ਖੱਟਰ ਸਰਕਾਰ ਦੀ ਤੀਜੀ ਵਾਰ ਨਾਕਾਮ:

ਖੱਟਰ ਸਰਕਾਰ ਦੀ ਤੀਜੀ ਵਾਰ ਨਾਕਾਮ:

ਚੰਡੀਗੜ੍ਹ/ਬਿਊਰੋ ਨਿਊਜ਼ :
ਪਹਿਲੀ ਵਾਰ ਵਿਧਾਇਕ ਬਣੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਤਿੰਨ ਸਾਲਾਂ ਵਿਚ ਤੀਜੀ ਵਾਰ ਸਮੇਂ ਦੀ ਨਬਜ਼ ਪਛਾਣਨ ਵਿੱਚ ਨਾਕਾਮ ਰਹੀ ਹੈ। ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ੀ ਮੌਕੇ ਹਾਲਾਤ ਦੀ ਨਾਜ਼ੁਕਤਾ ਨੂੰ ਸਮਝਣ ਵਿੱਚ ਮੁੜ ਚਕਮਾ ਖਾਂਦਿਆਂ ਚਾਰੇ ਖਾਨੇ ਚਿੱਤ ਹੋ ਗਈ। ਸੀਬੀਆਈ ਅਦਾਲਤ ਨੇ ਡੇਰਾ ਮੁਖੀ ਨੂੰ 15 ਸਾਲ ਪੁਰਾਣੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ।
ਮੌਜੂਦਾ ਘਟਨਾਕ੍ਰਮ ਤੋਂ ਲਗਦਾ ਹੈ ਕਿ ਖੱਟਰ ਸਰਕਾਰ ਨੇ ਅਮਨ ਤੇ ਕਾਨੂੰਨ ਦੀ ਬਹਾਲੀ ਨੂੰ ਲੈ ਕੇ ਆਪਣੀਆਂ ਪਿਛਲੀਆਂ ਨਾਕਾਮੀਆਂ ਰਾਮਪਾਲ (2014) ਤੇ ਜਾਟ ਅੰਦੋਲਨ (2016) ਤੋਂ ਕੋਈ ਸਬਕ ਨਹੀਂ ਸਿੱਖਿਆ। ਰਾਮਪਾਲ ਦੇ ਹਮਾਇਤੀਆਂ ਨਾਲ ਹੋਏ ਟਕਰਾਅ ਦੌਰਾਨ ਛੇ ਜਦਕਿ ਜਾਟ ਅੰਦੋਲਨ ਦੇ ਹਿੰਸਕ ਹੋਣ ਕਰਕੇ 30 ਜਾਨਾਂ ਜਾਂਦੀਆਂ ਰਹੀਆਂ ਸਨ। ਸ੍ਰੀ ਖੱਟਰ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਮੋਹਰੇ ਹੋ ਕੇ ਅਗਵਾਈ ਦੇਣ ‘ਚ ਅਸਫ਼ਲ ਰਹੇ। ਡੇਰਾ ਸਿਰਸਾ ਮੁਖੀ ਦੀ ਪੇਸ਼ੀ ਮੌਕੇ ‘ਸੰਕਟਮਈ ਹਾਲਾਤ’ ਨਾਲ ਨਜਿੱਠਣ ਲਈ ਉਹ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ‘ਤੇ ਹੀ ਮੁਨੱਸਰ ਰਹੇ, ਪਰ ਪੰਚਕੂਲਾ ਵਿੱਚ ਹਾਲਾਤ ਬੱਦ ਤੋਂ ਬਦਤਰ ਹੋ ਗਏ। ਧਾਰਾ 144 ਆਇਦ ਹੋਣ ਦੇ ਬਾਵਜੂਦ ਇਕ ਲੱਖ ਤੋਂ ਵੱਧ ਡੇਰਾ ਸਮਰਥਕਾਂ ਦੇ ਪੰਚਕੂਲਾ ਵਿੱਚ ਇਕੱਠੇ ਹੋਣ ਤੋਂ ਸਾਫ਼ ਸੀ ਕਿ ਇਸ ਦਾ ਅੰਤ ਹਿੰਸਾ ਦੇ ਰੂਪ ਵਿਚ ਹੋਵੇਗਾ। ਅਸਲ ਵਿੱਚ ਰਾਜ ਤੇ ਕੇਂਦਰੀ ਖੁਫੀਆ ਏਜੰਸੀਆਂ ਹਾਲਾਤ ਦੀ ਸੰਜੀਦਗੀ ਦਾ ਅਨੁਮਾਨ ਲਾਉਣ ਵਿੱਚ ਖੁੰਝ ਗਈਆਂ ਤੇ ਨਾ ਹੀ ਉਨ੍ਹਾਂ ਰਾਜ ਸਰਕਾਰ ਦੀ ਲੀਡਰਸ਼ਿਪ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਇਆ। ਇਸ ਦਾ ਨਤੀਜਾ ਇਹ ਹੋਇਆ ਕਿ ਡੇਰਾ ਮੁਖੀ ਖ਼ਿਲਾਫ਼ ਫ਼ੈਸਲੇ ਮਗਰੋਂ ਸਥਿਤੀ ਹੱਥੋਂ ਬਾਹਰੀ ਹੋ ਗਈ।
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵੱਲੋਂ ਸਾਂਝਾ ਕੰਟਰੋਲ ਰੂਮ ਬਣਾਉਣ ਦੇ ਬਾਵਜੂਦ ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਦੀ ਘਾਟ ਦੇ ਚਲਦਿਆਂ ਡੇਰਾ ਸਮਰਥਕਾਂ ਦਾ ਵੱਡਾ ਹਜੂਮ ਡੇਰਾ ਮੁਖੀ ਖ਼ਿਲਾਫ਼ ਫੈਸਲੇ ਤੋਂ ਬਾਅਦ ਹਿੰਸਕ ਹੋ ਗਿਆ। ਮੁੱਖ ਮੰਤਰੀ ਤੇ ਉਨ੍ਹਾਂ ਦੀ ਕੈਬਨਿਟ ਵਿਚਲੇ ਕੁਝ ਮੰਤਰੀ ਚੰਡੀਗੜ੍ਹ ਵਿੱਚ ਮੌਜੂਦ ਹੋਣ ਦੇ ਬਾਵਜੂਦ ਪੰਚਕੂਲਾ ਜਾ ਕੇ ਪੁਲੀਸ ਬਲਾਂ ਦਾ ਹੌਸਲਾ ਵਧਾਉਣਾ ਵਿੱਚ ਵੀ ਫਾਡੀ ਰਹੇ।
ਇਸ ਦੌਰਾਨ ਹਰਿਆਣਾ ਵਿਧਾਨ ਸਭਾ ਵਿੱਚ ਕਾਂਗਰਸ ਦੀ ਆਗੂ ਕਿਰਨ ਚੌਧਰੀ ਨੇ ਕਿਹਾ ਕਿ ਖੱਟਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਲੋਕਾਂ ਨੂੰ ਗੁੰਡਿਆਂ ਦੇ ਰਹਿਮੋ ਕਰਮ ‘ਤੇ ਛੱਡ ਦਿੱਤਾ ਹੈ। ਉਧਰ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਨੇ ਕਿਹਾ ਹਰਿਆਣਾ ਸੜਦਾ ਰਿਹਾ ਤੇ ਸਰਕਾਰ ਮੂਕ ਦਰਸ਼ਕ ਬਣੀ ਰਹੀ।
‘ਰਾਮ ਰਹੀਮ’ ਨੇ ਕੀਤੀ ਖੱਟਰ ਦੀ ਕੁਰਸੀ ਡਾਵਾਂਡੋਲ
ਚੰਡੀਗੜ੍ਹ : ਡੇਰਾ ਪ੍ਰੇਮੀਆਂ ਨਾਲ ਨਿਪਟਣ ਵਿੱਚ ਨਖਿੱਧ ਸਿੱਧ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕੁਰਸੀ ਜਾਣੀ ਤੈਅ ਹੈ। ਪੰਚਕੂਲਾ ਵਿੱਚ ਵਾਪਰੀਆਂ ਘਟਨਾਵਾਂ ਤੋਂ ਕੇਂਦਰ ਸਰਕਾਰ, ਭਾਜਪਾ ਅਤੇ ਆਰਐੱਸਐੱਸ ਮੁੱਖ ਮੰਤਰੀ ਖੱਟਰ ਤੋਂ ਨਾਰਾਜ਼ ਹਨ। ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਨਾ ਰੱਖ ਸਕੀ ਹਰਿਆਣਾ ਸਰਕਾਰ ਦੀ ਅਸਫਲਤਾ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ। ਕਿਸੇ ਵੇਲੇ ਵੀ ਖੱਟਰ ਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਦਿੱਲੀ ਵਿੱਚ ਭਾਜਪਾ ਦੇ ਅੰਦਰੂਨੀ ਸੂਤਰਾਂ ਦੇ ਅਨੁਸਾਰ ਕੇਂਦਰੀ ਲੀਡਰਸ਼ਿਪ ਅੱਗੇ ਖੱਟਰ ਖੱਟਾ ਪੈ ਗਿਆ ਹੈ। ਇਸ ਤੋਂ ਪਹਿਲਾਂ 2016 ਵਿੱਚ ਸੂਬੇ ਵਿੱਚ ਜਾਟ ਅੰਦੋਲਨ ਦੌਰਾਨ ਹਰਿਆਣਾ ਦੇ 8 ਤੋਂ ਵੱਧ ਸ਼ਹਿਰਾਂ, ਜਿਨ੍ਹਾਂ ਵਿੱਚ ਰੋਹਤਕ ਪ੍ਰਮੁੱਖ ਸੀ, ਵਿੱਚ ਲੁੱਟਮਾਰ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁੱਪ ਸਾਧ ਰੱਖੀ ਸੀ। ਹੁਣ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ, ‘ਮੈਨੂੰ ਇਸ ਨਾਲ ਠੇਸ ਪੁੱਜੀ ਹੈ।’ ਮੁੱਖ ਮੰਤਰੀ ਖੱਟਰ ਲਗਾਤਾਰ ਚੌਥੀ ਵਾਰ ਫੇਲ੍ਹ ਹੋਏ ਹਨ। ਪੰਚਕੂਲਾ ਕਾਂਡ ਬਾਅਦ ਸੂਬੇ ਦੇ ਗ੍ਰਹਿ ਸਕੱਤਰ ਰਾਮ ਨਿਵਾਸ, ਪੁਲੀਸ ਮੁਖੀਬੀ ਐੱਸ ਸੰਧੂ ਕਈ ਹੋਰ ਵੱਡੇ ਅਧਿਕਾਰੀ ਸਰਕਾਰ ਦੇ ਨਜ਼ਲੇ ਦਾ ਸ਼ਿਕਾਰ ਬਣ ਸਕਦੇ ਹਨ। ਹਰਿਆਣਾ ਦੇ ਇਤਿਹਾਸ ਵਿੱਚ ਲੰਬੇ ਸਮੇਂ ਬਾਅਦ ਅਜਿਹਾ ਵਾਪਰਿਆ ਹੈ ਕਿ ਦੋ ਸਾਲਾਂ ਵਿੱਚ ਦੋ ਵਾਰ ਸੈਨਾ ਨੂੰ ਬੁਲਾਉਣਾ   ਪਿਆ ਹੈ।