ਬਾਰੂਦ ਬਰਾਮਦਗੀ ਮਾਮਲੇ ਵਿਚ ਭਾਈ ਹਰਮਿੰਦਰ ਸਿੰਘ ਬਰੀ

ਬਾਰੂਦ ਬਰਾਮਦਗੀ ਮਾਮਲੇ ਵਿਚ ਭਾਈ ਹਰਮਿੰਦਰ ਸਿੰਘ ਬਰੀ

ਲੁਧਿਆਣਾ/ਬਿਊਰੋ ਨਿਊਜ਼ :
ਸਥਾਨਕ ਅਦਾਲਤ ਨੇ ਬਰੂਦ ਬਰਾਮਦਗੀ ਦੇ ਮਾਮਲੇ ਵਿਚ ਖਾੜਕੂ ਭਾਈ ਹਰਮਿੰਦਰ ਸਿੰਘ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਬਾਰੂਦ ਬਰਾਮਦਗੀ ਦੇ ਮਾਮਲੇ ਵਿਚ ਪੁਲੀਸ ਨੇ 29 ਜੁਲਾਈ 2009 ਨੂੰ ਭਾਈ ਹਰਮਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲੀਸ ਵੱਲੋਂ ਉਸ ਪਾਸੋਂ ਬਾਰੂਦ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਭਾਈ ਹਰਮਿੰਦਰ ਸਿੰਘ ਨੂੰ ਅਦਾਲਤ ਨੇ ਸਾਲ 2010 ਵਿਚ ਭਗੌੜਾ ਕਰਾਰ ਦਿੱਤਾ ਸੀ ਪਰ ਉਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਸਾਲ 2015 ਵਿਚ ਭਾਈ ਹਰਮਿੰਦਰ ਸਿੰਘ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਜੱਜ ਮੈਡਮ ਅੰਜਨਾ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਭਾਈ ਹਰਮਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਵਿਚ ਭਾਈ ਹਰਮਿੰਦਰ ਸਿੰਘ ਦੇ ਕੇਸ ਦੀ ਪੈਰਵੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕੀਤੀ। ਪਿਛਲੀ ਪੇਸ਼ੀ ਦੌਰਾਨ ਅਦਾਲਤ ਵਿਚ ਸਰਕਾਰੀ ਪੱਖ ਤੇ ਐਡਵੋਕੇਟ ਮੰਝਪੁਰ ਵਿਚਾਲੇ ਜ਼ੋਰਦਾਰ ਬਹਿਸ ਹੋਈ ਸੀ ਅਤੇ ਦੋਵਾਂ ਧਿਰਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ ਸਨ। ਜੱਜ ਨੇ ਐਡਵੋਕੇਟ ਮੰਝਪੁਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਭਾਈ ਹਰਮਿੰਦਰ ਸਿੰਘ ਨੂੰ ਬਰੀ ਕਰ ਦਿੱਤਾ।