ਪੰਜਾਬ ਸਰਕਾਰ ਵੱਲੋਂ ਇਤਿਹਾਸ ਦੇ ਸਿਲੇਬਸ ਦੀ ਪੁਣਛਾਣ ਕਰਨ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਇਤਿਹਾਸ ਦੇ ਸਿਲੇਬਸ ਦੀ ਪੁਣਛਾਣ ਕਰਨ ਦਾ ਐਲਾਨ

ਉੱਘੇ ਇਤਿਹਾਸਕਾਰ ਪ੍ਰੋ. ਕਿਰਪਾਲ ਸਿੰਘ ਦੀ ਅਗਵਾਈ ਚ ਸਿਲੇਬਸ ਦੀ ਨਜ਼ਰਸਾਨੀ ਲਈ ਛੇ ਮੈਂਬਰੀ ਨਿਗਰਾਨ ਕਮੇਟੀ ਕਾਇਮ
ਅਕਾਲੀ-ਭਾਜਪਾ ਸਮੇਂ ਕਾਇਮ ਸਾਲ 2014 ਦੇ ਪੈਨਲ ਦੀਆਂ ਸਿਫਾਰਸ਼ਾਂ ਦੀ ਘੋਖ ਵੀ ਕਰੇਗੀ ਕਮੇਟੀ
ਚੰਡੀਗੜ੍ਹ/ਅੰਮ੍ਰਿਤਸਰ ਟਾਈਮਜ਼ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਇਤਿਹਾਸ ਨਾਲ ਸਬੰਧਤ ਪੁਸਤਕਾਂ ਦੇ ਵਿਵਾਦ ਨੇ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਦੀ ਨੀਂਦ ਹਰਾਮ ਕਰ ਰੱਖੀ ਹੈ। ਇਸ ਵਿਵਾਦ ਨੂੰ ਠੱਲ੍ਹਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਵੱਡਾ ਐਲਾਨ ਕਰਦਿਆਂ ਸਮੁੱਚੇ ਸਿਲੇਬਸ ਦੀ ਪੁਣਛਾਣ ਕਰਨ ਦਾ ਅਹਿਮ ਕਦਮ ਚੁੱਕਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਉੱਘੇ ਇਤਿਹਾਸਕਾਰ ਪ੍ਰੋ. ਕਿਰਪਾਲ ਸਿੰਘ ਦੀ ਅਗਵਾਈ ਵਿੱਚ ਛੇ ਮੈਂਬਰੀ ਨਿਗਰਾਨ ਕਮੇਟੀ ਕਾਇਮ ਕਰਨ ਦਾ ਐਲਾਨ ਕੀਤਾ ਹੈ ਜੋ ਸਾਲ 2014 ਵਿੱਚ ਗਠਿਤ ਕੀਤੇ ਪੈਨਲ ਵੱਲੋਂ ਇਤਿਹਾਸ ਦੇ ਸਿਲੇਬਸ ਦੀ ਸਮੀਖਿਆ ਕਰਨ ਬਾਰੇ ਕੀਤੀਆਂ ਸਿਫਾਰਸ਼ਾਂ ਦੀ ਘੋਖ ਕਰਨ ਦੇ ਨਾਲ-ਨਾਲ ਭਵਿੱਖ ਵਿੱਚ ਸਾਰੀਆਂ ਇਤਿਹਾਸਕ ਕਿਤਾਬਾਂ ਦੀ ਵੀ ਨਜ਼ਰਸਾਨੀ ਕਰੇਗੀ।
ਇਸ ਮਸਲੇ ਉੱਤੇ ਬਿਨਾਂ ਵਜ੍ਹਾ ਸਿਆਸੀ ਰੋਟੀਆਂ ਸੇਕਣ ‘ਤੇ ਵਿਰੋਧੀ ਧਿਰ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਤਿਹਾਸਕ ਕਿਤਾਬਾਂ ਦੇ ਸਿਆਸੀਕਰਨ ਨੂੰ ਰੋਕਣ ਲਈ ਸਥਾਈ ਕਮੇਟੀ ਕਾਇਮ ਕਰਨ ਦਾ ਫੈਸਲਾ ਕੀਤਾ ਹੈ ਜੋ ਸਿਲੇਬਸ ਨੂੰ ਤਿਆਰ ਕਰਨ ਅਤੇ ਇਸ ਵਿਸ਼ੇ ‘ਤੇ ਗਲਤੀਆਂ ਰਹਿਤ ਕਿਤਾਬਾਂ ਯਕੀਨੀ ਬਣਾਉਣ ਵਿੱਚ ਕੰਮ ਕਰੇਗੀ।
ਮੁੱਖ ਮੰਤਰੀ ਨੇ ਇਸ ਮਾਮਲੇ ‘ਤੇ ਪੈਦਾ ਹੋਏ ਵਿਵਾਦ ਨੂੰ ਸਿਆਸੀ ਤੌਰ ‘ਤੇ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਐਨ.ਸੀ.ਆਈ.ਆਰ.ਟੀ. ਦੇ ਸਿਲੇਬਸ ਮੁਤਾਬਕ ਸਿਲੇਬਸ ਤੇ ਕਿਤਾਬਾਂ ਪ੍ਰਕਾਸ਼ਿਤ ਕਰਨ ਬਾਰੇ ਨਜ਼ਰਸਾਨੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸਲ ਵਿੱਚ ਇਸ ਤੋਂ ਪਹਿਲਾਂ ਇਤਿਹਾਸ ਦੀ ਕੋਈ ਕਿਤਾਬ ਹੀ ਨਹੀਂ ਸੀ ਅਤੇ ਜਿਸ ਦਾ ਜ਼ਿਕਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਜਾ ਰਿਹਾ ਹੈ, ਉਹ ਮਹਿਜ਼ ਗਾਈਡ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਕ ਵਾਰ ਫੇਰ ਸਪੱਸ਼ਟ ਕਰਦਿਆਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਸਿਲੇਬਸ ਹਟਾਇਆ ਨਹੀਂ ਗਿਆ ਅਤੇ ਸਿੱਖ ਗੁਰੂ ਸਾਹਿਬਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਸਿਲੇਬਸ ਨੂੰ ਕ੍ਰਮਵਾਰ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਉਪਰੰਤ ਮੁੱਖ ਮੰਤਰੀ ਵੱਲੋਂ ਐਲਾਨੀ ਕਮੇਟੀ ਬਾਰੇ ਸਰਕਾਰੀ ਬੁਲਾਰੇ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਪ੍ਰੋ. ਕਿਰਪਾਲ ਸਿੰਘ ਤੋਂ ਇਲਾਵਾ ਇਹ ਕਮੇਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਪ੍ਰੋ ਜੇ.ਐਸ. ਗਰੇਵਾਲ, ਸਾਬਕਾ ਪ੍ਰੋ-ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਅਤੇ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਐਮੀਰਾਈਟਸ ਪ੍ਰੋਫੈਸਰ ਇੰਦੂ ਬਾਂਗਾ ‘ਤੇ ਅਧਾਰਿਤ ਹੋਵੇਗੀ ਅਤੇ ਇਸ ਕਮੇਟੀ ਵਿੱਚ ਦੋ ਉੱਘੇ ਇਤਿਹਾਸਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਕੀਤੇ ਜਾਣਗੇ।
ਇਹ ਕਮੇਟੀ ਸਾਲ 2014 ਵਿੱਚ ਗਠਿਤ ਕੀਤੇ ਮਾਹਿਰਾਂ ਦੇ ਗਰੁੱਪ ਦੀਆਂ ਸਿਫਾਰਸ਼ਾਂ ‘ਤੇ ਵਿਚਾਰ ਕਰਕੇ ਰਿਪੋਰਟ ਕਰੇਗੀ ਅਤੇ ਗਰੁੱਪ ਦੀਆਂ ਸਿਫਾਰਸ਼ਾਂ ਤੋਂ ਬਾਅਦ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਨਵੇਂ ਸਿਲੇਬਸ ਵਿੱਚ ਕੀਤੀਆਂ ਤਬਦੀਲੀਆਂ ਵੀ ਘੋਖੇਗੀ ਅਤੇ ਜੇਕਰ ਕੋਈ ਦਰੁਸਤੀ ਕਰਨੀ ਹੋਈ ਤਾਂ ਉਸ ਬਾਰੇ ਆਪਣਾ ਸੁਝਾਅ ਦੇਵੇਗੀ।
ਕਮੇਟੀ ਨੂੰ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਲਈ ਪਾਠ ਪੁਸਤਕਾਂ ਦੇ ਵਿਸ਼ਾ-ਵਸਤੂ ਨੂੰ ਘੋਖਣ ਅਤੇ ਜੇਕਰ ਤੱਥਾਂ ‘ਚ ਤੇ ਹੋਰ ਗਲਤੀਆਂ ਹੋਣ ਤਾਂ ਉਨ੍ਹਾਂ ਨੂੰ ਸੋਧਣ ਬਾਰੇ ਸੁਝਾਅ ਦੇਣ ਦੇ ਨਾਲ-ਨਾਲ ਐਨ.ਸੀ.ਈ.ਆਰ.ਟੀ. ਵੱਲੋਂ ਨਿਰਧਾਰਤ ਇਤਿਹਾਸ ਦੇ ਸਿਲੇਬਸ ਦੇ ਮੁਤਾਬਕ ਕਰਨ ਲਈ ਆਖਿਆ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਕਮੇਟੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸਾਰੀਆਂ ਜਮਾਤਾਂ ਲਈ ਇਤਿਹਾਸ ਦੀਆਂ ਪਾਠ ਪੁਸਤਕਾਂ ਦੇ ਸਿਲੇਬਸ ਤੇ ਵਿਸ਼ਾ-ਵਸਤੂ ਦੀ ਨਜ਼ਰਸਾਨੀ ਕਰਨ ਅਤੇ ਤੱਥਾਂ ‘ਚ ਉਕਾਈ ਨਾ ਰਹਿਣ ਨੂੰ ਯਕੀਨੀ ਬਣਾਉਣ ਦੀ ਨਿਗਰਾਨੀ ਕਰਨ ਦੀ ਹਦਾਇਤ ਕੀਤੀ ਗਈ ਹੈ।
ਫੋਟੋ ਕੈਪਸ਼ਨ : ਕੈਪਟਨ ਅਮਰਿੰਦਰ ਸਿੰਘ ਪੰਜਾਬ ਭਵਨ ਚੰਡੀਗੜ੍ਹ ਚ ਸਿਲੇਬਸ ਦੀ ਨਜ਼ਰਸਾਨੀ ਲਈ ਨਿਗਰਾਨ ਕਮੇਟੀ ਕਾਇਮ ਕਰਨ ਦਾ ਐਲਾਨ ਕਰਦੇ ਹੋਏ।