ਭਾਰਤ ਸਰਕਾਰ ਦੀ ਵੱਟਸਐਪ ਸੰਦੇਸ਼ ਦਾ ਸਰੋਤ ਜਾਣਨ ਦੀ ਮੰਗ ਖ਼ਾਰਜ

ਭਾਰਤ ਸਰਕਾਰ ਦੀ ਵੱਟਸਐਪ ਸੰਦੇਸ਼ ਦਾ ਸਰੋਤ ਜਾਣਨ ਦੀ ਮੰਗ ਖ਼ਾਰਜ

ਨਵੀਂ ਦਿੱਲੀ/ਬਿਊਰੋ ਨਿਊਜ਼ :
ਮੋਦੀ ਸਰਕਾਰ ਦਾ ਸੋਸ਼ਲ ਮੀਡੀਆ ਨੂੰ ਕਥਿਤ ਤੌਰ ‘ਤੇ ਕਾਬੂ ਕਰਨ ਦਾ ਦਾਅ ਨਹੀਂ ਵੱਜ ਰਿਹਾ ਜਾਪਦਾ। ਵੱਟਸਐਪ ਨੇ ਕਿਸੇ ਵੀ ਸੰਦੇਸ਼ ਦੇ ਮੂਲ ਸਰੋਤ ਦਾ ਪਤਾ ਲਗਾਉਣ ਲਈ ਸਾਫ਼ਟਵੇਅਰ ਤਿਆਰ ਕਰਨ ਸਬੰਧੀ ਭਾਰਤ ਦੀ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਸੰਦੇਸ਼ ਭੇਜਣ ਵਾਲੇ ਦੀ ਨਿੱਜਤਾ ‘ਤੇ ਮਾੜਾ ਪ੍ਰਭਾਵ ਪਵੇਗਾ ਅਤੇ ਇਸ ਤਰ੍ਹਾਂ ਕਰਨ ਨਾਲ ਇਸ ਦੀ ਦੁਰਵਰਤੋਂ ਦੀ ਹੋਰ ਸੰਭਾਵਨਾ ਪੈਦਾ ਹੋਵੇਗੀ।
ਬੁਲਾਰੇ ਨੇ ਕਿਹਾ, ”ਸਾਡਾ ਧਿਆਨ ਭਾਰਤ ਵਿਚ ਦੂਜਿਆਂ ਨਾਲ ਮਿਲ ਕੇ ਕੰਮ ਕਰਨਾ ਅਤੇ ਲੋਕਾਂ ਨੂੰ ਗਲਤ ਸੂਚਨਾਵਾਂ ਬਾਰੇ ਸਿੱਖਿਅਤ ਕਰਨ ‘ਤੇ ਹੈ। ਇਸ ਜ਼ਰੀਏ ਅਸੀਂ ਲੋਕਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਾਂ। ਕੰਪਨੀ ਦਾ ਕਹਿਣਾ ਹੈ ਕਿ ਇਸ ਪਲੇਟਫਾਰਮ ਨੂੰ ਲੋਕ ਹਰ ਤਰ੍ਹਾਂ ਦੇ ਸੰਵੇਦਨਸ਼ੀਲ ਸੰਵਾਦ ਲਈ ਵਰਤਦੇ ਹਨ। ਸਰਕਾਰ ਦਾ ਉਦੇਸ਼ ਵੱਟਸਐਪ ਤੋਂ ਮੂਲ ਸੰਦੇਸ਼ ਦੀ ਜਾਣਕਾਰੀ ਲੈਣਾ ਸੀ ਜਿਸ ਤਹਿਤ ਗਲਤ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਭੜਕਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਪਰਾਧ ਕਰਨ ਲਈ ਉਕਸਾਇਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਸ ਤਹਿਤ ਫਰਜ਼ੀ ਸੂਚਨਾਵਾਂ ਤੋਂ ਦੇਸ਼ ਵਿੱਚ ਭੀੜ ਵੱਲੋਂ ਕੀਤੀ ਕੁੱਟਮਾਰ ਕਾਰਨ ਹੱਤਿਆਵਾਂ ਦੀਆਂ ਘਟਨਾਵਾਂ ਵਾਪਰੀਆਂ ਹਨ। ਵੱਟਸਐਪ ਦੇ ਮੁਖੀ ਕ੍ਰਿਸ ਡੇਨੀਅਲਜ਼ ਇਸ ਹਫਤੇ ਸੂਚਨਾ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਮਿਲੇ ਸੀ। ਪ੍ਰਸਾਦ ਨੇ ਪ੍ਰੈਸ ਨੂੰ ਕਿਹਾ ਸੀ ਕਿ ਸਰਕਾਰ ਨੇ ਵੱਟਸਐਪ ਨੂੰ ਸਥਾਨਕ ਕਾਰਪੋਰੇਟ ਇਕਾਈ ਬਣਾਉਣ ਅਤੇ ਜਾਅਲੀ ਸੰਦੇਸ਼ ਦੇ ਮੂਲ ਸਰੋਤ ਦਾ ਪਤਾ ਲਗਾਉਣ ਲਈ ਸਾਫ਼ਟਵੇਅਰ ਵਿਕਸਤ ਕਰਨ ਲਈ ਕਿਹਾ ਹੈ।