ਹਿਮਾਚਲ ਦੇ ਦੂਨ ਹਲਕੇ ਤੋਂ ਸਿੱਖ ਉਮੀਦਵਾਰ ਜੇਤੂ

ਹਿਮਾਚਲ ਦੇ ਦੂਨ ਹਲਕੇ ਤੋਂ ਸਿੱਖ ਉਮੀਦਵਾਰ ਜੇਤੂ

ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼:
ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ‘ਚ ਦੂਨ ਵਿਧਾਨ ਸਭਾ ਹਲਕੇ ਤੋਂ ਇਕੋ-ਇਕ ਭਾਜਪਾ ਦੇ ਸਿੱਖ ਉਮੀਦਵਾਰ 52 ਸਾਲਾ ਪਰਮਜੀਤ ਸਿੰਘ ਪੰਮੀ ਨੇ 4300 ਵੋਟਾਂ ਨਾਲ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ ਤੇ ਉਹ ਹਿਮਾਚਲ ਪ੍ਰਦੇਸ਼ ਦੇ ਇਕੋ-ਇਕ ਸਿੱਖ ਵਿਧਾਇਕ ਬਣ ਗਏ ਹਨ । ਦੱਸਣਯੋਗ ਹੈ ਕਿ ਟਰਾਂਸਪੋਰਟ ਕਿੱਤੇ ਨਾਲ ਜੁੜੇ ਹੋਏ ਗੁੱਜਰ ਬਰਾਦਰੀ ਨਾਲ ਸਬੰਧਿਤ ਪਰਮਜੀਤ ਸਿੰਘ ਪੰਮੀ ਪਹਿਲਾਂ ਕਾਂਗਰਸ ਨਾਲ ਜੁੜੇ ਹੋਏ ਸਨ, ਤੇ ਉਹ ਜ਼ਿਲ੍ਹਾ ਕਾਂਗਰਸ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹੇ ਹਨ, ਤੇ ਉਨ੍ਹਾਂ ਦੇ ਪਿਤਾ ਗਿਆਨ ਸਿੰਘ 24 ਸਾਲ ਨਾਲਾਗੜ੍ਹ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ । ਲਹੀਕੜਿਆਣਾ ਪਿੰਡ ਦੇ ਜੰਮਪਲ ਪੰਮੀ ਵਲੋਂ 2012 ਦੀ ਵਿਧਾਨ ਸਭਾ ਚੋਣ ‘ਚ ਬਤੌਰ ਆਜ਼ਾਦ ਉਮੀਦਵਾਰ ਕਿਸਮਤ ਅਜ਼ਮਾਈ ਸੀ ਤੇ 10,500 ਵੋਟਾਂ ਹਾਸਲ ਕੀਤੀਆਂ ਸਨ । ਇਸ ਤੋਂ ਬਾਅਦ ਉਹ 2016 ‘ਚ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਗਏ । ਪੰਮੀ ਨੇ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਵਿਧਾਇਕ ਚੌਧਰੀ ਰਾਮ ਕੁਮਾਰ ਨੂੰ 4300 ਵੋਟਾਂ ਨਾਲ ਹਰਾਇਆ । ਉਨ੍ਹਾਂ ਨੂੰ 25,198 ਵੋਟਾਂ ਮਿਲੀਆਂ, ਜਦੋਂਕਿ ਪੰਮੀ ਨੂੰ 29,498 ਵੋਟਾਂ ਪਈਆਂ । ਜ਼ਿਕਰਯੋਗ ਹੈ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਦੋ ਹੋਰ ਸਿੱਖ ਉਮੀਦਵਾਰਾਂ ਨੇ ਨਾਲਾਗੜ੍ਹ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਛੱਡ ਕੇ ਆਜ਼ਾਦ ਉਮੀਦਵਾਰ ਵਜੋਂ ਹਰਦੀਪ ਸਿੰਘ ਬਾਵਾ ਨੇ ਚੋਣ ਲੜੀ, ਜਿਨ੍ਹਾਂ ਨੂੰ 13,014 ਵੋਟਾਂ ਮਿਲੀਆਂ ਜਦੋਂਕਿ ਸਾਬਕਾ ਵਿਧਾਇਕ ਹਰੀ ਨਰਾਇਣ ਸਿੰਘ ਸੈਣੀ ਦੇ ਭਤੀਜੇ ਹਰਪ੍ਰੀਤ ਸਿੰਘ ਸੈਣੀ ਨੂੰ 5422 ਵੋਟਾਂ ਮਿਲੀਆਂ ਤੇ ਦੋਵੇਂ ਉਮੀਦਵਾਰ ਚੋਣ ਹਾਰ ਗਏ ।