ਆਰਐਸਐਸ ਦਾ ‘ਹੀਰੋ’ ਮੇਜਰ ਗੋਗੋਈ ‘ਬਦਕਾਰੀ’ ਦੇ ਮਾਮਲੇ ਵਿਚ ਫਸਿਆ

ਆਰਐਸਐਸ ਦਾ ‘ਹੀਰੋ’ ਮੇਜਰ ਗੋਗੋਈ ‘ਬਦਕਾਰੀ’ ਦੇ ਮਾਮਲੇ ਵਿਚ ਫਸਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਦੇ ਕੱਟੜਵਾਦੀ ਹਿੰਦੂਆਂ ਦਾ ਚਹੇਤਾ ਫੌਜੀ ਅਫਸਰ ‘ਬਦਕਾਰੀ’ ਦੇ ਮਾਮਲੇ ‘ਚ ਕਾਨੂੰਨੀ ਚੱਕਰ ਵਿਚ ਫਸ ਗਿਆ ਹੈ। ਜੰਮੂ-ਕਸ਼ਮੀਰ ਵਿਚ ਪੱਥਰਬਾਜ਼ਾਂ ਤੋਂ ਬਚਣ ਲਈ ਇਕ ਨੌਜਵਾਨ ਨੂੰ ਫ਼ੌਜੀ ਜੀਪ ਅੱਗੇ ਮਨੁੱਖੀ ਢਾਲ ਵਜੋਂ ਬੰਨ੍ਹਣ ਕਾਰਨ ਚਰਚਾ ਵਿੱਚ ਆਏ ਥਲ ਸੈਨਾ ਦੇ ਮੇਜਰ ਲੀਤੁਲ ਗੋਗੋਈ ਖ਼ਿਲਾਫ਼ ਅਨੁਸ਼ਾਸਨੀ ਕਰਵਾਈ ਦਾ ਰਾਹ ਸਾਫ਼ ਹੋ ਗਿਆ ਹੈ। ਫ਼ੌਜ ਦੇ ਅਧਿਕਾਰੀਆਂ ਮੁਤਾਬਕ ਉਸ ਨੂੰ ਇਕ ਫ਼ੌਜੀ ਅਦਾਲਤ ਨੇ ਇਕ ਔਰਤ ਨਾਲ ‘ਨੇੜਤਾ ਕਾਇਮ ਕਰਨ’ ਦਾ ਦੋਸ਼ੀ ਕਰਾਰ ਦਿੱਤਾ ਹੈ। ਬ੍ਰਿਗੇਡੀਅਰ ਰੈਂਕ ਦੇ ਇਕ ਅਧਿਕਾਰੀ ਦੀ ਅਗਵਾਈ ਵਾਲੀ ਕੋਰਟ ਆਫ਼ ਇਨਕੁਆਰੀ ਨੇ ਆਪਣੀ ਰਿਪੋਰਟ ਇਸੇ ਮਹੀਨੇ ਦਾਖ਼ਲ ਕਰਵਾ ਦਿੱਤੀ ਸੀ, ਜਿਸ ਵਿੱਚ ਮੇਜਰ ਗੋਗੋਈ ਨੂੰ ਇਕ ਮੁਕਾਮੀ ਔਰਤ ਨਾਲ ‘ਨੇੜਤਾ ਕਾਇਮ ਕਰਨ’ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ, ਹਾਲਾਂਕਿ ਵਾਦੀ ਵਿੱਚ ਤਾਇਨਾਤ ਫ਼ੌਜੀ ਅਧਿਕਾਰੀਆਂ ਨੂੰ ਅਜਿਹਾ ਨਾ ਕਰਨ ਦੇ ਹੁਕਮ ਹਨ। ਫ਼ੌਜੀ ਅਧਿਕਾਰੀ ਆਪਣੇ ਸੇਵਾ ਨਿਯਮਾਂ ਤਹਿਤ ਜੰਮੂ-ਕਸ਼ਮੀਰ ਵਰਗੇ ਅਪਰੇਸ਼ਨਲ ਇਲਾਕੇ ਵਿਚ ਬਿਨਾਂ ਇਜਾਜ਼ਤ ‘ਆਪਣੀ ਡਿਊਟੀ ਵਾਲੀ ਥਾਂ ਤੋਂ ਦੂਰ ਵੀ ਨਹੀਂ’ ਜਾ ਸਕਦੇ।
ਮੇਜਰ ਗੋਗੋਈ ਨੂੰ ਬੀਤੀ 23 ਮਈ ਨੂੰ ਇਕ 18 ਸਾਲਾ ਮੁਕਾਮੀ ਮੁਟਿਆਰ ਨਾਲ ਸ੍ਰੀਨਗਰ ਦੇ ਇਕ ਹੋਟਲ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਉਸ ਨੂੰ ਕੁਝ ਸਮੇਂ ਲਈ ਆਪਣੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਫ਼ੌਜ ਹਵਾਲੇ ਕਰ ਦਿੱਤਾ ਸੀ। ਅਧਿਕਾਰੀਆਂ ਮੁਤਾਬਕ ਉਸ ਨੂੰ ਇਸ ਮਾਮਲੇ ਵਿੱਚ ਸਖ਼ਤ ਸਜ਼ਾ ਦਿੱਤੀ ਜਾ ਸਕਦੀ ਹੈ, ਜਿਸ ਵਿੱਚ ਸੇਵਾ ਤੋਂ ਬਰਤਰਫ਼ੀ ਵੀ ਹੋ ਸਕਦੀ ਹੈ। ਉਸ ਵੱਲੋਂ ਨੌਜਵਾਨ ਨੂੰ ਮਨੁੱਖੀ ਢਾਲ ਬਣਾਏ ਜਾਣ ਦੀ ਘਟਨਾ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਸਮੇਂ ਅਪਰੈਲ 2017 ਵਿੱਚ ਵਾਪਰੀ ਸੀ।