾਈ ਦੁਬਾਰਾ ਸ਼ੁਰੂ ਹੋਈ ਸੀ। ਸੁਰੱਖਿਆ ਕਾਰਨਾਂ ਕਰਕੇ ਬੁੜੈਲ ਜੇਲ੍ਹ ਵਿਚ ਲਗਾਈ ਗਈ ਵਿਸ਼ੇਸ਼ ਅਦਾਲਤ ਵਿਚ ਇਸ ਮੁਕੱਦਮੇ ਦੀ ਸੁਣਵਾਈ ਚੱਲੀ। ਭਾਈ ਤਾਰਾ ਨੇ ਮੁਕੱਦਮੇ ਦੌਰਾਨ ਸੀ.ਬੀ.ਆਈ. ਪੱਖ ਵਲੋਂ ਪੁੱਛੇ ਪ੍ਰਸ਼ਨਾਂ ਦੇ ਉਤਰ ਦਿੰਦੇ ਹੋਏ ਦੱਸਿਆ ਸੀ ਕਿ ਕਿਸ ਤਰ੍ਹਾਂ ਉਸ ਨੇ ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮਿਲ ਕੇ ਬੇਅੰਤ ਸਿੰਘ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ। ਭਾਈ ਤਾਰਾ ਨੇ ਦੱਸਿਆ ਸੀ ਕਿ ਵਾਰਦਾਤ ਵਿਚ ਵਰਤੀ ਗਈ ਅਬੈਂਸਡਰ ਕਾਰ ਨੂੰ ਵੀ ਉਸ ਨੇ ਹੀ ਨਾਂਅ ਬਦਲ ਕੇ ਖ਼ਰੀਦਿਆ ਸੀ ਅਤੇ ਵਾਰਦਾਤ ਵਾਲੇ ਦਿਨ ਉਹ ਦਿਲਾਵਰ ਸਿੰਘ ਨੂੰ ਪੰਜਾਬ ਸਿਵਲ ਸਕੱਤਰੇਤ ਤੱਕ ਛੱਡਣ ਲਈ ਵੀ ਗਿਆ ਸੀ। ਜਾਣਕਾਰੀ ਅਨੁਸਾਰ ਮਾਮਲੇ ਵਿਚ ਕੁੱਲ 15 ਮੁਲਜ਼ਮ ਬਣਾਏ ਗਏ ਸਨ ਜਿਨ੍ਹਾਂ ਵਿਚੋਂ 8 ਮੁਲਜ਼ਮਾਂ ‘ਤੇ ਮੁਕੱਦਮਾ ਚੱਲਿਆ, ਜਿਨ੍ਹਾਂ ਵਿਚੋਂ ਸੱਤ ਿਖ਼ਲਾਫ਼ ਪਹਿਲਾ ਫ਼ੈਸਲਾ ਆ ਚੁੱਕਾ ਹੈ ਅਤੇ ਅੱਠਵਾਂ ਫ਼ੈਸਲਾ ਭਾਈ ਤਾਰਾ ਖ਼ਿਲਾਫ਼ ਆਇਆ ਹੈ।

ਥਾਈਲੈਂਡ ਵਿਚ ਭਾਈ ਤਾਰਾ ਨੇ ਦੇ ਨੌਜਵਾਨਾਂ ਨੂੰ ਸਿਖਾਇਆ ਸੀ ਬੰਬ ਬਣਾਉਣਾ
ਭਾਈ ਤਾਰਾ ਨੂੰ ਬੇਸ਼ੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਪਰ ਬਠਿੰਡਾ ਦੇ ਦੋ ਨੌਜਵਾਨਾਂ ਰਮਨਦੀਪ ਸੰਨੀ ਤੇ ਅਮਰਜੀਤ ਨੂੰ ਥਾਈਲੈਂਡ ਵਿਚ ਬੰਬ ਬਣਾਉਣ ਦੀ ਟ੍ਰੇਨਿੰਗ ਦੇਣ ਦੇ ਮਾਮਲੇ ਵਿਚ 8 ਨਵੰਬਰ 2014 ਨੂੰ ਬਠਿੰਡਾ ਦੇ ਥਾਣਾ ਕੋਤਵਾਲੀ ਵਿਚ ਦਰਜ ਕੇਸ ਦੀ ਸੁਣਵਾਈ ਅਜੇ ਸੀ. ਜੇ. ਐੱਮ. ਦੀ ਅਦਾਲਤ ਵਿਚ ਚੱਲ ਰਹੀ ਹੈ। ਇਸ ਕੇਸ ਵਿਚ ਸੰਨੀ ਤੇ ਅਮਰਜੀਤ ਨੂੰ 26 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ ਜੋ ਕਿ ਸਥਾਨਕ ਜੇਲ਼ ਵਿਚ ਬੰਦ ਹੈ। ਜ਼ਿਕਰਯੋਗ ਹੈ ਕਿ 8 ਨਵੰਬਰ 2014 ਨੂੰ ਮਨਦੀਪ ਸੰਨੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨੇ ਖੁਲਾਸਾ ਕੀਤਾ ਸੀ ਕਿ ਜਗਤਾਰ ਸਿੰਘ ਤਾਰਾ ਦੇ ਕਹਿਣ ‘ਤੇ ਹੀ ਉਹ ਥਾਈਲੈਂਡ ਗਿਆ ਸੀ ਜਿਥੇ ਉਸ ਨੂੰ ਬੰਬ ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ ਤੇ ਉਹ ਉਸ ਨੂੰ ਪਾਕਿਸਤਾਨ ਵੀ ਟ੍ਰੇਨਿੰਗ ਲਈ ਭੇਜਣਾ ਚਾਹੁੰਦਾ ਸੀ ਪਰ ਉਸ ਦਾ ਵੀਜ਼ਾ ਖਤਮ ਹੋਣ ਕਾਰਨ ਉਸ ਨੂੰ ਭਾਰਤ ਆਉਣਾ ਪਿਆ। ਥਾਈਲੈਂਡ ਵਿਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਜਗਤਾਰ ਸਿੰਘ ਤਾਰਾ ਨੇ ਉਸ ਨੂੰ ਫੰਡ ਵੀ ਮੁਹੱਈਆ ਕਰਵਾਇਆ ਸੀ।
ਪੁਲੀਸ ਅਨੁਸਾਰ ਭਾਈ ਤਾਰਾ ਫੇਸਬੁੱਕ ‘ਤੇ ਆਪਣੀ ਫਰਜ਼ੀ ਆਈ. ਡੀ. ਬਣਾ ਕੇ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਉਂਦਾ ਸੀ ਅਤੇ ਉਨ੍ਹਾਂ ਦਾ ਮਾਈਂਡਵਾਸ਼ ਕਰ ਕੇ ਖਾੜਕੂ ਗਤੀਵਿਧੀਆਂ ਵਿਚ ਸ਼ਾਮਲ ਕਰਦਾ ਸੀ। ਅਪ੍ਰੈਲ 2014 ਵਿਚ ਸੰਨੀ ਥਾਈਲੈਂਡ ਵਿਚ ਤਾਰਾ ਨੂੰ ਮਿਲਿਆ ਸੀ, ਜਿਸ ਦੀ ਭਿਣਕ ਖੁਫੀਆ ਏਜੰਸੀਆਂ ਨੂੰ ਲੱਗ ਚੁੱਕੀ ਸੀ, ਉਸ ਨੂੰ ਬਠਿੰਡਾ ਪਹੁੰਚਦੇ ਹੀ ਗ੍ਰਿਫਤਾਰ ਕਰ ਲਿਆ ਸੀ। ਰਿਮਾਂਡ ‘ਤੇ ਸੰਨੀ ਨੇ ਸਭ ਕੁਝ ਦੱਸ ਦਿੱਤਾ ਅਤੇ ਆਪਣੇ ਸਾਥੀ ਅਮਰਜੀਤ ਜੋ ਕਿ ਮਨੁੱਖੀ ਬੰਬ ਬਣ ਕੇ ਜਗਦੀਸ਼ ਟਾਈਟਲਰ ਨੂੰ ਉਡਾਉਣਾ ਚਾਹੁੰਦਾ ਸੀ, ਉਹ ਵੀ ਤਾਰਾ ਦੇ ਸੰਪਰਕ ਵਿਚ ਸੀ।
ਸੰਨ 2015 ਵਿਚ ਅਮਰਜੀਤ ਵੀ ਫੜਿਆ ਗਿਆ ਸੀ ਪਰ ਜ਼ਮਾਨਤ ਤੋਂ ਬਾਅਦ ਉਹ ਘੁੰਮਦਾ ਰਿਹਾ ਅਤੇ 26 ਫਰਵਰੀ 2018 ਨੂੰ ਗੁਰਮੀਤ ਨਾਂ ਦੇ ਵਿਅਕਤੀ ਨੂੰ ਪਿਸਤੌਲ ਦੇਣ ਲਈ ਜਿਵੇਂ ਹੀ ਕੋਰਟ ਕੰਪਲੈਕਸ ਵਿਚ ਦਾਖਲ ਹੋਇਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਲਿਆ। ਅਮਰਜੀਤ ਲੈਬਨਾਨ ਤੋਂ ਆਇਆ ਸੀ ਅਤੇ ਉਹ ਭਾਈ ਤਾਰਾ ਦੇ ਸੰਪਰਕ ਵਿਚ ਸੀ ਅਤੇ ਉਸ ਨੇ ਮਨੁੱਖੀ ਬੰਬ ਬਣਾਉਣ ਦੀ ਟ੍ਰੇਨਿੰਗ ਵੀ ਲਈ ਸੀ। ਸੰਨੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਹੀ ਉਹ ਤਾਰਾ ਨੂੰ ਮਿਲਿਆ ਸੀ। ਉਸ ਨੇ ਵੀ ਥਾਈਲੈਂਡ ਵਿਚ ਜਾ ਕੇ ਟ੍ਰੇਨਿੰਗ ਲਈ ਸੀ ਪਰ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਖੁਫੀਆ ਏਜੰਸੀਆਂ ਦੀ ਉਸ ‘ਤੇ ਪੂਰੀ ਨਜ਼ਰ ਸੀ।
2015 ਵਿਚ ਸੰਨੀ ਦੀ ਨਿਸ਼ਾਨਦੇਹੀ ‘ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਪੁਲਿਸ ਨੇ ਗ੍ਰਿਫਤਾਰ ਕੀਤਾ, ਜਿਸ ਨੂੰ ਭਾਰਤ ਲਿਆਂਦਾ ਗਿਆ ਅਤੇ ਉਸ ‘ਤੇ ਦਰਜ ਮਾਮਲੇ ਦੀ ਸੁਣਵਾਈ ਹੋਈ, ਜਿਸ ਦਾ ਫੈਸਲਾ ਸ਼ਨੀਵਾਰ ਨੂੰ ਉਮਰ ਕੈਦ ਸੁਣਾਇਆ ਗਿਆ। ਸੰਨੀ ਦੇ ਖੁਲਾਸੇ ਤੋਂ ਬਾਅਦ ਹੀ ਭਾਈ ਤਾਰਾ ਨੂੰ ਬਠਿੰਡਾ ਪੁਲਸ ਰਿਮਾਂਡ ‘ਤੇ ਲੈ ਕੇ ਆਈ ਸੀ ਅਤੇ ਉਸ ਨੂੰ ਪੂਰਨ ਤੌਰ ‘ਤੇ ਗੁਪਤ ਰੱਖਿਆ ਗਿਆ ਸੀ।
ਰਿਮਾਂਡ ਦੌਰਾਨ ਪੁੱਛਗਿੱਛ ਵਿਚ ਭਾਈ ਤਾਰਾ ਨੇ ਮੰਨਿਆ ਸੀ ਕਿ ਬਠਿੰਡਾ ਦੇ ਸੰਨੀ ਤੇ ਅਮਰਜੀਤ ਉਸ ਦੇ ਲਗਾਤਾਰ ਸੰਪਰਕ ਵਿਚ ਸਨ। ਭਾਈ ਤਾਰਾ ਉੱਘੇ ਖਾੜਕੂ ਭਾਈ ਸੁਰਿੰਦਰ ਸਿੰਘ ਨਾਗੋਕੇ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਖਾੜਕੂ ਗਤੀਵਿਧੀਆਂ ਵਿਚ ਸ਼ਾਮਲ ਹੋਇਆ ਸੀ ਅਤੇ ਉਸ ਨੇ ਹੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਯੋਜਨਾ ਬਣਾਈ ਸੀ, ਜਿਸ ਵਿਚ ਹੋਮਗਾਰਡ ਜਵਾਨ ਬਠਿੰਡਾ ਵਾਸੀ ਦਿਲਾਵਰ ਸਿੰਘ ਵੀ ਸ਼ਾਮਲ ਹੋਇਆ। ਭਾਈ ਨਾਗੋਕੇ ਤਾਂ ਬਲਿਊ ਸਟਾਰ ਆਪ੍ਰੇਸ਼ਨ ਦੌਰਾਨ ਮਾਰਿਆ ਗਿਆ ਸੀ ਜਦਕਿ ਇਸ ਤੋਂ ਬਾਅਦ ਬੱਬਰ ਖਾਲਸਾ ਗਰੁੱਪ ਦੇ ਮੈਂਬਰ ਭਾਈ ਜਗਤਾਰ ਸਿੰਘ ਤਾਰਾ ਲਗਾਤਾਰ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਅਤੇ ਉਸ ਨੇ ਆਪਣੀ ਫੋਰਸ ਕੇ. ਟੀ. ਐੱਫ. ਦੇ ਨਾਂ ‘ਤੇ ਬਣਾਈ ਸੀ।

ਜੇਲ ਦੇ ਬੋਰਡ ‘ਤੇ ਫੇਰੀ ਕਾਲਖ
ਚੰਡੀਗੜ੍ਹ/ਬਿਊਰੋ ਨਿਊਜ਼:
ਦੁਪਹਿਰ ਸਮੇਂ ਬਲਜੀਤ ਸਿੰਘ ਖਾਲਸਾ ਵੀ ਇਥੇ ਪਹੁੰਚਿਆ ਤੇ ਉਸਨੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਵਿਚ ਲਿਖੇ ਗਏ ਜੇਲ ਦੇ ਬੋਰਡ ‘ਤੇ ਕਾਲਖ ਫੇਰਨ ਦੀ ਕੋਸ਼ਿਸ਼ ਕੀਤੀ। ਆਪਣੇ ਨਾਲ ਲਿਆਂਦੇ ਗਏ ਕਾਲੇ ਰੰਗ ਦੇ ਪੇਂਟ ਤੇ ਬੁਰਸ਼ ਨਾਲ ਉਹ ਜੇਲ ਦੇ ਬੋਰਡ ‘ਤੇ ਕਾਲਖ ਫੇਰਨ ਲੱਗਾ, ਅਜੇ ਉਸਨੇ ਬੋਰਡ ਦੇ ਇਕ ਪਾਸੇ ਹੀ ਬੁਰਸ਼ ਨਾਲ ਕਾਲਖ ਫੇਰੀ ਸੀ ਕਿ ਉਥੇ ਮੌਜੂਦ ਪੁਲਸ ਕਰਮਚਾਰੀਆਂ ਨੇ ਉਸਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਪੁਲਸ ਨੇ ਉਸਨੂੰ ਸਮਝਾਉਂਦੇ ਹੋਏ ਉਥੋਂ ਜਾਣ ਦਿੱਤਾ। ਬਲਜੀਤ ਸਿੰਘ ਪਹਿਲਾਂ ਵੀ ਸ਼ਹਿਰ ਵਿਚ ਅਜਿਹੇ ਕਈ ਸਰਕਾਰੀ ਭਵਨਾਂ ਦੇ ਬੋਰਡਾਂ ‘ਤੇ ਕਾਲਖ ਫੇਰ ਚੁੱਕਾ ਹੈ। ਇੰਝ ਹੀ ਕਈ ਮਾਮਲਿਆਂ ਵਿਚ ਪੁਲਸ ਵਲੋਂ ਉਸਦੇ ਖਿਲਾਫ ਕੀਤੀ ਗਈ ਕਾਰਵਾਈ ਤੋਂ ਇਲਾਵਾ ਜ਼ਿਲਾ ਅਦਾਲਤ ਵਿਚ ਵੀ ਉਸ ‘ਤੇ ਜੁਰਮਾਨਾ ਲਾਇਆ ਜਾ ਚੁੱਕਾ ਹੈ।