ਮੱਕਾ ਮਸਜਿਦ ਬੰਬ ਕਾਂਡ ‘ਚ ਸਵਾਮੀ ਅਸੀਮਾਨੰਦ ਸਣੇ ਪੰਜ ਬਰੀ

ਮੱਕਾ ਮਸਜਿਦ ਬੰਬ ਕਾਂਡ ‘ਚ ਸਵਾਮੀ ਅਸੀਮਾਨੰਦ ਸਣੇ ਪੰਜ ਬਰੀ

ਹੈਦਰਾਬਾਦ/ਬਿਊਰੋ ਨਿਊਜ਼:
ਇਥੋਂ ਦੀ ਇਕ ਵਿਸ਼ੇਸ਼ ਦਹਿਸ਼ਤਗਰਦੀ-ਰੋਕੂ ਅਦਾਲਤ ਦੇ ਜੱਜ ਕੇ. ਰਵਿੰਦਰ ਰੈਡੀ ਨੇ ਮੱਕਾ ਮਸਜਿਦ ਬੰਬ ਕਾਂਡ ਕੇਸ ‘ਚੋਂ ਆਰਐਸਐਸ ਪ੍ਰਚਾਰਕ ਅਸੀਮਾਨੰਦ ਸਣੇ ਪੰਜ ਮੁਲਜ਼ਮਾਂ ਨੂੰ ਅੱਜ ਬਰੀ ਤਾਂ ਕਰ ਦਿੱਤਾ ਪਰ ਬਾਅਦ ਵਿੱਚ ਖ਼ੁਦ ਵੀ ਨਾਟਕੀ ਢੰਗ ਨਾਲ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਫ਼ੈਸਲਾ ਸੁਣਾਉਣ ਤੋਂ ਕੁਝ ਘੰਟੇ ਬਾਅਦ ਹੀ ‘ਨਿਜੀ ਕਾਰਨਾਂ’ ਦੇ ਹਵਾਲੇ ਨਾਲ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ।
ਹੈਦਰਾਬਾਦ ਤੋਂ ਐਮਪੀ ਤੇ ਏਆਈਐਮਆਈਐਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਆਪਣੀ ਟਵੀਟ ਰਾਹੀਂ ਇਸ ਪੂਰੇ ਮਾਮਲੇ ਵਿੱਚ ‘ਸਾਜ਼ਿਸ਼’ ਦਾ ਸ਼ੱਕ ਜ਼ਾਹਰ ਕੀਤਾ ਹੈ। ਇਸ ਦੌਰਾਨ ਇਕ ਹੋਰ ਸੀਨੀਅਰ ਜੱਜ ਨੇ ਆਪਣਾ ਨਾਂ ਗੁਪਤ ਰੱਖਦਿਆਂ ਦਾਅਵਾ ਕੀਤਾ ਕਿ ਸ੍ਰੀ ਰੈਡੀ ਨੇ ਕਿਹਾ ਕਿ ਉਨ੍ਹਾਂ ਦੇ ਅਸਤੀਫ਼ੇ ਦਾ ਅੱਜ ਦੇ ਫ਼ੈਸਲੇ ਨਾਲ ਕੋਈ ਤੁਅੱਲਕ ਨਹੀਂ ਹੈ।
ਇਸ ਤੋਂ ਪਹਿਲਾਂ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਇਸਤਗਾਸਾ ਧਿਰ 2007 ਵਿੱਚ ਹੋਏ ਇਸ ਧਮਾਕੇ ਸਬੰਧੀ ਕੇਸ ਦੇ ਮੁਲਜ਼ਮਾਂ ਖ਼ਿਲਾਫ਼ ‘ਇਕ ਵੀ ਦੋਸ਼’ ਨੂੰ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਦੱਸਣਯੋਗ ਹੈ ਕਿ ਇਥੇ ਸਥਿਤ ਚਾਰ ਸਦੀਆਂ ਪੁਰਾਣੀ ਮੱਕਾ ਮਸਜਿਦ ਵਿੱਚ 18 ਮਈ, 2007 ਨੂੰ ਜੁੰਮੇ ਦੀ ਨਮਾਜ਼ ਸਮੇਂ ਜ਼ੋਰਦਾਰ ਧਮਾਕਾ ਉਦੋਂ ਹੋਇਆ ਸੀ। ਇਸ ਕਾਰਨ ਨੌਂ ਵਿਅਕਤੀ ਮਾਰੇ ਗਏ ਤੇ 58 ਜ਼ਖ਼ਮੀ ਹੋਏ ਸਨ। ਧਮਾਕੇ ਤੋਂ ਬਾਅਦ ਹਿੰਸਕ ਮੁਜ਼ਾਹਰੇ ਤੇ ਫ਼ਸਾਦ ਭੜਕਣ ਕਾਰਨ ਪੁਲੀਸ ਕਾਰਵਾਈ ਵਿੱਚ ਪੰਜ ਹੋਰ ਜਾਨਾਂ ਗਈਆਂ ਸਨ। ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਕਰ ਰਹੀ ਸੀ। ਫ਼ੈਸਲੇ ਤੋਂ ਬਾਅਦ ਅੱਜ ਸ਼ਹਿਰ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸ੍ਰੀ ਰੈਡੀ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੌਰਾਨ ਆਪਣਾ ਫ਼ੈਸਲਾ ਸੁਣਾਇਆ। ਉਨ੍ਹਾਂ ਕਿਹਾ, ”ਇਸਤਾਗਾਸਾ ਧਿਰ (ਐਨਆਈਏ) ਕਿਸੇ ਵੀ ਮੁਲਜ਼ਮ ਖ਼ਿਲਾਫ਼ ਇਕ ਵੀ ਦੋਸ਼ ਸਾਬਤ ਨਹੀਂ ਕਰ ਸਕੀ ਅਤੇ ਸਾਰੇ ਮੁਲਜ਼ਮਾਂ ਨੂੰ ਬਰੀ ਕੀਤਾ ਜਾਂਦਾ ਹੈ।” ਇਹ ਜਾਣਕਾਰੀ ਅਸੀਮਾਨੰਦ ਦੇ ਵਕੀਲ ਜੇ.ਪੀ. ਸ਼ਰਮਾ ਨੇ ਦਿੱਤੀ। ਗ਼ੌਰਤਲਬ ਹੈ ਕਿ ‘ਹਿੰਦੂ ਅਤਿਵਾਦ’ ਵਜੋਂ ਪੇਸ਼ ਕੀਤੇ ਜਾ ਰਹੇ ਇਸ ਮਾਮਲੇ ਦਾ ਫ਼ੈਸਲਾ ਸੁਣਾਏ ਜਾਣ ਸਮੇਂ ਮੀਡੀਆ ਨੂੰ ਅਦਾਲਤ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਸੀਮਾਨੰਦ ਨੂੰ ਇਸ ਤੋਂ ਪਹਿਲਾਂ 2007 ਦੇ ਹੀ ਅਜਮੇਰ ਦਰਗਾਹ ਧਮਾਕਾ ਕੇਸ ਵਿੱਚੋਂ ਵੀ ਬੀਤੇ ਸਾਲ ਬਰੀ ਕਰ ਦਿੱਤਾ ਗਿਆ ਸੀ। ਉਹ ਉਸੇ ਵਰ੍ਹੇ ਦੇ ਸਮਝੌਤਾ ਐਕਸਪ੍ਰੈੱਸ ਧਮਾਕਾ ਕੇਸ ਵਿੱਚ ਵੀ ਮੁਲਜ਼ਮ ਹੈ। ਅਦਾਲਤ ਨੇ ਦੇਵੇਂਦਰ ਗੁਪਤਾ, ਲੋਕੇਸ਼ ਸ਼ਰਮਾ, ਭਾਰਤ ਮੋਹਨਲਾਲ ਰਤੇਸ਼ਵਰ ਉਰਫ਼ ਭਾਰਤ ਭਾਈ ਅਤੇ ਰਾਜੇਂਦਰ ਚੌਧਰੀ ਨੂੰ ਵੀ ਬਰੀ ਕੀਤਾ ਹੈ।

ਭਾਜਪਾ ਸਰਕਾਰ ਬਣਨ ਮਗਰੋਂ ਮੁਲਜ਼ਮ ਹੋ ਰਹੇ ਨੇ ਬਰੀ-ਕਾਂਗਰਸ
ਨਵੀਂ ਦਿੱਲੀ: ਮੱਕਾ ਮਸਜਿਦ ਬੰਬ ਕਾਂਡ ਦੇ ਮੁਲਜ਼ਮਾਂ ਦੇ ਬਰੀ ਹੋਣ ‘ਤੇ ਟਿੱਪਣੀ ਕਰਦਿਆਂ ਕਾਂਗਰਸ ਨੇ ਮੋਦੀ ਸਰਕਾਰ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਕੰਮ-ਢੰਗ ਉਤੇ ਸਵਾਲ ਉਠਾਏ ਹਨ। ਪਾਰਟੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣਨ ਪਿੱਛੋਂ ਅਜਿਹੇ ਕੇਸਾਂ ਦੇ ਮੁਲਜ਼ਮ ਲਗਾਤਾਰ ਬਰੀ ਹੋ ਰਹੇ ਹਨ, ਜਿਸ ਕਾਰਨ ਲੋਕਾਂ ਦਾ ਜਾਂਚ ਏਜੰਸੀਆਂ ਤੋਂ ਭਰੋਸਾ ਉਠ ਰਿਹਾ ਹੈ। ਇਸ ਦੌਰਾਨ ਪਾਰਟੀ ਤਰਜਮਾਨ ਪੀ.ਐਲ. ਪੂਨੀਆ ਨੇ ਦਾਅਵਾ ਕੀਤਾ ਕਿ ਪਾਰਟੀ ਪ੍ਰਧਾਨ ਜਾਂ ਕਿਸੇ ਹੋਰ ਨੇ ਕਦੇ ਇਸ ਮਾਮਲੇ ਨੂੰ ‘ਹਿੰਦੂ ਅਤਿਵਾਦ’ ਦਾ ਨਾਂ ਨਹੀਂ ਦਿੱਤਾ, ਕਿਉਂਕਿ ਪਾਰਟੀ ਸਮਝਦੀ ਹੈ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ। ਦੂਜੇ ਪਾਸੇ ਭਾਜਪਾ ਨੇ ਕਾਂਗਰਸ ‘ਤੇ ਦੋਸ਼ ਲਾਇਆ ਕਿ ਇਸ ਦੀ ਹਿੰਦੂਆਂ ਨੂੰ ‘ਬਦਨਾਮ’ ਕਰਨ ਵਾਲੀ ‘ਤੁਸ਼ਟੀਕਰਨ ਦੀ ਸਿਆਸਤ’ ਦਾ ਪਰਦਾਫ਼ਾਸ਼ ਹੋ ਗਿਆ ਹੈ। ਪਾਰਟੀ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਇਸ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਮੁਆਫ਼ੀ ਮੰਗਣ। ਸੀਪੀਆਈ ਨੇ ਵੀ ਇਸ ਸਬੰਧ ‘ਚ ਐਨਆਈਏ ਦੀ ਸਖ਼ਤ ਨੁਕਤਾਚੀਨੀ ਕੀਤੀ ਹੈ।