ਬਹਾਦਰਗੜ੍ਹ ਸਥਿਤ ਗੁਰਦੁਆਰੇ ਦੇ ਲਾਂਘੇ ਲਈ ਕੇਂਦਰੀ ਟੀਮ ਨੇ ਹਾਮੀ ਭਰੀ

ਬਹਾਦਰਗੜ੍ਹ ਸਥਿਤ ਗੁਰਦੁਆਰੇ ਦੇ ਲਾਂਘੇ ਲਈ ਕੇਂਦਰੀ ਟੀਮ ਨੇ ਹਾਮੀ ਭਰੀ

ਕੈਪਸ਼ਨ- ਕੇਂਦਰੀ ਟੀਮ ਨਾਲ ਗੱਲਬਾਤ ਕਰਦੇ ਹੋਏ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ।
ਪਟਿਆਲਾ/ਬਿਊਰੋ ਨਿਊਜ਼ :
ਬਹਾਦਰਗੜ੍ਹ ਸਥਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਸਾਹਮਣੇ ਬਣ ਰਹੇ ਓਵਰਬ੍ਰਿਜ ਹੇਠੋਂ ਲਾਂਘਾ ਰਖਾਉਣ ਦੇ ਯਤਨਾਂ ਨੂੰ ਬੂਰ ਪੈਣ ਲੱਗਿਆ ਹੈ। ਓਵਰਬ੍ਰਿਜ ਦਾ ਜਾਇਜ਼ਾ ਲੈਣ ਪੁੱਜੀ ਕੇਂਦਰੀ ਟੀਮ ਨੇ 40 ਫੁੱਟ ਚੌੜਾ ਅਤੇ 11 ਫੁੱਟ ਉੱਚਾ ਲਾਂਘਾ ਛੱਡਣ ਲਈ ਹਾਮੀ ਭਰ ਦਿੱਤੀ ਹੈ। ਉਂਜ ਇਸ ਬਾਰੇ ਅੰਤਿਮ ਫ਼ੈਸਲਾ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਲਿਆ ਜਾਣਾ ਹੈ।
ਸੜਕੀ ਆਵਾਜਾਈ ਤੇ ਸ਼ਾਹਰਾਹਾਂ ਬਾਰੇ ਮੰਤਰਾਲੇ ਦੇ ਚੀਫ਼ ਇੰਜਨੀਅਰ ਏ.ਕੇ.ਨਾਗਪਾਲ ਦੀ ਅਗਵਾਈ ਹੇਠ ਇੱਥੇ ਪੁੱਜੇ ਮੰਤਰਾਲੇ ਦੇ ਰਿਜਨਲ ਅਫ਼ਸਰ ਅਦਿੱਤਿਆ ਪ੍ਰਕਾਸ਼, ਪੀਡਬਲਿਊਡੀ ਪੰਜਾਬ ਦੇ ਚੀਫ਼ ਇੰਜਨੀਅਰ ਏ.ਕੇ. ਸਿੰਗਲਾ, ਐਸਈ ਟੀ.ਐੱਸ. ਚਹਿਲ, ਪਟਿਆਲਾ ਤੋਂ ਐਕਸੀਅਨ ਵਿਪਨ ਬਾਂਸਲ ਤੇ ਟੀਮ ਲੀਡਰ ਕੇ.ਵੀ. ਨਾਰੰਗ ਨੇ ਓਵਰਬ੍ਰਿਜ ਦਾ ਜਾਇਜ਼ਾ ਲਿਆ ਤੇ ਰਿਪੋਰਟ ਤਿਆਰ ਕੀਤੀ। ਇਹ ਰਿਪੋਰਟ ਸ੍ਰੀ ਗਡਕਰੀ ਨੂੰ ਸੌਂਪੀ ਜਾਵੇਗੀ।
ਇਸ ਮੌਕੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਆਦਿ ਨੇ ਟੀਮ ਦਾ ਸਨਮਾਨ ਕੀਤਾ ਅਤੇ ਟੀਮ ਵੱਲੋਂ ਲਾਂਘੇ ਲਈ ਹਾਮੀ ਭਰਨ ਦੀ ਪੁਸ਼ਟੀ ਕੀਤੀ।ਜ਼ਿਕਰਯੋਗ ਹੈ ਕਿ ਰਾਜਪੁਰਾ-ਪਟਿਆਲਾ ਸੜਕ ‘ਤੇ ਬਹਾਦਰਗੜ੍ਹ ਵਿਖੇ ਬਣ ਰਹੇ ਓਵਰਬ੍ਰਿਜ ਤੋਂ ਗੁਰਦੁਆਰੇ ਲਈ ਲਾਂਘਾ ਰੱਖਣ ਦੀ ਮੰਗ ਕੀਤੀ ਜਾ ਰਹੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਵੀ ਇਹ ਮੁੱਦਾ ਉਠਾ ਚੁੱਕੇ ਹਨ ਤੇ ਵਿਧਾਇਕ ਚੰਦੂਮਾਜਰਾ ਵੱਲੋਂ ਵੀ ਸ੍ਰੀ ਗਡਕਰੀ ਨਾਲ ਮੁਲਾਕਾਤ ਕੀਤੀ ਜਾ ਚੁੱਕੀ ਹੈ।