ਅਕਾਲੀ ਦਲ ਵੱਲੋਂ ਮਿਉਂਸਪਲ ਚੋਣਾਂ ‘ਚ ਵਿਰੋਧੀਆਂ ਲਈ ਅੜਿੱਕੇ ਖੜ੍ਹੇ ਕਰਨ ਦੇ ਦੋਸ਼

ਅਕਾਲੀ ਦਲ ਵੱਲੋਂ ਮਿਉਂਸਪਲ ਚੋਣਾਂ ‘ਚ ਵਿਰੋਧੀਆਂ ਲਈ ਅੜਿੱਕੇ ਖੜ੍ਹੇ ਕਰਨ ਦੇ ਦੋਸ਼

ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਸਰਕਾਰੀ ਮਸ਼ੀਨਰੀ ਵੱਲੋਂ ਵਿਰੋਧੀ ਉਮੀਦਵਾਰਾਂ ਨੂੰ ਵੋਟਰ ਸੂਚੀਆਂ ਤੇ ਐਨਓਸੀ ਤੋਂ ਵਾਂਝਾ ਕਰ ਕੇ ਅਸਿੱਧੇ ਢੰਗ ਨਾਲ ਕਾਰਪੋਰੇਸ਼ਨ, ਮਿਉਂਸਿਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਾਸਤੇ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ ਜਾ ਰਿਹਾ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਮਿਸ਼ਨ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਪਾਏ ਜਾ ਰਹੇ ਅੜਿੱਕਿਆਂ ਨੂੰ ਦੂਰ ਕਰਨ ਲਈ ਆਖਿਆ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਿਉਂਸਿਪਲ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋਣ ਦੇ ਬਾਵਜੂਦ ਕੁਝ ਮਿਉਂਸਿਪਲ ਕਮੇਟੀਆਂ ਤੇ ਨਗਰ ਪੰਚਾਇਤਾਂ, ਜਿਨ੍ਹਾਂ ਵਿੱਚ ਧਰਮਕੋਟ, ਪੰਜਤੂਰ (ਜ਼ਿਲ੍ਹਾ ਮੋਗਾ), ਢਿੱਲਵਾਂ, ਬੇਗੋਵਾਲ ਤੇ ਭੁਲੱਥ (ਜ਼ਿਲ੍ਹਾ ਕਪੂਰਥਲਾ) ਸ਼ਾਮਲ ਹਨ, ਵਿੱਚ ਅਜੇ ਤੱਕ ਵੋਟਰ ਸੂਚੀਆਂ ਨਹੀਂ ਪਹੁੰਚੀਆਂ। ਉਨ੍ਹਾਂ ਕਿਹਾ ਕਿ ਲਾਲ ਫ਼ੀਤਾਸ਼ਾਹੀ ਵੱਲੋਂ ਵਿਰੋਧੀਆਂ ਨੂੰ ਚੋਣ ਪਿੜ ਤੋਂ ਬਾਹਰ ਰੱਖਣ ਵਾਸਤੇ ਜਾਣਬੁੱਝ ਕੇ ਬੇਲੋੜੀਆਂ ਦਫ਼ਤਰੀ ਉਲਝਣਾਂ ਪੈਦਾ ਕੀਤੀਆਂ ਜਾ ਰਹੀਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਕੁਝ ਮਿਉਂਸਿਪਲ ਕਮੇਟੀਆਂ ਜਿਵੇਂ ਧਰਮਕੋਟ, ਪੰਜਤੂਰ ਤੇ ਨਗਰ ਪੰਚਾਇਤਾਂ ਮੱਲਾਂਵਾਲਾ ਤੇ ਮੱਖੂ ਵਿੱਚ ਉਮੀਦਵਾਰਾਂ ਨੂੰ ਸਿਆਸੀ ਕਾਰਨਾਂ ਕਰਕੇ ਐਨਓਸੀ ਜਾਰੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖਾਮੀਆਂ ਦੀ ਜਾਂਚ ਕਰਵਾ ਕੇ ਸਬੰਧਤ ਅਧਿਕਾਰੀਆਂ ਖ਼ਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ  ਵਿਰੋਧੀ ਉਮੀਦਵਾਰਾਂ ਨੂੰ ਟੇਢੇ ਢੰਗ ਨਾਲ ਚੋਣ ਲੜਨ ਤੋਂ ਰੋਕਣ ਦੀਆਂ ਸਾਜ਼ਿਸ਼ਾਂ ਨੂੰ ਨੱਥ ਪਾਈ ਜਾਵੇ ਤੇ ਚੋਣ ਅਮਲੇ ਨੂੰ ਚੋਣਾਂ ਵਿੱਚ ਨਿਰਪੱਖ ਰਹਿਣ ਦੀ ਹਦਾਇਤ ਕੀਤੀ ਜਾਵੇ।