ਸਿੱਖਾਂ ਵੱਲੋਂ ਨਮਕੀਨ ਦੇ ਪੈਕੇਟ ‘ਤੇ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦਾ ਵਿਰੋਧ

ਸਿੱਖਾਂ ਵੱਲੋਂ ਨਮਕੀਨ ਦੇ ਪੈਕੇਟ ‘ਤੇ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦਾ ਵਿਰੋਧ

ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲਾ ਨਮਕੀਨ ਦਾ ਪੈਕੇਟ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਖਾਣ ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੀ ਨਾਮੀ ਕੰਪਨੀ ਵੱਲੋਂ ਆਪਣੇ ਨਮਕੀਨ ਦੇ ਪੈਕੇਟ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ  ਬਣਾਉਣ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਅਤੇ ਇਸ ਸਬੰਧੀ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਸ ਦੌਰਾਨ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲਾ ਇਹ ਪੈਕੇਟ ਨਾ ਖਰੀਦ ਕੇ ਇਸ ਦਾ ਵਿਰੋਧ ਕੀਤਾ ਜਾਵੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਹਲਦੀਰਾਮ ਨਾਂ ਦੀ ਕੰਪਨੀ ਵੱਲੋਂ ਆਪਣੇ ਇਕ ਨਮਕੀਨ ਦੇ ਪੈਕੇਟ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਗਈ ਹੈ। ਇਹ ਮਾਮਲਾ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਸੋਸ਼ਲ ਮੀਡੀਆ ‘ਤੇ ਪੈਕੇਟ ਦੀ ਤਸਵੀਰ ਵਾਇਰਲ ਹੋਈ ਹੈ, ਜਿਸ ਉੱਪਰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਹੋਈ ਹੈ। ਹੇਠਾਂ ਕੰਪਨੀ ਦਾ ਨਾਂ ਅਤੇ ਪਤਾ ਆਦਿ ਲਿਖਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿਚ ਸਿੱਖ ਸੰਗਤ ਨੇ ਸਖ਼ਤ ਇਤਰਾਜ਼ ਜਤਾਇਆ ਹੈ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਇਸ ਕੰਪਨੀ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ।
ਉਨ੍ਹਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਦਾ ਸਾਂਝਾ ਧਾਰਮਿਕ ਅਸਥਾਨ ਹੈ, ਜਿੱਥੇ ਹਰ ਵਰਗ ਦੇ ਲੋਕ ਨਤਮਸਤਕ ਹੁੰਦੇ ਹਨ। ਸਿੱਖ ਕੌਮ ਲਈ ਇਹ ਕੇਂਦਰੀ ਧਾਰਮਿਕ ਅਸਥਾਨ ਹੈ। ਇਸ ਲਈ ਇਸ ਦੀ ਪਵਿੱਤਰਤਾ ਅਤੇ ਸਤਿਕਾਰ ਨੂੰ ਢਾਹ ਲਾਉਣ ਵਾਲੀ ਕੋਈ ਵੀ ਕਾਰਵਾਈ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕੰਪਨੀ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਮਾਹਿਰਾਂ ਰਾਹੀਂ ਕੰਪਨੀ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਉਨ੍ਹਾਂ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਕੰਪਨੀ ਦੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਨਮਕੀਨ ਦੇ ਪੈਕੇਟ ਨੂੰ ਰੋਸ ਵਜੋਂ ਨਾ ਖਰੀਦਿਆ ਜਾਵੇ।