ਵਿਸ਼ੇਸ਼ ਜਾਂਚ ਟੀਮ ਵਲੋਂ ਬੱਬਰ ਖ਼ਾਲਸਾ ਦਾ ਮੱਖਣ ਸਿੰਘ ਅਫ਼ੀਮ ਸਮੇਤ ਕਾਬੂ ਕਰਨ ਦਾ ਦਾਅਵਾ

ਵਿਸ਼ੇਸ਼ ਜਾਂਚ ਟੀਮ ਵਲੋਂ ਬੱਬਰ ਖ਼ਾਲਸਾ ਦਾ ਮੱਖਣ ਸਿੰਘ ਅਫ਼ੀਮ ਸਮੇਤ ਕਾਬੂ ਕਰਨ ਦਾ ਦਾਅਵਾ
ਕੈਪਸ਼ਨ – ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਂਦੀ ਪੁਲੀਸ।

ਹੁਸ਼ਿਆਰਪੁਰ/ਬਿਊਰੋ ਨਿਊਜ਼ :
ਸਪੈਸ਼ਲ ਟਾਸਕ ਫੋਰਸ ਅਤੇ ਸੀ.ਆਈ.ਏ. ਸਟਾਫ਼ ਦੀ ਸਾਂਝੀ ਟੀਮ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਾਂ ਦੇ ਦੋਸ਼ ਹੇਠ ਮੱਖਣ ਸਿੰਘ ਅਤੇ ਉਸ ਦੇ ਇੱਕ ਸਾਥੀ ਨੂੰ ਤਿੰਨ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ।
ਸੀਨੀਅਰ ਪੁਲੀਸ ਕਪਤਾਨ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ ਦੇ ਡੀ.ਐਸ.ਪੀ. ਸਰਬਜੀਤ ਸਿੰਘ ਅਤੇ ਸੀ.ਆਈ.ਏ. ਸਟਾਫ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ‘ਚ ਪੁਲੀਸ ਪਾਰਟੀ ਨੇ ਪਿੰਡ ਨੂਰਪੁਰ ਜੱਟਾਂ ਕੋਲ ਲਾਏ ਨਾਕੇ ਦੌਰਾਨ ਟਾਟਾ ਏਸ ਗੱਡੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਗੱਡੀ ਵਿੱਚ ਸਵਾਰ ਮੱਖਣ ਸਿੰਘ ਵਾਸੀ ਨੂਰਪੁਰ ਜੱਟਾਂ ਅਤੇ ਜੋਗਿੰਦਰ ਨਾਥ ਵਾਸੀ ਮਾਨਾਂਵਾਲੀ, ਕਪੂਰਥਲਾ ਤੋਂ ਤਿੰਨ ਕਿਲੋ ਅਫੀਮ ਬਰਾਮਦ ਹੋਈ। ਉਨ੍ਹਾਂਂ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਮੱਖਣ ਸਿੰਘ ਇਸੇ ਸਾਲ ਫਰਵਰੀ ਵਿੱਚ ਅਸਲਾ ਐਕਟ ਤਹਿਤ ਹੋਈ ਸਜ਼ਾ ਪੂਰੀ ਕਰ ਕੇ ਨਾਭਾ ਜੇਲ੍ਹ ਤੋਂ ਰਿਹਾਅ ਹੋਇਆ ਸੀ। ਉਨ੍ਹਾਂਂ ਦੱਸਿਆ ਕਿ ਪੁਲੀਸ ਰਿਕਾਰਡ ਮੁਤਾਬਕ ਮੱਖਣ ਸਿੰਘ 2007 ਤੋਂ 2010 ਤੱਕ ਪਾਕਿਸਤਾਨ ਰਿਹਾ ਅਤੇ ਉਥੇ ਉਸ ਨੇ ਕਥਿਤ ਤੌਰ ‘ਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਤੋਂ ਹਥਿਆਰਾਂ ਦੀ ਸਿਖਲਾਈ ਲਈ।