‘ਆਪ’ ਵਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ‘ਵੱਖਰਾ ਸੈਸ਼ਨ’

‘ਆਪ’ ਵਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ‘ਵੱਖਰਾ ਸੈਸ਼ਨ’
ਕੈਪਸ਼ਨ -ਪੰਜਾਬ ਵਿਧਾਨ ਸਭਾ ਦੇ ਬਾਹਰ ਵੱਖਰਾ ਸੈਸ਼ਨ ਚਲਾਉਂਦੇ ਹੋਏ ‘ਆਪ’ ਵਿਧਾਇਕ।

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਵਜੋਂ ਵੱਖਰਾ ਸੈਸ਼ਨ ਚਲਾਇਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਪੱਗਾਂ, ਦਲਿਤਾਂ ਅਤੇ ਔਰਤਾਂ ਦੀ ਬੇਇੱਜ਼ਤੀ ਕਰਨ ਬਦਲੇ ਮੁਆਫ਼ੀ ਮੰਗਣ ਲਈ ਕਿਹਾ।
ਪੰਜਾਬ ਵਿਧਾਨ ਸਭਾ ‘ਚ ਬੀਤੇ ਦਿਨ ਵਾਪਰੀਆਂ ਘਟਨਾਵਾਂ ਦੇ ਵਿਰੋਧ ‘ਚ ਵਾਕਆਊਟ ਕਰਨ ਪਿੱਛੋਂ ਆਪ ਵਿਧਾਇਕਾਂ ਨੇ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਵੱਖਰਾ ਸੈਸ਼ਨ ਲਾਇਆ ਤੇ ਖਰੜ ਦੇ ਵਿਧਾਇਕ ਕੰਵਰ ਸੰਧੂ ਨੂੰ ਸਪੀਕਰ ਦੀ ਜ਼ਿੰਮੇਵਾਰੀ ਸੌਂਪੀ ਗਈ। ਮੁੱਖ ਮੰਤਰੀ ਅਵਤਾਰ ਸਿੰਘ ਸੰਧਵਾਂ ਨੂੰ ਬਣਾਇਆ ਗਿਆ। ‘ਆਪ’ ਨੇ ਇਕ ਮਤੇ ਰਾਹੀਂ ਕਾਂਗਰਸ ਵਿਧਾਇਕਾਂ ਅਤੇ ਮੁੱਖ ਮੰਤਰੀ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਨ੍ਹਾਂ ਪੱਗ ਦੀ ਬੇਅਦਬੀ ਹੋਣ ਦੇ ਬਾਵਜੂਦ ਸਦਨ ਦੀ ਕਾਰਵਾਈ ਚਲਾਈ। ਵਿਰੋਧੀ ਧਿਰ ਦੇ ਆਗੂ ਐਚਐਸ ਫੂਲਕਾ ਨੇ ਕਿਹਾ ਕਿ ‘ਆਪ’ ਵਿਧਾਇਕ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਏ ਘਪਲਿਆਂ ਦੇ ਮਾਮਲੇ, ਕਾਂਗਰਸ ਸਰਕਾਰ ਵਲੋਂ ਕਾਰਵਾਈ ਨਾ ਕੀਤੇ ਜਾਣ ਅਤੇ ਵਾਅਦੇ ਪੂਰੇ ਨਾ ਕਰਨ ਦੇ ਮੁੱਦਿਆਂ ਨੂੰ ਉਭਾਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਮੁੱਦੇ ਉਠਾਉਣ ਦਾ ਮੌਕਾ ਨਹੀਂ ਦਿੱਤਾ ਗਿਆ। ‘ਆਪ’ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਤੋਂ ਬਰਾਬਰੀ ਦੀ ਦੂਰੀ ਬਣਾ ਚੱਲੇਗੀ। ਉਨ੍ਹਾਂ ਰੇਤ ਮਾਫੀਏ ਦੇ ਮੁੱਦੇ ਨੂੰ ਉਭਾਰਿਆ। ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਦੇ ਹਲਕੇ ਵਿਚ ਪੈਂਦੇ ਪਿੰਡ ਠੱਠੇਵਾਲਾ ਦੇ ਕਿਸਾਨ ਬੂਟਾ ਸਿੰਘ ਦੀ ਇਕ ਕਿੱਲਾ ਤੇ ਸਵਾ ਕਨਾਲ ਜ਼ਮੀਨ 19 ਜੂਨ ਨੂੰ ਕੁਰਕ ਕੀਤੀ ਗਈ ਹੈ।
ਵੱਖਰੇ ਸੈਸ਼ਨ ਨੂੰ ਵਿਧਾਇਕ ਦਲ ਦੇ ਡਿਪਟੀ ਆਗੂ ਅਮਨ ਅਰੋੜਾ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜੈ ਕਿਸ਼ਨ ਸਿੰਘ ਰੋੜੀ, ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਸਮੇਤ ਕਈ ਹੋਰਾਂ ਨੇ ਸੰਬੋਧਨ ਕੀਤਾ। ਸੈਸ਼ਨ ਤੋਂ ਪਹਿਲਾਂ ‘ਆਪ’ ਵਿਧਾਇਕ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਵਿਧਾਨ ਸਭਾ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ।
ਸੈਸ਼ਨ ਵਾਲੀ ਥਾਂ ‘ਤੇ ਰੰਗ ਬਿਰੰਗੇ ਕੁਝ ਪੋਸਟਰ ਲਾਏ ਹੋਏ ਸਨ ਜਿਹੜੇ ਰੇਤ ਮਾਫੀਆ ਤੇ ਹੋਰ ਨੀਤੀਆਂ ਨੂੰ ਬਿਆਨ ਕਰਦੇ ਸਨ। ਇਕ ਪੋਸਟਰ ‘ਤੇ ਲਿਖਿਆ ਹੋਇਆ ਸੀ ਕਿ ਕਾਂਗਰਸ ਮਾਫੀਏ ਨੇ ਕੀਤਾ ‘ਬਾਦਲਾਂ ਦੀ ਹੱਟੀ’ ‘ਤੇ ਕਬਜ਼ਾ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਦੇ ਪੋਸਟਰ ‘ਤੇ ਲਿਖਿਆ ਹੋਇਆ ਸੀ ‘ਹੁਣ ਮੇਰਾ ਜਵਾਈ ਕਰੇਗਾ ਰੇਤ ਮਾਫੀਏ ਦਾ ਕੰਮ’। ਇਕ ਹੋਰ ਪੋਸਟਰ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਭਰੋਸਾ ਦੇ ਰਹੇ ਹਨ ‘ਮੇਰੇ ਹੁੰਦੇ ਹੋਏ ਰਾਣਾ ਤੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ’।