ਸਿਖ ਨੌਜਵਾਨ ‘ਜਸ਼ਨਪ੍ਰੀਤ’ ਕੈਨੇਡਾ ’ਚ ਬਣਿਆ ਫੈਡਰਲ ਕਰੈਕਸ਼ਨਲ ਆਫ਼ੀਸਰ 

ਸਿਖ ਨੌਜਵਾਨ ‘ਜਸ਼ਨਪ੍ਰੀਤ’ ਕੈਨੇਡਾ ’ਚ ਬਣਿਆ ਫੈਡਰਲ ਕਰੈਕਸ਼ਨਲ ਆਫ਼ੀਸਰ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਸੰਘਰ ਦੇ ਵਾਸੀ ਜਸ਼ਨਪ੍ਰੀਤ ਸਿੰਘ ਬਰਾੜ ਪੁੱਤਰ ਕੌਰ ਸਿੰਘ ਬਰਾੜ ਨੇ ਕੈਨੇਡਾ ’ਚ ਫੈਡਰਲ ਕਰੈਕਸ਼ਨਲ ਆਫ਼ੀਸਰ (ਪੀਸ ਅਫਸਰ) ਬਣ ਆਪਣੇ ਮਾਤਾ-ਪਿਤਾ ਦਾ ਹੀ ਨਹੀਂ ਬਲਕਿ ਆਪਣੇ ਜ਼ਿਲ੍ਹੇ ਦਾ ਨਾ ਰੌਸ਼ਨ ਕੀਤਾ ਹੈ। ਬਚਪਨ ਤੋਂ ਹੀ ਜਸ਼ਨਪ੍ਰੀਤ ਸਿੰਘ ਨੇ ਆਪਣੇ ਪਿਤਾ ਜੋਕਿ ਪੰਜਾਬ ਪੁਲਿਸ ’ਚ ਸਹਾਇਕ ਥਾਣੇਦਾਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਵਾਂਗ ਸਰਕਾਰੀ ਨੌਕਰੀ ਕਰਨ ਦਾ ਸੁਪਨਾ ਲਿਆ ਸੀ। ਜਸ਼ਨਪ੍ਰੀਤ ਦੇ ਪਿਤਾ ਕੌਰ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਬਚਪਨ ਤੋਂ ਹੀ ਪੁਲਿਸ ਵਿਭਾਗ ’ਚ ਭਰਤੀ ਹੋ ਕੇ ਲੋਕ ਸੇਵਾ ਕਰਨਾ ਚਾਹੁੰਦਾ ਸੀ। ਆਪਣੇ ਪਿਤਾ ਦੇ ਨਕਸ਼ੇ ਕਦਮਾ ’ਤੇ ਚਲਦਿਆਂ ਲਗਨ ਨਾਲ ਪੜ੍ਹਾਈ ਤੇ ਸਖ਼ਤ ਮਿਹਨਤ ਕਰਦਿਆਂ ਜਸ਼ਨਪ੍ਰੀਤ ਨੇ ਕੈਨੇਡਾ ’ਚ ਪੁਲਿਸ ਵਿਭਾਗ ’ਚ ਨੌਕਰੀ ਕਰਨ ਦਾ ਆਪਣਾ ਸੁਪਨਾ ਪੂੁਰਾ ਕੀਤਾ ਹੈ।

ਸਾਲ 2017 ’ਚ ਡੇਰਾ ਭਾਈ ਮਸਤਾਨ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਤੋਂ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ‘ਜਸ਼ਨਪ੍ਰੀਤ ਸਿੰਘ’ ਉੱਚ ਸਿੱਖਿਆ ਲਈ ਕੈਨੇਡਾ ਚਲਾ ਗਿਆ ਸੀ ਜਿੱਥੇ ‘ਜਸ਼ਨਪ੍ਰੀਤ ਸਿੰਘ’ ਨੇ ਅਣਥੱਕ ਮਿਹਨਤ ਦੇ ਸਦਕਾ ਉੱਚ ਵਿੱਦਿਆ ਹਾਸਲ ਕੀਤੀ। ਜਸ਼ਨਪ੍ਰੀਤ ਨੇ ਪਾਰਟ ਟਾਈਮ ਕੰਮ ਕਰਦਿਆਂ 2021 ’ਚ ਕੈਨੇਡਾ ਦੀ ਪੀਆਰ (ਪਰਮਾਨੈਂਟ ਰੈਜ਼ੀਡੈਂਸੀ) ਪ੍ਰਾਪਤ ਕੀਤੀ, ਪਰ ਉਹ ਏਥੇ ਹੀ ਨਹੀਂ ਰੁਕਿਆ, ਉਸ ਨੇ ਲਗਨ ਨਾਲ ਪੜ੍ਹਾਈ ਕਰਦਿਆਂ ਆਨਲਾਈਨ ਪੇਪਰ ਦਿੱਤਾ ਜਿਸ ਵਿੱਚੋਂ ਉਹ ਸਫ਼ਲ ਹੋਇਆ ਅਤੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਕੈਨੇਡਾ ’ਚ ਬਤੌਰ ਪੀਸ ਅਫ਼ਸਰ ਭਰਤੀ ਹੋ ਕੇ ਆਪਣੇ ਪਰਿਵਾਰ ਦਾ ਹੀ ਨਹੀਂ ਬਲਕਿ ਪੂਰੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।