ਬਾਜਵਾ ਖੁਲ੍ਹੇਆਮ ਸਰਕਾਰ ਦੀ ਆਲੋਚਨਾ ਕਰਨੋਂ ਗੁਰੇਜ਼ ਕਰੇ-ਸੁਨੀਲ ਜਾਖੜ

ਬਾਜਵਾ ਖੁਲ੍ਹੇਆਮ ਸਰਕਾਰ ਦੀ ਆਲੋਚਨਾ ਕਰਨੋਂ ਗੁਰੇਜ਼ ਕਰੇ-ਸੁਨੀਲ ਜਾਖੜ

ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ ਖੁਦ ਵੀ ਸੂਬੇ ਦੇ ਪ੍ਰਧਾਨ ਰਹੇ ਹਨ ਅਤੇ ਉਨ੍ਹਾਂ ਨੂੰ ਪਤਾ ਹੋਣ ਚਾਹੀਦਾ ਹੈ ਕਿ ਕਿਹੜੇ ਮਸਲੇ ਕਿਸ ਥਾਂ ‘ਤੇ ਉਠਾਏ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਬਾਜਵਾ ਨੇ ਕੈਪਟਨ ਸਰਕਾਰ ਦੇ ਕੰਮ ਕਾਜ ਨੂੰ ਲੈ ਕੇ ਪਿਛਲੇ ਦਿਨੀਂ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਸ੍ਰੀ ਬਾਜਵਾ ਦੇ ਮਾਮਲੇ ਵਿੱਚ ਪਹਿਲਾਂ ਤਾਂ ਉਨ੍ਹਾਂ ਕੁਝ ਆਖਣ ਤੋਂ ਗੁਰੇਜ਼ ਕੀਤਾ ਪਰ ਵਾਰ ਵਾਰ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਨੇ ਜਿਹੜੇ ਮਾਮਲੇ ਜਨਤਕ ਤੌਰ ‘ਤੇ ਉਠਾਏ ਹਨ, ਉਨ੍ਹਾਂ ਨੂੰ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਉਠਾ ਸਕਦੇ ਹਨ। ਉਨ੍ਹਾਂ ਕਿਹਾ,”ਸ੍ਰੀ ਬਾਜਵਾ ਨੂੰ ਸਹੀ ਥਾਂ ‘ਤੇ ਮਾਮਲੇ ਉਠਾਉਣ ਦੀ ਲੋੜ ਸੀ।” ਸ੍ਰੀ ਜਾਖੜ ਮੁਤਾਬਕ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦ੍ਰਿੜ੍ਹ ਇਰਾਦੇ ਅਤੇ ਚੰਗਾ ਕੰਮ ਵਾਲੇ ਨੌਜਵਾਨਾਂ ਨੂੰ ਪਾਰਟੀ ‘ਚ ਅੱਗੇ ਲਿਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨੌਜਵਾਨਾਂ ਦੀ ਅਜਿਹੀ ਲੀਡਰਸ਼ਿਪ ਤਿਆਰ ਕਰਨ ਦੀ ਲੋੜ ਹੈ ਜਿਸ ਨੂੰ ਨਵੇਂ ਪ੍ਰਧਾਨ ਦੀ ਚੋਣ ਸਮੇਂ ਜ਼ਿੰਮੇਵਾਰੀਆਂ ਸੌਂਪੀਆਂ ਜਾ ਸਕਣ। ‘ਨੌਜਵਾਨਾਂ ਤੋਂ ਬਿਨਾਂ ਪਾਰਟੀ ਦਾ ਕੋਈ ਭਵਿੱਖ ਨਹੀਂ ਹੈ ਅਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਅੱਗੇ ਲਿਆਵਾਂਗੇ। ਟਿਕਟ ਤਾਂ ਬਹੁਤ ਥੋੜੇ ਆਗੂਆਂ ਨੂੰ ਮਿਲਦੀ ਹੈ ਪਰ ਪਾਰਟੀ ਦੀ ਜਿੱਤ ਵਿੱਚ ਬਹੁਤ ਸਾਰੇ ਨੌਜਵਾਨਾਂ ਵੱਲੋਂ  ਯੋਗਦਾਨ ਪਾਇਆ ਜਾਂਦਾ ਹੈ। ਜਿਹੜੇ ਨੌਜਵਾਨਾਂ ਵੱਲੋਂ ਸਮਰਪਿਤ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ, ਉਨ੍ਹਾਂ ਨੂੰ ਪਾਰਟੀ ‘ਚ ਮੋਹਰੀ ਭੂਮਿਕਾ ਦਿੱਤੀ ਜਾਵੇਗੀ।’ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਕੁਝ ਦਿਨ ਪਹਿਲਾਂ ਦਿੱਲੀ ‘ਚ ਕੀਤੀ ਗਈ ਮੀਟਿੰਗ ਸਬੰਧੀ ਪੁੱਛੇ ਗਏ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨੇ ਸਪੱਸ਼ਟ ਕੀਤਾ ਹੈ ਕਿ ਕਾਂਗਰਸ ਸਰਕਾਰ ਨੂੰ ਅਜਿਹੇ ਕਿਸੇ ਆਗੂ ਦਾ ਭਾਰ ਚੁੱਕਣ ਦੀ ਲੋੜ ਨਹੀਂ ਹੈ ਜਿਸ ਦਾ ਪਾਰਟੀ ਦੀ ਸਾਖ ‘ਤੇ ਮਾੜਾ ਅਸਰ ਪੈਂਦਾ ਹੋਵੇ। ਕਰਜ਼ਾ ਮੁਆਫੀ ਸਕੀਮ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਯੋਜਨਾ ਨਵੰਬਰ ਤਕ ਛੇ, ਸੱਤ ਪੜਾਵਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਮੁਤਾਬਕ ਇਸ ਸਕੀਮ ਵਿਚਲੀਆਂ ਖਾਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀ ਕਰਜ਼ਾ ਮੁਆਫੀ ਬਾਰੇ ਅਕਾਲੀਆਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਬਾਰੇ ਉਨ੍ਹਾਂ ਕਿਹਾ ਕਿ ਉਹ (ਅਕਾਲੀ ਦਲ) ਤਾਂ ਇਸ ਤੋਂ ਭੱਜ ਗਏ ਸਨ। ਹੁਣ ਉਨ੍ਹਾਂ ਨੂੰ ਕਰਜ਼ਾ ਮੁਆਫੀ ਬਾਰੇ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਯਤਨ ਕਰ ਰਹੀ ਹੈ ਅਤੇ ਖਜ਼ਾਨਾ ਖਾਲੀ ਹੋਣ ਦੀ ਸੂਰਤ ਵਿੱਚ ਕਰਜ਼ਾ ਮੁਆਫੀ ਦਾ ਫ਼ੈਸਲਾ ਲੈਣਾ ਆਸਾਨ ਨਹੀਂ ਸੀ।