ਬੇਅੰਤ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਵੱਲੋਂ ਜਿਰ੍ਹਾ ਤੋਂ ਇਨਕਾਰ

ਬੇਅੰਤ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਵੱਲੋਂ ਜਿਰ੍ਹਾ ਤੋਂ ਇਨਕਾਰ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਮੁਲਜ਼ਮ ਭਾਈ ਜਗਤਾਰ ਸਿੰਘ ਤਾਰਾ ਨੇ ਅਦਾਲਤ ਵਿੱਚ ਜਿਰ੍ਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਅਦਾਲਤ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ ਆਪਣੇ ਬਚਾਅ ਵਾਸਤੇ ਕੁਝ ਨਹੀਂ ਕਹਿਣਾ ਚਾਹੁੰਦਾ। ਇਸ ਦੇ ਨਾਲ ਹੀ ਕੇਸ ਨਾਲ ਸਬੰਧਤ ਗਵਾਹੀਆਂ ਖ਼ਤਮ ਹੋ ਗਈਆਂ ਹਨ ਅਤੇ ਕੇਸ ਨਿਬੇੜੇ ਨੇੜੇ ਪੁੱਜ ਗਿਆ ਹੈ। ਸਖ਼ਤ ਸਰੁੱਖਿਆ ਵਾਲੀ ਬੁੜੈਲ ਜੇਲ੍ਹ, ਚੰਡੀਗੜ੍ਹ ਵਿੱਚ ਕੇਸ ਦੀ ਸੁਣਵਾਈ ਹੋਈ ਹੈ।
ਯੂਟੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਬੀਰ ਸਿੰਘ ਸਿੱਧੂ ਦੀ  ਅਦਾਲਤ ਨੇ ਸੁਣਵਾਈ ਵੀਡੀਓ ਕਾਨਫ਼ਰੰਸ ਰਾਹੀਂ ਕੀਤੀ ਅਤੇ ਡੀਐਨਏ ਮਾਹਰ ਡਾਕਟਰ ਲਲਿਤ ਹੈਦਰਾਬਾਦ ਦੇ ਬਿਆਨ ਲਏ ਗਏ। ਉਹ ਕੇਸ ਦਾ ਆਖ਼ਰੀ ਗਵਾਹ ਹੈ। ਅਗਲੀ ਤਰੀਕ ‘ਤੇ ਆਈਪੀਸੀ ਦੀ ਧਾਰਾ ਦੇ ਸੈਕਸ਼ਨ 313 ਤਹਿਤ ਬਿਆਨ ਦਰਜ ਕੀਤੇ ਜਾਣਗੇ।
ਬੇਅੰਤ ਸਿੰਘ ਦੀ ਮੌਤ 31 ਅਗਸਤ 1995 ਨੂੰ ਸਿਵਲ ਸਕੱਤਰ ਵਿੱਚ ਇੱਕ ਬੰਬ ਧਮਾਕੇ ਵਿੱਚ ਹੋ ਗਈ ਸੀ। ਪੁਲੀਸ ਨੇ ਕਤਲ ਦੇ ਦੋਸ਼ ਹੇਠ 9 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚੋਂ 8 ਦਾ ਫ਼ੈਸਲਾ ਹੋ ਚੁੱਕਾ ਹੈ। ਭਾਈ ਜਗਤਾਰ ਸਿੰਘ ਤਾਰਾ ਜੇਲ੍ਹ ਵਿੱਚੋਂ ਫ਼ਰਾਰ ਹੋ ਗਿਆ ਸੀ ਅਤੇ  ਕੇਸ ਦੇ ਪਹਿਲਾਂ ਸੁਣਾਏ ਫ਼ੈਸਲੇ ਵੇਲੇ ਉਹ ਅਦਾਲਤ ਵਿੱਚ ਮੌਜੂਦ ਨਹੀਂ ਸੀ। ਉਸ ਦੇ ਪੁਲੀਸ ਦੀ ਗ੍ਰਿਫ਼ਤ ਵਿੱਚ ਆ ਜਾਣ ਤੋਂ ਬਾਅਦ ਵੱਖਰਾ ਕੇਸ ਚਲਾਇਆ ਜਾ ਰਿਹਾ ਹੈ। ਕੇਸ ਦੀ ਅਗਲੀ ਸੁਣਵਾਈ 4 ਅਕਤੂਬਰ ਨੂੰ ਹੋਣੀ ਹੈ। ਭਾਈ ਤਾਰਾ ਦੇ ਵਕੀਲ ਸਿਮਰਜੀਤ ਸਿੰਘ ਨੇ ਯੂਟੀ ਪ੍ਰਸ਼ਾਸਨ ‘ਤੇ ਭਾਈ ਤਾਰਾ ਦੀ ਪਿੱਠ ਦਰਦ ਦਾ ਇਲਾਜ ਨਾ ਕਰਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇਗੀ।