ਸ਼ੀਲਾ ਦੀਕਸ਼ਿਤ ਦਾ ਦੋਸ਼ : ਚੋਣਾਂ ਲੜਣ ਤੋਂ ਭੱਜ ਰਹੇ ਨੇ ‘ਆਪ’ ਵਾਲੇ

ਸ਼ੀਲਾ ਦੀਕਸ਼ਿਤ ਦਾ ਦੋਸ਼ : ਚੋਣਾਂ ਲੜਣ ਤੋਂ ਭੱਜ ਰਹੇ ਨੇ ‘ਆਪ’ ਵਾਲੇ

ਨਵੀਂ ਦਿੱਲੀ/ਬਿਊਰੋ ਨਿਊਜ਼:
ਆਮ ਆਦਮੀ ਪਾਰਟੀ (ਆਪ) ਦੇ 20 ਵਿਧਾਇਕ ਅਯੋਗ ਠਹਿਰਾਏ ਜਾਣ ਮਗਰੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ (79 ਸਾਲ) ਨੇ ‘ਆਪ’ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਚੋਣਾਂ ਦਾ ਸਾਹਮਣਾ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਹੁਣ ਜ਼ਿਮਨੀ ਚੋਣਾਂ ਹੋਈਆਂ ਤਾਂ ਕਾਂਗਰਸ ਪਾਰਟੀ ਨੂੰ ਲਾਭ ਮਿਲੇਗਾ ਕਿਉਂਕਿ ਕੇਜਰੀਵਾਲ ਸਰਕਾਰ ਦੀ ਭਰੋਸੇਯੋਗਤਾ ਖ਼ਤਮ ਹੋ ਗਈ ਹੈ। ਦਿੱਲੀ ਦੀ ਸਭ ਤੋਂ ਲੰਬੇ ਸਮੇਂ ਤਕ ਮੁੱਖ ਮੰਤਰੀ ਰਹੀ ਦੀਕਸ਼ਿਤ ਨੇ ਦੋਸ਼ ਲਾਇਆ ਕਿ ‘ਆਪ’ ਜ਼ਿਮਨੀ ਚੋਣਾਂ ਤੋਂ ਕਿਨਾਰਾ ਕਰ ਰਹੀ ਹੈ ਕਿਉਂਕਿ ਉਸ ਨੇ ਵਾਅਦੇ ਪੂਰੇ ਨਹੀਂ ਕੀਤੇ ਹਨ।
ਖ਼ਬਰ ਏਜੰਸੀ ਨੂੰ ਦਿੱਤੇ ਗਏ ਇੰਟਰਵਿਊ ‘ਚ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਵਿਧਾਇਕਾਂ ਨੂੰ ਅਯੋਗ ਠਹਿਰਾ ਦਿੱਤਾ ਹੈ ਪਰ ‘ਆਪ’ ਚੋਣਾਂ ਤੋਂ ਬਚਣ ਲਈ ਅਜੇ ਵੀ ਕੋਸ਼ਿਸ਼ਾਂ ਕਰ ਰਹੀ ਹੈ। ‘ਜੇਕਰ ਤੁਸੀਂ ਅਜਿਹਾ ਕੁਝ ਗਲਤ ਕਰਦੇ ਹੋ ਤਾਂ ਉਸ ਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। ‘ਆਪ’ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਸਗੋਂ ਉਸ ਨੂੰ ਗਲਤੀ ਦੀ ਸਜ਼ਾ ਮਿਲ ਰਹੀ ਹੈ।’
ਸਾਬਕਾ ਕਾਂਗਰਸੀ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਸਮੇਂ ਸਿਰਫ਼ ਤਿੰਨ ਹੀ ਪਾਰਲੀਮਾਨੀ ਸਕੱਤਰ ਸਨ ਅਤੇ ਉਨ੍ਹਾਂ ਨੂੰ ਕੋਈ ਤਨਖ਼ਾਹ ਨਹੀਂ ਮਿਲਦੀ ਸੀ। ‘ਆਪ’ ਵੱਲੋਂ ਲਾਏ ਦੋਸ਼ ਖ਼ਾਰਿਜ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਰਵਾਇਤ ਤਾਂ ਪਿਛਲੀ ਸਰਕਾਰ ਤੋਂ ਹੀ ਚਲੀ ਆ ਰਹੀ ਸੀ ਅਤੇ ਉਸ ਨੇ ਤਾਂ ਇਸ ਨੂੰ ਸਿਰਫ਼ ਅੱਗੇ ਵਧਾਇਆ ਸੀ। ਦੀਕਸ਼ਿਤ ਨੇ ਕਿਹਾ ਕਿ ਜ਼ਿਮਨੀ ਚੋਣ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ‘ਤੇ ਰਾਇਸ਼ੁਮਾਰੀ ਹੋਵੇਗੀ ਕਿਉਂਕਿ ਉਹ ਇਹ ਸੀਟਾਂ ਜਿੱਤਣ ‘ਚ ਕਾਮਯਾਬ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਕੁਝ ਵੀ ਨਹੀਂ ਹੋ ਰਿਹਾ। ‘ਸੜਕਾਂ ਤਕ ਦੀ ਮੁਰੰਮਤ ਨਹੀਂ ਹੋ ਰਹੀ। ਕੋਈ ਵੀ ਨਹੀਂ ਜਾਣਦਾ ਕਿ ਸਕੂਲਾਂ ਦਾ ਕੀ ਬਣ ਰਿਹਾ ਹੈ। ਪੁਰਾਣੀਆਂ ਇਮਾਰਤਾਂ ਨੂੰ ਇੰਜ ਦਰਸਾਇਆ ਜਾ ਰਿਹਾ ਹੈ ਜਿਵੇਂ ਉਨ੍ਹਾਂ ਦੀ ਉਸਾਰੀ ‘ਆਪ’ ਨੇ ਹੀ ਕਰਵਾਈ ਹੋਵੇ।’ ਜ਼ਿਮਨੀ ਚੋਣ ਲੜਨ ਲਈ ਉਨ੍ਹਾਂ ਦਿਲਚਸਪੀ ਨਹੀਂ ਦਿਖਾਈ ਅਤੇ ਕਿਹਾ ਕਿ ਜੇਕਰ ਪਾਰਟੀ ਚਾਹੇਗੀ ਤਾਂ ਉਹ ਪ੍ਰਚਾਰ ਜ਼ਰੂਰ ਕਰ ਸਕਦੇ ਹਨ।