ਟਰੈਵਲ ਏਜੰਟਾਂ ਰਾਹੀਂ ਅਮਰੀਕਾ ਪੁੱਜੇ ਛੇ ਪੰਜਾਬੀ ਨੌਜਵਾਨ ਲਾਪਤਾ

ਟਰੈਵਲ ਏਜੰਟਾਂ ਰਾਹੀਂ ਅਮਰੀਕਾ ਪੁੱਜੇ ਛੇ ਪੰਜਾਬੀ ਨੌਜਵਾਨ ਲਾਪਤਾ

ਪੀੜਤ ਸਰਬਜੀਤ ਦੇ ਦਾਦਾ-ਦਾਦੀ ਅਤੇ ਮਾਂ ਮੁਕੇਰੀਆਂ ਤਹਿਸੀਲ ਦੇ ਪਿੰਡ ਪਰੀਕਾ ਵਿਚ ਉਸ ਦੀ ਤਸਵੀਰ ਦਿਖਾਉਂਦੇ ਹੋਏ।
ਜਲੰਧਰ/ਬਿਊਰੋ ਨਿਊਜ਼ :
ਲਗਪਗ ਇਕ ਸਾਲ ਪਹਿਲਾਂ ਦੋ ਟਰੈਵਲ ਏਜੰਟਾਂ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਦੀ ਕੋਸ਼ਿਸ਼ ਦੌਰਾਨ ‘ਭੇਤਭਰੇ ਹਾਲਾਤ’ ਵਿਚ ਲਾਪਤਾ ਹੋਏ ਪੰਜਾਬ ਦੇ ਛੇ ਨੌਜਵਾਨਾਂ ਦੇ ਪਰਿਵਾਰ ਹੁਣ ਵਿਲਕ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਕਥਿਤ ਤੌਰ ‘ਤੇ 27 ਮਈ 2017 ਨੂੰ ਭਾਰਤ ਤੋਂ ਬਹਾਮਾਸ ਲਿਜਾਇਆ ਗਿਆ ਸੀ ਤੇ ਉੱਥੋਂ ਟਰੈਵਲ ਏਜੰਟ ਉਨ੍ਹਾਂ ਨੂੰ ਫ੍ਰੀਪੋਰਟ ਤੱਕ ਪਹੁੰਚਾਉਣ ਵਿਚ ਕਾਮਯਾਬ ਹੋ ਗਏ ਸਨ। ਉੱਥੇ ਪਹੁੰਚਣ ਤੋਂ ਬਾਅਦ ਉਹ ਭੇਤਭਰੇ ਢੰਗ ਨਾਲ ਲਾਪਤਾ ਹੋ ਗਏ ਤੇ ਉਨ੍ਹਾਂ ਦਾ ਕੋਈ ਖੁਰਾ ਖੋਜ ਨਹੀਂ ਲੱਭ ਰਿਹਾ ਤੇ ਹੁਣ ਏਜੰਟਾਂ ਨੇ ਵੀ ਪੱਲਾ ਝਾੜ ਦਿੱਤਾ ਹੈ।
ਇਨ੍ਹਾਂ ਨੌਜਵਾਨਾਂ ਵਿੱਚ ਮੁਕੇਰੀਆਂ ਨੇੜਲੇ ਪਿੰਡ ਪੁਰੀਕਾ ਦਾ ਸਰਬਜੀਤ ਸਿੰਘ, ਮੁਕੇਰੀਆਂ ਵਾਸੀ ਇੰਦਰਜੀਤ ਸਿੰਘ, 30 ਸਾਲਾ ਜਸਵਿੰਦਰ ਸਿੰਘ ਜੋ ਇਕ ਬੱਚੀ ਦਾ ਬਾਪ ਹੈ, ਗੁਰਦਾਸਪੁਰ ਜ਼ਿਲੇ ਵਿਚ ਬਿਆਨਪੁਰ ਪਿੰਡ ਦਾ ਵਸਨੀਕ ਅਮਨਦੀਪ ਸਿੰਘ, ਭੁਲੱਥ ਨੇੜਲੇ ਮਾਨਾਂ ਤਲਵੰਡੀ ਦਾ ਨਵਦੀਪ ਸਿੰਘ ਅਤੇ ਕਪੂਰਥਲਾ ਜ਼ਿਲੇ ਦੇ ਭੰਡਾਲ ਦੋਨਾ ਦਾ ਵਾਸੀ ਜਸਪ੍ਰੀਤ ਸਿੰਘ ਸ਼ਾਮਲ ਹਨ। ਜਸਵਿੰਦਰ ਨੂੰ ਛੱਡ ਕੇ ਬਾਕੀ ਪੰਜ ਨੌਜਵਾਨਾਂ ਦੀ ਉਮਰ 21 ਤੋਂ 23 ਸਾਲਾਂ ਵਿਚਕਾਰ ਹੈ। ਇਨ੍ਹਾਂ ਮੁੰਡਿਆਂ ਨਾਲ ਆਖਰੀ ਵਾਰ 2 ਅਗਸਤ 2017 ਨੂੰ ਬਹਾਮਾਸ ਨੇੜਲੇ ਫ੍ਰੀਪੋਰਟ ਟਾਪੂ ਤੋਂ ਫੋਨ ‘ਤੇ ਗੱਲ ਹੋਈ ਸੀ। ਉੁਸ ਤੋਂ ਬਾਅਦ ਉਨ੍ਹਾਂ ਨਾਲ ਰਾਬਤਾ ਖਤਮ ਹੋ ਗਿਆ ਸੀ ਤੇ ਉਨ੍ਹਾਂ ਨੂੰ ਭਿਜਵਾਉਣ ਵਾਲੇ ਟਰੈਵਲ ਏਜੰਟ ਵੀ ਰੂਪੋਸ਼ ਹੋ ਗਏ ਜਦਕਿ ਪਹਿਲਾਂ ਉਹੀ ਏਜੰਟ ਸਬੰਧਤ ਪਰਿਵਾਰਾਂ ਨੂੰ ਭਰੋਸਾ ਦਿੰਦੇ ਰਹਿੰਦੇ ਸਨ ਕਿ ਉਨ੍ਹਾਂ ਦੇ ਮੁੰਡੇ ਸਹੀ ਸਲਾਮਤ ਅਮਰੀਕਾ ਪਹੁੰਚ ਗਏ ਹਨ।
ਲੰਮੀ ਉਡੀਕ ਤੋਂ ਬਾਅਦ ਪੀੜਤ ਪਰਿਵਾਰਾਂ ਵੱਲੋਂ ਲੰਘੀ 7 ਨਵੰਬਰ 2017 ਨੂੰ ਐਫਆਈਆਰ ਦਰਜ ਕਰਾਉਣ ਤੋਂ ਬਾਅਦ ਦੋ ਏਜੰਟ ਸੁਖਵਿੰਦਰ ਤੇ ਨਿੱਕਾ ਫ਼ਰਾਰ ਹੋ ਗਏ ਤੇ ਹੁਣ ਸੁਪਰੀਮ ਕੋਰਟ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਚੁੱਕੀ ਹੈ।
ਇਨ੍ਹਾਂ ਪਰਿਵਾਰਾਂ ਨੇ ਆਪਣੇ ਫਰਜ਼ੰਦਾਂ ਨੂੰ ਅਮਰੀਕਾ ਦੀ ਧਰਤੀ ‘ਤੇ ਭੇਜਣ ਲਈ ਟਰੈਵਲ ਏਜੰਟਾਂ ਨੂੰ 12 ਲੱਖ ਰੁਪਏ ਤੋਂ ਲੈ ਕੇ 35 ਲੱਖ ਰੁਪਏ ਤੱਕ ਅਦਾਇਗੀ ਕੀਤੀ ਸੀ। ਸਰਬਜੀਤ ਸਿੰਘ ਦੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਨੇ ਕਿਹਾ, ਕਿ ” ਸਾਡੇ ਭਰਾਵਾਂ ਨਾਲ ਹੋਈ ਬੀਤੀ ਦਾ ਪਤਾ ਲਾਉਣ ਲਈ ਅਸੀਂ ਦਰ-ਦਰ ਭਟਕ ਰਹੇ ਹਾਂ ਪਰ ਕੋਈ ਵੀ ਸਾਡੀ ਬਾਂਹ ਨਹੀਂ ਫੜਦਾ। ਪੁਲੀਸ ਨੇ ਵੀ ਸਾਡੀ ਮਦਦ ਨਹੀਂ ਕੀਤੀ। ਇਕ ਟਰੈਵਲ ਏਜੰਟ ਦਾ ਮੁਕੇਰੀਆਂ ‘ਚ ਹੋਟਲ ਚੱਲ ਰਿਹਾ ਹੈ ਪਰ ਪੁਲੀਸ ਨੇ ਕਦੇ ਵੀ ਉਨ੍ਹਾਂ ਤੋਂ ਨਿੱਠ ਕੇ ਪੁੱਛ-ਪੜਤਾਲ ਨਹੀਂ ਕੀਤੀ।”
ਇਹ ਪੁੱਛੇ ਜਾਣ ‘ਤੇ ਕਿ ਉਨ੍ਹਾਂ ਦੀ ਨੌਜਵਾਨਾਂ ਨਾਲ ਗੱਲ ਕਿਵੇਂ ਹੁੰਦੀ ਰਹੀ ਤਾਂ ਗੁਰਪ੍ਰੀਤ ਨੇ ਦੱਸਿਆ ਕਿ ਇਕ ਟਰੈਵਲ ਏਜੰਟ ਆਪਣੇ ਫੋਨ ਤੋਂ ਉਨ੍ਹਾਂ ਦੇ ਮੁੰਡਾਂਂ ਨਾਲ ਗੱਲ ਕਰਾਉਂਦਾ ਸੀ।  ਸਾਰੇ ਮੁੰਡਿਆਂ ਨੇ ਦੱਸਿਆ ਸੀ ਕਿ ਉਹ ਫ੍ਰੀਪੋਰਟ ਪਹੁੰਚ ਗਏ ਹਨ ਤੇ ਠੀਕ ਠਾਕ ਹਨ। ਉਨ੍ਹਾਂ ਦੱਸਿਆ ਸੀ ਕਿ ਉਹ ਸਮੁੰਦਰੀ ਰਸਤੇ ਅਮਰੀਕਾ ਵਿਚ ਮਿਆਮੀ ਲਈ ਰਵਾਨਾ ਹੋ ਰਹੇ ਹਨ। ਉਸ ਤੋ ਬਾਅਦ ਉਨਾਂਂ ਨਾਲ ਕੋਈ ਰਾਬਤਾ ਨਹੀਂ ਹੋ ਸਕਿਆ ਤੇ ਫਿਰ ਏਜੰਟ ਨੇ ਵੀ ਸਾਡਾ ਫੋਨ ਚੁੱਕਣਾ ਬੰਦ ਕਰ ਦਿੱਤਾ। ਗੁਰਪ੍ਰੀਤ ਨੇ ਦੱਸਿਆ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਅਮਰੀਕਾ ਵਿਚ ਦਾਖ਼ਲ ਹੋਣ ਸਮੇਂ ਸਰਹੱਦੀ ਗਾਰਡਾਂ ਨੇ ਸਾਡੇ ਮੁੰਡਿਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਪਰ ਇਸ ਦੀ ਕਿਸੇ ਨੇ ਪੁਸ਼ਟੀ ਨਾ ਕੀਤੀ।
ਸਰਬਜੀਤ ਸਿੰਘ ਦਾ ਪਿਤਾ ਜਰਨੈਲ ਸਿੰਘ ਇਟਲੀ ਵਿਚ ਕੰਮ ਕਰਦਾ ਹੈ ਤੇ ਉਸ ਨੇ ਦੱਸਿਆ ਕਿ ਉਨ੍ਹਾਂ ਅਮਰੀਕਾ ਭਿਜਵਾਉਣ ਵਾਸਤੇ 12 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਅਮਰੀਕਾ ਵਿੱਚ ਉਸ ਦੇ ਪੁੱਤਰ ਲਈ ਕੰਮ ਲੱਭ ਕੇ ਦਿਵਾਉਣ ਦਾ ਭਰੋਸਾ ਵੀ ਦਿਵਾਇਆ ਸੀ। ਉਨ੍ਹਾਂ ਕਿਹਾ ” ਕੰਮ ਤਾਂ ਕੀ ਦੁਆਉਣਾ ਸੀ ਹੁਣ ਸਾਨੂੰ ਆਪਣੇ ਬੱਚੇ ਦੀ ਖ਼ਬਰ ਨਹੀਂ ਮਿਲ ਰਹੀ।” ਸਰਬਜੀਤ ਦੀ ਮਾਂ ਸਤਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਸ਼ੁਰੂ ਤੋਂ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਨੂੰ ਲੈ ਕੇ ਸ਼ੰਕੇ ਸਨ ਪਰ ਏਜੰਟਾਂ ਵੱਲੋਂ ਵਾਰ-ਵਾਰ ਭਰੋਸਾ ਦਿਵਾਉਣ ਕਰ ਕੇ ਆਖਰ ਉਹ ਮੰਨ ਗਿਆ ਸੀ।
ਇਹੋ ਜਿਹੀ ਕਹਾਣੀ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਅਬਦੁੱਲ੍ਹਾਪੁਰ ਵਾਸੀ ਗੁਰਵਿੰਦਰ ਸਿੰਘ ਨੇ ਦੱਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਇੰਦਰਜੀਤ ਸਿੰਘ ਨੂੰ ਅਮਰੀਕਾ ਭਿਜਵਾਉਣ ਲਈ 12 ਲੱਖ ਰੁਪਏ ਟਰੈਵਲ ਏਜੰਟਾਂ ਨੂੰ ਦਿੱਤੇ ਸਨ ਤੇ ਹੁਣ ਉਹ ਉਨ੍ਹਾਂ ਦੇ ਖ਼ੈਰ-ਖ਼ਬਰ ਦੀ ਆਸ ‘ਚ ਦਿਨ ਕੱਟ ਰਹੇ ਹਨ।