‘ਜਿਹੜੀ ਬੋਲੀ ਮੋਦੀ ਬੋਲਦੈ, ਉਹ ਦੇਸ਼ ਦੇ ਭਲੇ ‘ਚ ਨਹੀਂ’

‘ਜਿਹੜੀ ਬੋਲੀ ਮੋਦੀ ਬੋਲਦੈ, ਉਹ ਦੇਸ਼ ਦੇ ਭਲੇ ‘ਚ ਨਹੀਂ’

ਕਿਸੇ ਵੀ ਪ੍ਰਧਾਨ ਮੰਤਰੀ ਨੇ ਕਦੇ ਨਹੀਂ ਵਿਖਾਇਆ ਐਨਾ ਹੋਛਾਪਣ; ਮਨਮੋਹਨ ਸਿੰਘ 
‘ਦੇਸ਼ ਨੂੰ ਆਰਥਿਕ ਤਬਾਹੀ ਵਲ ਲਿਜਾ ਰਹੀ ਹੈ ਮੌਜੂਦਾ ਸਰਕਾਰ’
ਬੰਗਲੌਰ/ ਬਿਊਰੋ ਨਿਊਜ਼ :
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਚੋਣਾਂ ਖ਼ਾਤਰ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਭਾਸ਼ਣਬਾਜ਼ੀ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਮੋਦੀ ਸਮੁੱਚੇ ਰਵੱਈਏ ਤੇ ਲਹਿਜ਼ੇ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾ ਕਿਹਾ ਕਿ ਇਹ ਦੇਖ-ਸੁਣ ਕੇ ਹੈਰਾਨੀ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬੈਠਾ ਕੋਈ ਵਿਅਕਤੀ ਐਨੀ ਹੋਛੀ ਭਾਸ਼ਾ ਦਾ ਇਸਤੇਮਾਲ ਕਿਵੇਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਹੁੰਦਿਆਂ ਆਪਣੇ ਵਿਰੋਧੀਆਂ ਲਈ ਇਹੋ ਜਿਹੀ ਭਾਸ਼ਾ ਨਹੀਂ ਵਰਤੀ ਜਿਵੇਂ ਸ੍ਰੀ ਮੋਦੀ ਨਿੱਤ ਦਿਨ ਕਰਦੇ ਆ ਰਹੇ ਹਨ, ਦੇਸ਼ ਲਈ ਇਹ ਸ਼ੁਭ ਨਹੀਂ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਮੋਦੀ ਸਰਕਾਰ ਦੀਆਂ ‘ਤਬਾਹਕੁਨ ਨੀਤੀਆਂ ਤੇ ਆਰਥਿਕ ਬਦਇੰਤਜ਼ਾਮੀ’ ਦੀ ਵੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਦੇਸ਼ ਅਜਿਹੇ ਸੰਕਟਾਂ ਵੱਲ ਵਧ ਰਿਹਾ ਹੈ ਜੋ ਟਾਲੇ ਜਾ ਸਕਦੇ ਸਨ। ਬੈਂਕ ਘੁਟਾਲਿਆਂ ਦਾ ਜ਼ਿਕਰ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਸਤੰਬਰ 2013 ਵਿੱਚ ਜੇ 28416 ਕਰੋੜ ਰੁਪਏ ਦੇ ਫਰਾਡ ਹੋਏ ਸਨ ਤਾਂ ਸਤੰਬਰ 2017 ਵਿੱਚ ਇਹ ਘੁਟਾਲੇ ਵਧ ਕੇ 1.11 ਕਰੋੜ ਰੁਪਏ ਹੋ ਗਏ। ਇਸ ਦੌਰਾਨ ਘੁਟਾਲੇਬਾਜ਼ਾਂ ਨੂੰ ਬਚ ਕੇ ਨਿਕਲਣ ਦਿੱਤਾ ਗਿਆ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ, ”ਮੈਂ ਬਹੁਤ ਹੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਹਾਂ ਕਿ ਮੋਦੀ ਸਰਕਾਰ ਦੀ ਆਰਥਿਕ ਬਦਇੰਤਜ਼ਾਮੀ ਕਰ ਕੇ ਆਮ ਜਨਤਾ ਦੀਆਂ ਨਜ਼ਰਾਂ ਵਿੱਚ ਬੈਂਕਿੰਗ ਸੈਕਟਰ ਦੀ ਭਰੋਸੇਯੋਗਤਾ ਹੌਲੀ ਹੌਲੀ ਖੁਰਦੀ ਜਾ ਰਹੀ ਹੈ। ਸਾਡਾ ਦੇਸ਼ ਔਖੇ ਸਮਿਆਂ ‘ਚੋਂ ਲੰਘ ਰਿਹਾ ਹੈ। ਸਾਡੇ ਕਿਸਾਨਾਂ ਨੂੰ ਭਿਆਨਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਾਡੇ ਯੁਵਕਾਂ ਨੂੰ ਮੌਕੇ ਨਹੀਂ ਮਿਲ ਰਹੇ ਤੇ ਅਰਥਚਾਰੇ ਦੀਆਂ ਸੰਭਾਵਨਾਵਾਂ ਮੱਧਮ ਪੈ ਗਈਆਂ ਹਨ।”
ਉਨ੍ਹਾਂ ਕਿਹਾ ਕਿ ਅਫ਼ਸੋਸਨਾਕ ਸਚਾਈ ਇਹ ਹੈ ਕਿ ਇਹ ਸਾਰੇ ਸੰਕਟ ਟਾਲੇ ਜਾ ਸਕਦੇ ਸਨ। ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਬਜਾਏ ਸਰਕਾਰ ਦਾ ਜ਼ੋਰ ਕਮੀਆਂ ਪੇਸ਼ੀਆਂ ਵੱਲ ਧਿਆਨ ਦਿਵਾਉਣ ਦੀ ਜ਼ੁਬਾਨ ਬੰਦ ਕਰਾਉਣ ‘ਤੇ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਫ਼ੈਸਲੇ ਲੈਣ ਦਾ ਜ਼ਿੰਮਾ ਮਿਲਦਾ ਹੈ ਉਨ੍ਹਾਂ ਨੂੰ ਆਪਹੁਦਰੀਆਂ ਦੀ ਬਜਾਏ ਨੀਤੀਆਂ ਤੇ ਪ੍ਰੋਗਰਾਮਾਂ ‘ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਭਾਰਤ ਇਕ ਜਟਿਲ ਤੇ ਬਹੁਭਾਂਤਾ ਦੇਸ਼ ਹੈ ਤੇ ਕੋਈ ਵੀ ਇਕ ਵਿਅਕਤੀ ਹਰ ਤਰ੍ਹਾਂ ਦੀ ਸਿਆਣਪ ਦਾ ਸਰੋਤ ਨਹੀਂ ਹੋ ਸਕਦਾ।